You’re viewing a text-only version of this website that uses less data. View the main version of the website including all images and videos.
ਕੀ ਮੁੜ ਤੋਂ ਉਗਾਏ ਜਾ ਸਕਦੇ ਹਨ ਦੰਦ? ਜਾਣੋ ਛੇਤੀ ਦੰਦ ਗਵਾ ਲੈਣ ਕਰਕੇ ਕਿਹੜੇ ਸਿਹਤ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
- ਲੇਖਕ, ਸਾਰਾਹ ਸਲੋਟ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 10 ਮਿੰਟ
ਦੰਦ ਸਾਡੀ ਸਿਹਤ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ।
ਅੱਜ ਦੰਦ ਟੁੱਟਣ ਜਾਂ ਖ਼ਰਾਬ ਹੋਣ ਤੋਂ ਬਾਅਦ ਕੀਤੇ ਜਾਣ ਵਾਲੇ ਇਲਾਜ ਸਿਰਫ਼ ਅਸਥਾਈ ਹੱਲ ਹਨ ਅਤੇ ਇਨ੍ਹਾਂ ਦੀਆਂ ਆਪਣੀਆਂ ਕਮੀਆਂ ਹਨ। ਕੀ ਹੋਵੇ ਜੇਕਰ ਅਸੀਂ ਆਪਣੇ ਦੰਦਾਂ ਨੂੰ ਮੁੜ ਉਗਾ ਸਕੀਏ?
ਕੁਝ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ 70 ਫੀਸਦੀ ਤੋਂ ਵੱਧ ਬਾਲਗ ਲੋਕ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਡਰਦੇ ਹਨ। ਉਨ੍ਹਾਂ ਦੀ ਚਿੰਤਾ ਅਤੇ ਫਿਲਿੰਗਾਂ ਅਤੇ ਡ੍ਰਿਲਿੰਗ ਪ੍ਰਤੀ ਬੇਭਰੋਸੀ ਉਨ੍ਹਾਂ ਨੂੰ ਨਿਯਮਿਤ ਸਫਾਈ ਅਤੇ ਦੇਖਭਾਲ ਤੋਂ ਦੂਰ ਰੱਖਦੀ ਹੈ।
ਫਿਰ ਵੀ, ਲਗਭਗ ਹਰ ਦਿਨ ਬਾਇਓਕੈਮਿਸਟ ਹਨੇਲੇ ਰੁਹੋਲਾ-ਬੇਕਰ ਨੂੰ ਕਿਸੇ ਨਾ ਕਿਸੇ ਵਿਅਕਤੀ ਵੱਲੋਂ ਇੱਕ ਈਮੇਲ ਆਉਂਦੀ ਹੈ, ਜਿਸ ਵਿੱਚ ਉਹ ਆਮ ਦੰਦਾਂ ਦੇ ਇਲਾਜ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਤੋਂ ਵੀ ਅੱਗੇ ਵਧ ਕੇ ਅਜੀਬੋ-ਗਰੀਬ ਦੰਦਾਂ ਦੇ ਪ੍ਰਯੋਗਾਂ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦੇ ਹਨ, ਉਹ ਚਾਹੁੰਦੇ ਹਨ ਕਿ ਉਹ ਉਨ੍ਹਾਂ ਦੇ ਦੰਦ ਦੁਬਾਰਾ ਉਗਾਉਣ ਵਿੱਚ ਮਦਦ ਕਰਨ।
ਇਸ ਦਾ ਕਾਰਨ ਇਹ ਹੈ ਕਿ ਰੁਹੋਲਾ-ਬੇਕਰ ਦੁਨੀਆ ਭਰ ਦੇ ਉਨ੍ਹਾਂ ਵਿਗਿਆਨੀਆਂ ਵਿੱਚੋਂ ਇੱਕ ਹਨ, ਜੋ ਪੁਨਰ-ਨਿਰਮਾਣ ਚਿਕਿਤਸਾ (ਰੀਜੈਨੇਰੇਟਿਵ ਮੈਡੀਸਿਨ) ਦੀ ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਲੱਖਾਂ ਲੋਕਾਂ ਲਈ ਰਵਾਇਤੀ ਦੰਦਾਂ ਦੇ ਇਲਾਜਾਂ ਦੀ ਥਾਂ ਨਵੇਂ ਹੱਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੇ ਦੰਦ ਗਵਾ ਲਏ ਹਨ ਜਾਂ ਜੋ ਦੰਦਾਂ ਦੇ ਦਰਦ ਨਾਲ ਜੂਝ ਰਹੇ ਹਨ।
ਜੇਕਰ ਉਨ੍ਹਾਂ ਦਾ ਸੁਪਨਾ ਹਕੀਕਤ ਬਣ ਜਾਂਦਾ ਹੈ, ਤਾਂ ਭਵਿੱਖ ਵਿੱਚ ਦੰਦਾਂ ਦੇ ਡਾਕਟਰ ਕੋਲ ਜਾਣ ਦਾ ਮਤਲਬ ਟੁੱਟੇ ਹੋਏ ਦੰਦਾਂ ਦੇ ਟਿਸ਼ੂ ਜਾਂ ਪੂਰੇ ਦੰਦ ਨੂੰ ਦੁਬਾਰਾ ਉਗਾਉਣਾ ਹੋ ਸਕਦਾ ਹੈ, ਨਾ ਕਿ ਸਿੰਥੈਟਿਕ ਸਮੱਗਰੀ ਨਾਲ ਉਸ ਦੀ ਮੁਰੰਮਤ ਕਰਨਾ ਜਾਂ ਉਸ ਨੂੰ ਕੱਢ ਦੇਣਾ।
ਇਹ ਵਿਚਾਰ ਸਿਰਫ਼ ਇਸ ਲਈ ਆਕਰਸ਼ਕ ਨਹੀਂ ਹੈ ਕਿ ਇਹ ਨਵਾਂ ਹੈ, ਸਗੋਂ ਇਸ ਲਈ ਵੀ ਹੈ ਕਿ ਦੰਦ ਸਿਹਤ ਅਤੇ ਤੰਦਰੁਸਤੀ ਵਿੱਚ ਉਸ ਤੋਂ ਵੱਧ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿੰਨੀ ਬਹੁਤ ਸਾਰੇ ਲੋਕ ਸਮਝ ਸਕਦੇ ਹਨ।
ਅਮਰੀਕਾ ਦੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਇੰਸਟੀਚਿਊਟ ਫਾਰ ਸਟੈਮ ਸੈਲ ਐਂਡ ਰੀਜਨਰੇਟਿਵ ਮੈਡੀਸਨ ਦੀ ਐਸੋਸੀਏਟ ਡਾਇਰੈਕਟਰ, ਰੁਹੋਲਾ-ਬੇਕਰ ਦਾ ਕਹਿਣਾ ਹੈ, "ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ, ਤਾਂ ਇੱਕ ਗੱਲ ਮੇਰੇ ਲਈ ਬਿਲਕੁਲ ਸਪੱਸ਼ਟ ਹੋ ਗਈ, ਲੋਕ ਦੰਦਾਂ ਦੇ ਇਲਾਜ ਵਿੱਚ ਕੁਝ ਨਵਾਂ ਚਾਹੁੰਦੇ ਹਨ।"
ਅਮਰੀਕਾ ਦੇ ਟਫਟਸ ਸਕੂਲ ਆਫ ਡੈਂਟਲ ਮੈਡੀਸਨ ਦੀ ਪ੍ਰੋਫੈਸਰ ਪਾਮੇਲਾ ਯੇਲਿਕ ਕਹਿੰਦੇ ਹਨ, "ਦੰਦ ਦੁਨੀਆ ਲਈ ਤੁਹਾਡੀ ਖਿੜਕੀ ਹਨ। ਜੇਕਰ ਤੁਸੀਂ ਆਪਣਾ ਮੂੰਹ ਖੋਲ੍ਹਣ ਤੋਂ ਡਰਦੇ ਹੋ ਜਾਂ ਠੀਕ ਤਰ੍ਹਾਂ ਖਾ ਨਹੀਂ ਸਕਦੇ, ਤਾਂ ਇਹ ਸਥਿਤੀ ਹੌਲੀ-ਹੌਲੀ ਹੋਰ ਖ਼ਰਾਬ ਹੁੰਦੀ ਜਾਂਦੀ ਹੈ।"
ਯੇਲਿਕ ਕਹਿੰਦੇ ਹਨ ਕਿ ਇਤਿਹਾਸਕ ਤੌਰ 'ਤੇ ਇਸ ਗੱਲ ਨੂੰ ਘੱਟ ਮਹੱਤਵ ਦਿੱਤਾ ਗਿਆ ਕਿ "ਮੂੰਹ ਦੀ ਸਿਹਤ ਸਰੀਰ ਦੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ।"
ਹੁਣ ਇਹ ਗੱਲ ਵੱਧ ਸਮਝੀ ਜਾ ਰਹੀ ਹੈ ਕਿ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਮਸੂੜਿਆਂ ਦੀ ਬਿਮਾਰੀ ਤੋਂ ਪੈਦਾ ਹੋਣ ਵਾਲੇ ਬੈਕਟੀਰੀਆ, ਦਿਲ ਦੀ ਬਿਮਾਰੀ ਅਤੇ ਸਾਹ ਨਾਲ ਜੁੜੀਆਂ ਇਨਫੈਕਸ਼ਨਾਂ ਦੇ ਖਤਰੇ ਨੂੰ ਵਧਾ ਸਕਦੇ ਹਨ। ਇਨ੍ਹਾਂ ਦਾ ਸਬੰਧ ਅਲਜ਼ਾਈਮਰ ਰੋਗ ਨਾਲ ਵੀ ਜੋੜਿਆ ਗਿਆ ਹੈ।
ਇਸੇ ਤਰ੍ਹਾਂ ਦੰਦਾਂ ਨੂੰ ਗਵਾਉਣਾ ਹੋਰ ਬਿਮਾਰੀਆਂ ਅਤੇ ਜਲਦੀ ਮੌਤ ਦੇ ਵੱਧ ਖ਼ਤਰੇ ਨਾਲ ਜੁੜਿਆ ਹੋਇਆ ਹੈ। ਇਸ ਨਾਲ ਖਾਣ, ਚੱਬਣ ਅਤੇ ਮੁਸਕਰਾਉਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਸਮਾਜਿਕ ਤੇ ਭਾਵਨਾਤਮਕ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਹ ਇੱਕ ਅਜਿਹਾ ਹੌਲੀ-ਹੌਲੀ ਵਧਣ ਵਾਲਾ ਚੱਕਰ ਹੈ ਜੋ ਬਚਪਨ ਤੋਂ ਹੀ ਸ਼ੁਰੂ ਹੋ ਸਕਦਾ ਹੈ।
ਦੰਦਾਂ ਦੇ ਡਾਕਟਰਾਂ ਕੋਲ ਸਮੱਸਿਆਵਾਂ ਨੂੰ ਘਟਾਉਣ ਲਈ ਕਈ ਤਰੀਕੇ ਹਨ। ਉਹ ਖ਼ਰਾਬ ਹਿੱਸੇ ਨੂੰ ਹਟਾ ਕੇ ਅਤੇ ਉਸ ਖਾਲ੍ਹੀ ਥਾਂ ਨੂੰ ਮਨੁੱਖ ਦੁਆਰਾ ਬਣਾਈ ਗਈ ਸਮੱਗਰੀ, ਜਿਵੇਂ ਰੇਜ਼ਿਨ ਕੰਪੋਜ਼ਿਟ, ਨਾਲ ਭਰ ਕੇ ਕੀੜੇ ਲੱਗੇ ਦੰਦਾਂ ਦੀ ਮੁਰੰਮਤ ਕਰ ਸਕਦੇ ਹਨ। ਉਹ ਛੋਟੇ ਟੁੱਟੇ ਹਿੱਸਿਆਂ ਅਤੇ ਤਰੇੜਾਂ ਨੂੰ ਠੀਕ ਕਰਨ ਲਈ ਫਿਲਿੰਗਾਂ ਦੀ ਵਰਤੋਂ ਵੀ ਕਰਦੇ ਹਨ।
ਪਰ ਇਹ ਹੱਲ ਪੂਰੀ ਤਰ੍ਹਾਂ ਸੰਪੂਰਨ ਨਹੀਂ ਹਨ। ਉਦਾਹਰਨ ਲਈ, ਫਿਲਿੰਗਾਂ ਦੀ ਮਜ਼ਬੂਤੀ ਵਿੱਚ ਕਾਫੀ ਫਰਕ ਹੁੰਦਾ ਹੈ। ਇਹ ਲਗਭਗ ਪੰਜ ਤੋਂ 20 ਸਾਲ ਤੱਕ ਚੱਲ ਸਕਦੀਆਂ ਹਨ। ਅਮਰੀਕਾ ਦੀ ਯੂਨੀਵਰਸਿਟੀ ਆਫ ਇਲਿਨੋਇਸ, ਸ਼ਿਕਾਗੋ ਵਿੱਚ ਓਰਲ ਬਾਇਓਲੋਜੀ ਦੇ ਪ੍ਰੋਫੈਸਰ ਐਨ ਜਾਰਜ ਕਹਿੰਦੇ ਹਨ ਕਿ ਲੋਕਾਂ ਨੂੰ ਅਜਿਹੇ ਇਲਾਜਾਂ ਲਈ "ਵਾਰ-ਵਾਰ ਦਖਲਅੰਦਾਜ਼ੀ" ਜਾਂ ਦੁਬਾਰਾ ਇਲਾਜ ਕਰਵਾਉਣਾ ਆਮ ਗੱਲ ਹੈ।
ਜਾਰਜ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਇਹ ਹੈ ਕਿ ਇਹ ਇਲਾਜ ਮੁੱਖ ਤੌਰ 'ਤੇ "ਨੁਕਸਾਨ ਦੀ ਮੁਰੰਮਤ ਕਰਨ" 'ਤੇ ਧਿਆਨ ਦਿੰਦੇ ਹਨ, ਨਾ ਕਿ "ਜੈਵਿਕ ਕੰਮਕਾਜ ਨੂੰ ਮੁੜ ਬਹਾਲ ਕਰਨ" 'ਤੇ। ਇਸ ਦੀ ਬਜਾਏ, ਜਾਰਜ ਦੱਸਦੇ ਹਨ ਕਿ "ਪੁਨਰ-ਨਿਰਮਾਣ ਦੰਦ ਚਿਕਿਤਸਾ ਇੱਕ ਵੱਡਾ ਬਦਲਾਅ ਲਿਆ ਸਕਦੀ ਹੈ। ਇਹ ਇਲਾਜ ਅਤੇ ਠੀਕ ਹੋਣ 'ਤੇ ਜ਼ੋਰ ਦਿੰਦੀ ਹੈ।"
ਦੰਦਾਂ ਦੇ ਆਪਣੇ ਆਪ ਭਰਨ ਵਾਲੇ ਕੀੜੇ
ਜਾਰਜ ਕਹਿੰਦੇ ਹਨ ਕਿ ਕੀੜਾ ਲੱਗਣਾ "ਸਭ ਤੋਂ ਆਮ ਸਮੱਸਿਆ ਹੈ ਜੋ ਦੰਦਾਂ ਨੂੰ ਨਸ਼ਟ ਕਰਦੀ ਹੈ।"
ਦੰਦਾਂ ਦੀਆਂ ਚਾਰ ਮੁੱਖ ਪਰਤਾਂ ਹੁੰਦੀਆਂ ਹਨ: ਇਨੇਮਲ (ਬਾਹਰੀ ਪਰਤ), ਡੈਂਟਿਨ, ਸੀਮੈਂਟਮ ਅਤੇ ਦੰਦਾਂ ਦਾ ਗੂਦਾ (ਟੁੱਥ ਪਲਪ)।
ਦੰਦਾਂ ਵਿੱਚ ਕੀੜਾ ਉਸ ਸਮੇਂ ਬਣਦਾ ਹੈ ਜਦੋਂ ਦੰਦਾਂ ਉੱਤੇ ਜੰਮੇ ਪਲਾਕ ਦੇ ਬੈਕਟੀਰੀਆ ਖੰਡ ਨੂੰ ਖਾ ਕੇ ਤੇਜ਼ਾਬ ਬਣਾਉਂਦੇ ਹਨ। ਇਹ ਤੇਜ਼ਾਬ ਹੌਲੀ-ਹੌਲੀ ਦੰਦ ਦੀ ਪਹਿਲੀ ਪਰਤ, ਇਨੇਮਲ, ਨੂੰ ਖੋਰ ਦਿੰਦਾ ਹੈ।
ਇਨੇਮਲ ਦੇ ਹੇਠਾਂ ਡੈਂਟਿਨ ਹੁੰਦਾ ਹੈ, ਜੋ ਨਰਮ ਹੁੰਦਾ ਹੈ ਅਤੇ ਸੜਨ ਤੋਂ ਘੱਟ ਬਚਾਅ ਕਰਦਾ ਹੈ। ਜਦੋਂ ਇਨੇਮਲ ਖ਼ਤਮ ਹੋ ਜਾਂਦਾ ਹੈ ਅਤੇ ਡੈਂਟਿਨ ਬਾਹਰ ਆ ਜਾਂਦਾ ਹੈ, ਤਾਂ ਦੰਦਾਂ ਵਿੱਚ ਕੀੜਾ ਲੱਗਣ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ।
ਜਾਰਜ ਉਨ੍ਹਾਂ ਪ੍ਰੋਟੀਨਾਂ 'ਤੇ ਖੋਜ ਕਰਦੇ ਹਨ ਜੋ ਡੈਂਟਿਨ ਨੂੰ ਵਧਣ, ਮਜ਼ਬੂਤ ਹੋਣ ਅਤੇ ਆਪਣੇ ਆਪ ਦੀ ਮੁਰੰਮਤ ਕਰਨ ਵਿੱਚ ਮਦਦ ਕਰਦੇ ਹਨ। ਉਹ ਉਸ ਟੀਮ ਦਾ ਵੀ ਹਿੱਸਾ ਰਹੀ ਹੈ ਜਿਸ ਨੇ ਉਨ੍ਹਾਂ ਜੀਨਾਂ ਵਿੱਚੋਂ ਇੱਕ ਦੀ ਨਕਲ (ਕਲੋਨ) ਕੀਤੀ ਜੋ ਡੈਂਟਿਨ ਬਣਾਉਣ ਵਿੱਚ ਮਦਦ ਕਰਦਾ ਹੈ।
ਇਸ ਨਾਲ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਮਿਲੀ ਕਿ ਦੰਦ ਅੰਦਰੋਂ ਇਹ ਟਿਸ਼ੂ ਕਿਵੇਂ ਬਣਾਉਂਦੇ ਅਤੇ ਸੰਭਾਲਦੇ ਹਨ।
ਜਾਰਜ ਕਹਿੰਦੇ ਹਨ ਕਿ ਇਹ ਜਾਣਕਾਰੀ ਨਵੇਂ ਇਲਾਜ ਵਿਕਸਿਤ ਕਰਨ ਵਿੱਚ ਮਦਦ ਕਰ ਸਕਦੀ ਹੈ, ਜੋ ਖ਼ਰਾਬ ਹੋਏ ਦੰਦਾਂ ਨੂੰ ਆਪਣੇ ਆਪ ਨਵਾਂ ਡੈਂਟਿਨ ਬਣਾਉਣ ਲਈ ਉਤਸ਼ਾਹਿਤ ਕਰਨ, ਤਾਂ ਜੋ ਕੀੜੇ ਕਾਰਨ ਹੋਏ ਨੁਕਸਾਨ ਦੀ ਮੁਰੰਮਤ ਹੋ ਸਕੇ। ਇਨ੍ਹਾਂ ਨਾਲ ਖਾਲੀ ਥਾਵਾਂ ਨੂੰ ਭਰਨ ਲਈ ਰਵਾਇਤੀ ਫਿਲਿੰਗਾਂ ਦੀ ਲੋੜ ਖ਼ਤਮ ਹੋ ਸਕਦੀ ਹੈ।
ਰੁਹੋਲਾ-ਬੇਕਰ ਅਤੇ ਉਨ੍ਹਾਂ ਦੀ ਟੀਮ ਵੀ "ਜੀਵਿਤ ਫਿਲਿੰਗਾਂ" 'ਤੇ ਕੰਮ ਕਰ ਰਹੀ ਹੈ, ਪਰ ਇਹ ਡੈਂਟਿਨ ਦੀ ਬਜਾਏ ਇਨੇਮਲ (ਦੰਦਾਂ ਦੀ ਬਾਹਰੀ ਮਜ਼ਬੂਤ ਪਰਤ) ਨਾਲ ਜ਼ਿਆਦਾ ਜੁੜੀਆਂ ਹੋਈਆਂ ਹਨ।
ਦਾਨ ਕੀਤੇ ਗਈਆਂ ਅਕਲ ਦਾੜਾਂ (ਦੰਦਾਂ) 'ਤੇ ਖੋਜ ਕਰਨ ਤੋਂ ਬਾਅਦ ਵਿਗਿਆਨੀ ਨੇ ਪਤਾ ਲਗਾਇਆ ਕਿ ਇਨੇਮਲ ਬਣਾਉਣ ਵਾਲੀਆਂ ਖ਼ਾਸ ਕੋਸ਼ਿਕਾਵਾਂ, ਜਿਨ੍ਹਾਂ ਨੂੰ ਐਮੀਲੋਬਲਾਸਟ ਕਿਹਾ ਜਾਂਦਾ ਹੈ, ਮਨੁੱਖੀ ਦੰਦ ਨਿਕਲਣ ਤੋਂ ਬਾਅਦ ਮਰ ਜਾਂਦੀਆਂ ਹਨ। ਇਸ ਲਈ ਜਦੋਂ ਦੰਦ ਮੂੰਹ ਵਿੱਚੋਂ ਬਾਹਰ ਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਦੁਬਾਰਾ ਸਰਗਰਮ ਨਹੀਂ ਕੀਤਾ ਜਾ ਸਕਦਾ।
ਇਸ ਦੀ ਬਜਾਏ, ਟੀਮ ਨੇ ਰਸਾਇਣਕ ਸੰਕੇਤਾਂ ਦੀ ਵਰਤੋਂ ਕਰਕੇ ਕੁਝ ਸਟੈਮ ਸੈੱਲਾਂ ਨੂੰ ਐਮੀਲੋਬਲਾਸਟ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ ਅਤੇ ਹੋਰ ਸਟੈਮ ਸੈੱਲਾਂ ਨੂੰ ਓਡੋਂਟੋਬਲਾਸਟ ਬਣਾਇਆ, ਜੋ ਡੈਂਟਿਨ ਬਣਾਉਣ ਵਾਲੀਆਂ ਕੋਸ਼ਿਕਾਵਾਂ ਹੁੰਦੀਆਂ ਹਨ।
ਜਦੋਂ ਇਨ੍ਹਾਂ ਸਾਰੇ ਤੱਤਾਂ ਨੂੰ ਇੱਕ ਡਿਸ਼ ਵਿੱਚ ਇਕੱਠਾ ਕੀਤਾ ਗਿਆ, ਤਾਂ ਇਨ੍ਹਾਂ ਨੇ ਇੱਕ ਅਜਿਹਾ ਦੰਦ ਵਰਗਾ ਢਾਂਚਾ ਤਿਆਰ ਕੀਤਾ ਜੋ ਆਪਣੇ ਆਪ ਇਨੇਮਲ ਬਣਾਉਣ ਵਾਲੇ ਪ੍ਰੋਟੀਨ ਪੈਦਾ ਕਰਦਾ ਹੈ।
ਰੁਹੋਲਾ-ਬੇਕਰ ਭਵਿੱਖ ਵਿੱਚ ਇਹ ਦੇਖਦੀ ਹੈ ਕਿ ਇਹ ਇਨੇਮਲ ਪ੍ਰੋਟੀਨ ਫਿਲਿੰਗ ਬਣਾਉਣ ਜਾਂ ਟੁੱਟੇ ਹੋਏ ਦੰਦਾਂ 'ਤੇ ਲਗਾਉਣ ਲਈ ਵਰਤੇ ਜਾ ਸਕਦੇ ਹਨ। ਪਰ ਉਨ੍ਹਾਂ ਦਾ ਲੰਬੇ ਸਮੇਂ ਦਾ ਟੀਚਾ ਪੂਰੀ ਤਰ੍ਹਾਂ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਗਿਆ ਦੰਦ ਬਣਾਉਣਾ ਹੈ।
ਉਹ ਕਹਿੰਦੇ ਹਨ ਕਿ ਆਖਿਰਕਾਰ ਉਹ ਚਾਹੁੰਦੀ ਹੈ ਕਿ ਦੰਦ ਬਣਾਉਣ ਲਈ ਜ਼ਰੂਰੀ ਤਿਆਰ ਕੀਤੀਆਂ ਕੋਸ਼ਿਕਾਵਾਂ ਨੂੰ ਮਰੀਜ਼ ਦੇ ਮੂੰਹ ਵਿੱਚ ਲਗਾਇਆ ਜਾਵੇ ਅਤੇ ਫਿਰ "ਕੁਦਰਤ ਨੂੰ ਬਾਕੀ ਕੰਮ ਕਰਨ ਦਿੱਤਾ ਜਾਵੇ।"
ਦੰਦ ਉਗਾਉਣ ਦਾ ਤਰੀਕਾ
ਜੇਕਰ ਕਿਸੇ ਦੰਦ ਵਿੱਚ ਬਹੁਤ ਜ਼ਿਆਦਾ ਕੀੜਾ ਲੱਗ ਗਿਆ ਹੋਵੇ ਅਤੇ ਉਹ ਖ਼ਰਾਬ ਹੋ ਗਿਆ ਹੋਵੇ, ਤਾਂ ਸਭ ਤੋਂ ਵਧੀਆ ਅਤੇ ਆਸਾਨ ਇਲਾਜ ਕਈ ਵਾਰ ਉਸ ਨੂੰ ਕੱਢਣਾ ਅਤੇ ਉਸ ਦੀ ਥਾਂ ਇੰਪਲਾਂਟ ਲਗਾਉਣਾ ਹੋ ਸਕਦਾ ਹੈ। ਇੰਪਲਾਂਟ ਵਿੱਚ ਇੱਕ ਪੇਚ ਵਰਗਾ ਹਿੱਸਾ, ਇੱਕ ਨਕਲੀ ਦੰਦ (ਕ੍ਰਾਊਨ) ਅਤੇ ਦੋਵਾਂ ਨੂੰ ਜੋੜਨ ਵਾਲਾ ਹਿੱਸਾ ਸ਼ਾਮਲ ਹੁੰਦਾ ਹੈ।
ਪਰ ਇੰਪਲਾਂਟ ਵਿੱਚ ਉਹ ਨਸਾਂ ਨਹੀਂ ਹੁੰਦੀਆਂ ਜੋ ਚੱਬਣ ਸਮੇਂ ਮਹਿਸੂਸ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਲਈ ਕਈ ਵਾਰ ਅਣਜਾਣੇ ਵਿੱਚ ਜ਼ਿਆਦਾ ਜ਼ੋਰ ਨਾਲ ਕੱਟਣ ਕਾਰਨ ਇੰਪਲਾਂਟ ਟੁੱਟ ਸਕਦਾ ਹੈ।
ਬੈਕਟੀਰੀਆ ਇੰਪਲਾਂਟ ਨਾਲ ਜੁੜ ਸਕਦੇ ਹਨ, ਜਿਸ ਨਾਲ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਜੋ ਬਾਕੀ ਬਚੇ ਸਿਹਤਮੰਦ ਦੰਦਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਨਕਲੀ ਕ੍ਰਾਊਨ ਨੂੰ ਲਗਭਗ 15 ਸਾਲਾਂ ਬਾਅਦ ਬਦਲਣ ਦੀ ਲੋੜ ਪੈ ਸਕਦੀ ਹੈ ਅਤੇ ਬੀਮੇ ਦੇ ਅਨੁਸਾਰ ਇਸ ਦੀ ਕੀਮਤ ਹਜ਼ਾਰਾਂ ਡਾਲਰ ਹੋ ਸਕਦੀ ਹੈ।
ਬ੍ਰਿਟੇਨ ਦੇ ਕਿੰਗਜ਼ ਕਾਲਜ ਲੰਡਨ ਵਿੱਚ ਰੀਜਨਰੇਟਿਵ ਡੈਂਟਿਸਟਰੀ ਦੀ ਡਾਇਰੈਕਟਰ ਐਨਾ ਐਂਜਲੋਵਾ ਵੋਲਪੋਨੀ ਕਹਿੰਦੇ ਹਨ ਕਿ ਪੂਰੀ ਤਰ੍ਹਾਂ ਪ੍ਰਯੋਗਸ਼ਾਲਾ ਵਿੱਚ ਬਣਾਏ ਗਏ ਦੰਦ ਇੰਪਲਾਂਟ ਨਾਲੋਂ ਵੱਧ ਟਿਕਾਊ ਹੱਲ ਹੋ ਸਕਦੇ ਹਨ।
ਵੋਲਪੋਨੀ ਕਹਿੰਦੇ ਹਨ, "ਸਿਰਫ਼ ਖ਼ਰਾਬ ਹੋਈ ਚੀਜ਼ ਨੂੰ ਜੋੜਨ ਜਾਂ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ, ਅਸੀਂ ਇੱਕ ਜੈਵਿਕ ਬਦਲ (ਬਾਓਲੌਜੀਕਲ ਰਿਪਲੇਸਮੈਂਟ) ਦੀ ਵਰਤੋਂ ਕਰ ਸਕਦੇ ਹਾਂ।"
ਉਹ ਇੱਕ ਅਜਿਹਾ ਆਰਗੈਨੋਇਡ ਵੀ ਤਿਆਰ ਕਰ ਰਹੇ ਹਨ ਜੋ ਭਵਿੱਖ ਵਿੱਚ ਇੱਕ ਬਦਲਵੇਂ ਦੰਦ ਵਿੱਚ ਵਿਕਸਿਤ ਹੋ ਸਕੇ।
ਵੋਲਪੋਨੀ ਦੀ ਟੀਮ ਨੇ ਪਾਇਆ ਕਿ ਬਾਲਗ ਮਨੁੱਖੀ ਮਸੂੜਿਆਂ ਦੇ ਟਿਸ਼ੂ ਤੋਂ ਲਈਆਂ ਗਈਆਂ ਕੋਸ਼ਿਕਾਵਾਂ ਨੂੰ ਚੂਹਿਆਂ ਦੀਆਂ ਦੰਦ ਬਣਾਉਣ ਵਾਲੀਆਂ ਕੋਸ਼ਿਕਾਵਾਂ ਨਾਲ ਮਿਲਾਉਣ 'ਤੇ ਇੱਕ ਹਾਈਬ੍ਰਿਡ ਹਿਊਮਨ-ਮਾਊਸ ਮਿਲਿਆ-ਜੁਲਿਆ "ਦੰਦਾਂ ਦਾ ਢਾਂਚਾ" ਬਣ ਸਕਦਾ ਹੈ, ਜਿਸ ਵਿੱਚ ਵਿਕਸਿਤ ਹੋ ਰਹੀਆਂ ਜੜ੍ਹਾਂ ਮੌਜੂਦ ਸਨ।
ਹੁਣ ਉਹ ਇਹ ਪਤਾ ਲਗਾਉਣ 'ਤੇ ਕੰਮ ਕਰ ਰਹੇ ਹਨ ਕਿ ਉਹ ਹਦਾਇਤਾਂ ਦੁਬਾਰਾ ਕਿਵੇਂ ਤਿਆਰ ਕੀਤੀਆਂ ਜਾਣ ਜੋ ਦੰਦ ਬਣਨ ਦੀ ਪ੍ਰਕਿਰਿਆ ਨੂੰ ਨਿਯੰਤਰਿਤ ਕਰਦੀਆਂ ਹਨ।
ਇਸ ਦੇ ਨਾਲ ਹੀ ਉਹ ਅਜਿਹੇ ਤਿਆਰ ਕੀਤੇ ਗਏ ਜੈਵਿਕ ਪਦਾਰਥਾਂ 'ਤੇ ਵੀ ਕੰਮ ਕਰ ਰਹੇ ਹਨ ਜੋ ਇਨ੍ਹਾਂ ਕੋਸ਼ਿਕਾਵਾਂ ਨੂੰ ਇੱਕ ਸਹੀ ਬਣਤਰ ਵਾਲੇ ਅਤੇ ਕੰਮ ਕਰਨ ਯੋਗ ਦੰਦ ਵਿੱਚ ਇਕੱਠਾ ਹੋਣ ਵਿੱਚ ਮਦਦ ਕਰ ਸਕਣ।
ਬਦਕਿਸਮਤੀ ਨਾਲ, ਇਹ ਕੁਦਰਤੀ ਤੌਰ 'ਤੇ ਨਹੀਂ ਹੁੰਦਾ।
ਕੁਝ ਹੋਰ ਜਾਨਵਰਾਂ ਦੇ ਉਲਟ, ਮਨੁੱਖ ਆਪਣੇ ਬਾਲਗ ਦੰਦਾਂ ਦੇ ਸੈੱਟ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਲਗਾਤਾਰ ਨਵੇਂ ਦੰਦ ਨਹੀਂ ਉਗਾ ਸਕਦੇ।
ਇਸ ਦੇ ਉਲਟ, ਸ਼ਾਰਕਾਂ ਕੋਲ ਦੰਦਾਂ ਦੀ ਅਣਗਿਣਤ ਸਪਲਾਈ ਹੁੰਦੀ ਹੈ। ਉਹ ਲਗਾਤਾਰ ਇੱਕ ਕਨਵੇਅਰ ਬੈਲਟ ਵਾਂਗ ਨਵੇਂ ਦੰਦ ਪੈਦਾ ਕਰਦੀਆਂ ਰਹਿੰਦੀਆਂ ਹਨ। ਕੰਗਾਰੂਆਂ ਨੂੰ ਕਈ ਸੈੱਟ ਮੋਲਰ ਦੰਦ (ਪਿਛਲੇ ਚੱਬਣ ਵਾਲੇ ਦੰਦ) ਮਿਲਦੇ ਹਨ ਅਤੇ ਹਾਥੀਆਂ ਵਿੱਚ ਵੀ ਕਈ ਸੈੱਟ ਦੰਦ ਹੁੰਦੇ ਹਨ।
ਸੂਰਾਂ ਵਿੱਚ ਵੀ ਇੱਕ ਵਿਲੱਖਣ ਜੈਵਿਕ ਵਿਸ਼ੇਸ਼ਤਾ ਹੁੰਦੀ ਹੈ। ਉਨ੍ਹਾਂ ਦੇ ਜਬੜਿਆਂ ਵਿੱਚ ਬਾਲਗ ਦੰਦਾਂ ਦੇ ਕਈ ਸੈੱਟ ਅਜੇ ਨਾ ਨਿਕਲੇ ਹੋਏ ਦੰਦਾਂ ਦੇ ਅੰਕੁਰਾਂ ਦੇ ਰੂਪ ਵਿੱਚ ਮੌਜੂਦ ਹੁੰਦੇ ਹਨ।
ਇਸੇ ਖ਼ਾਸੀਅਤ ਕਾਰਨ ਯੇਲਿਕ ਮਨੁੱਖ ਅਤੇ ਸੂਰ ਦੀਆਂ ਦੰਦ ਬਣਾਉਣ ਵਾਲੀਆਂ ਕੋਸ਼ਿਕਾਵਾਂ ਦੀ ਵਰਤੋਂ ਕਰਕੇ ਬਾਲਗ ਯੂਕਾਟਾਨ ਮਿਨੀਪਿਗ (ਛੋਟੀ ਨਸਲ ਦੇ ਸੂਰ) ਵਿੱਚ ਮਨੁੱਖ ਵਰਗੇ ਦੰਦ ਉਗਾਉਣ ਵਿੱਚ ਸਫ਼ਲ ਰਹੇ।
ਟੀਮ ਨੇ ਮਨੁੱਖੀ ਦੰਦਾਂ ਤੋਂ ਉਹ ਕੋਸ਼ਿਕਾਵਾਂ ਇਕੱਠੀਆਂ ਕੀਤੀਆਂ ਜੋ ਡੈਂਟਿਨ ਬਣਾਉਣ ਦੇ ਯੋਗ ਸਨ ਅਤੇ ਕਸਾਈ ਤੋਂ ਮਿਲੇ ਫੈਂਕੇ ਗਏ ਸੂਰਾਂ ਦੇ ਜਬੜਿਆਂ ਵਿੱਚੋਂ ਉਹ ਕੋਸ਼ਿਕਾਵਾਂ ਲਈਆਂ ਜੋ ਇਨੇਮਲ ਬਣਾਉਂਦੀਆਂ ਹਨ।
ਯੇਲਿਕ ਕਹਿੰਦੇ, "ਭਾਵੇਂ ਕਿਸੇ ਸੂਰ ਨੂੰ ਖਾਣ ਲਈ ਵਰਤਿਆ ਜਾਂਦਾ ਹੈ, ਉਸ ਦੇ ਜਬੜੇ ਵਿੱਚ ਦੰਦਾਂ ਦੇ ਅੰਕੁਰ ਹੁੰਦੇ ਹਨ ਜੋ ਇੱਕ ਹੋਰ ਦੰਦ ਬਣਾਉਣ ਲਈ ਤਿਆਰ ਹੋ ਰਹੇ ਹੁੰਦੇ ਹਨ।"
ਪ੍ਰਯੋਗਸ਼ਾਲਾ ਵਿੱਚ ਇਨ੍ਹਾਂ ਕੋਸ਼ਿਕਾਵਾਂ ਨੂੰ ਵਧਾਉਣ ਤੋਂ ਬਾਅਦ, ਖੋਜਕਾਰਾਂ ਨੇ ਉਨ੍ਹਾਂ ਨੂੰ ਇੱਕ ਅਜਿਹੇ ਜੈਵਿਕ ਢਾਂਚੇ ਉੱਤੇ ਇਕੱਠਾ ਕੀਤਾ ਜੋ ਵਿਕਸਿਤ ਹੋ ਰਹੇ ਦੰਦ ਦੇ ਕੁਦਰਤੀ ਵਾਤਾਵਰਣ ਦੀ ਨਕਲ ਕਰਦਾ ਸੀ। ਤਿੰਨ ਮਹੀਨਿਆਂ ਬਾਅਦ, ਦੰਦ ਵਰਗੇ ਢਾਂਚੇ ਬਣੇ, ਜਿਨ੍ਹਾਂ ਦੀ ਵਿਕਾਸ ਦਰ ਕੁਦਰਤੀ ਸੂਰ ਦੇ ਦੰਦਾਂ ਦੇ ਨੇੜੇ ਸੀ।
ਯੇਲਿਕ ਕਹਿੰਦੇ ਹਨ, "ਇਹ ਇਸ ਗੱਲ ਦਾ ਸਬੂਤ ਸੀ ਕਿ ਇਹ ਅਸਲ ਵਿੱਚ ਕੰਮ ਕਰ ਸਕਦਾ ਹੈ… ਬਹੁਤ ਸਾਰੇ ਲੋਕ, ਜੋ ਆਪਣੀਆਂ ਦੰਦਾਂ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਲਈ ਬੇਚੈਨ ਸਨ, ਸਾਡੇ ਨਾਲ ਸੰਪਰਕ ਕਰਨ ਲੱਗੇ।"
ਹੁਣ ਉਹ ਇਸ ਪ੍ਰਯੋਗ ਨੂੰ ਹੋਰ ਲੰਬੇ ਸਮੇਂ ਲਈ ਅਤੇ ਸਿੱਧਾ ਸੂਰ ਦੇ ਜਬੜੇ ਦੇ ਅੰਦਰ ਕਰਨ ਦੀ ਯੋਜਨਾ ਬਣਾ ਰਹੀ ਹੈ। ਆਖਿਰਕਾਰ ਯੇਲਿਕ ਅਤੇ ਉਨ੍ਹਾਂ ਦੀ ਟੀਮ ਚਾਹੁੰਦੀ ਹੈ ਕਿ ਮਨੁੱਖ ਦੇ ਮੂੰਹ ਵਿੱਚ ਬਿਨਾਂ ਕਿਸੇ ਸੂਰ ਦੀਆਂ ਕੋਸ਼ਿਕਾਵਾਂ ਦੀ ਵਰਤੋਂ ਕੀਤੇ ਦੰਦ ਉਗਾਉਣ ਲਈ ਕੋਸ਼ਿਕਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਪ੍ਰਯੋਗਸ਼ਾਲਾ ਤੋਂ ਦੰਦਾਂ ਦੇ ਡਾਕਟਰ ਦੀ ਕੁਰਸੀ ਤੱਕ
ਭਾਵੇਂ ਇਸ ਦੀ ਮੰਗ ਬਹੁਤ ਹੈ, ਪਰ ਅਜੇ ਵੀ ਆਪਣੇ ਆਪ ਭਰੇ ਜਾਣ ਵਾਲੇ ਦੰਦਾਂ ਦੇ ਕੀੜੇ ਜਾਂ ਪ੍ਰਯੋਗਸ਼ਾਲਾ ਵਿੱਚ ਬਣੇ ਦੰਦ ਮਿਲਣ ਵਿੱਚ ਕਈ ਸਾਲ ਲੱਗ ਸਕਦੇ ਹਨ।
ਰੁਹੋਲਾ-ਬੇਕਰ ਕਹਿੰਦੇ ਹਨ ਕਿ ਮਨੁੱਖਾਂ 'ਤੇ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਗ਼ੈਰ-ਮਨੁੱਖੀ ਪ੍ਰਾਈਮੇਟਸ (ਬਾਂਦਰ ਵਰਗੇ ਜਾਨਵਰਾਂ) 'ਤੇ ਪ੍ਰਯੋਗ ਕਰਨੇ ਪੈਣਗੇ। ਇਸ ਲਈ ਹੋਰ ਖੋਜ, ਸਮਾਂ ਅਤੇ ਪੈਸੇ ਦੀ ਲੋੜ ਹੋਵੇਗੀ।
ਇਸ ਤੋਂ ਇਲਾਵਾ, ਪ੍ਰਯੋਗਸ਼ਾਲਾ ਵਿੱਚ ਬਣੇ ਦੰਦਾਂ ਨੂੰ ਮਨੁੱਖੀ ਮੂੰਹ ਵਿੱਚ ਲਗਾਉਣ ਲਈ ਖੋਜਕਰਤਾਵਾਂ ਨੂੰ ਦੰਦਾਂ ਦੇ ਵਿਕਾਸ ਲਈ ਹੋਰ ਵਧੀਆ ਵਾਤਾਵਰਣ ਤਿਆਰ ਕਰਨੇ ਪੈਣਗੇ।
ਇਸ ਦੌਰਾਨ, ਪੁਨਰ-ਨਿਰਮਾਣ ਦੰਦ ਚਿਕਿਤਸਾ ਤੋਂ ਮਿਲੀਆਂ ਜਾਣਕਾਰੀਆਂ ਸਰੀਰ ਦੇ ਹੋਰ ਹਿੱਸਿਆਂ, ਜਿਵੇਂ ਅੰਗਾਂ ਅਤੇ ਹੱਡੀਆਂ ਨੂੰ ਦੁਬਾਰਾ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਵੀ ਮਦਦ ਕਰ ਸਕਦੀਆਂ ਹਨ।
ਯੇਲਿਕ ਕਹਿੰਦੇ ਹਨ ਕਿ ਦੰਦ "ਬਹੁਤ ਹੀ ਜਟਿਲ ਜੀਵਿਤ ਅੰਗ" ਹਨ। ਇਸ ਲਈ ਪ੍ਰਯੋਗਸ਼ਾਲਾ ਵਿੱਚ ਉਨ੍ਹਾਂ ਦੀ ਨਕਲ ਕਰਨ ਦੀਆਂ ਕੋਸ਼ਿਸ਼ਾਂ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਮਦਦ ਕਰ ਰਹੀਆਂ ਹਨ ਕਿ ਸਖ਼ਤ ਅਤੇ ਨਰਮ ਟਿਸ਼ੂ ਬਹੁਤ ਬੁਨਿਆਦੀ ਪੱਧਰ 'ਤੇ ਕਿਵੇਂ ਇਕੱਠੇ ਕੰਮ ਕਰਦੇ ਹਨ।
ਭਾਵੇਂ ਇਹ ਜਲਦੀ ਨਹੀਂ ਹੋਵੇਗਾ, ਪਰ ਵੋਲਪੋਨੀ ਨੂੰ ਵਿਸ਼ਵਾਸ ਹੈ ਕਿ ਸੁਰੱਖਿਅਤ ਅਤੇ ਟਿਕਾਊ ਪੁਨਰ-ਨਿਰਮਾਣ ਦੰਦ ਇਲਾਜ ਆਖਿਰਕਾਰ ਆਮ ਲੋਕਾਂ ਲਈ ਉਪਲਬਧ ਹੋ ਜਾਣਗੇ। ਉਹ ਆਖਦੇ ਹਨ, "ਮੈਂ ਭਵਿੱਖ ਨੂੰ ਇਸੇ ਤਰ੍ਹਾਂ ਦੇਖਦੀ ਹਾਂ। ਇਹ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ, ਪਰ ਉਮੀਦ ਭਰਿਆ ਜ਼ਰੂਰ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ