You’re viewing a text-only version of this website that uses less data. View the main version of the website including all images and videos.
ਰੈਸਟੋਰੈਂਟ ਮਾਲਕ ਨੇ ਮਠਿਆਈ ਵਿੱਚ ਕੀੜੀਆਂ ਪਰੋਸੀਆਂ, ਦੋਸ਼ੀ ਲਈ ਜੇਲ੍ਹ ਤੇ 13 ਲੱਖ ਦੇ ਜੁਰਮਾਨੇ ਦੀ ਮੰਗ
- ਲੇਖਕ, ਕੈਲੀ ਐੱਨਜੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਦੱਖਣੀ ਕੋਰੀਆਈ ਵਿੱਚ ਮਠਿਆਈ ਦੀ ਸਜਾਵਟ ਲਈ ਕੀੜੀਆਂ ਦੀ ਵਰਤੋਂ ਕਰਨ ਲਈ ਇੱਕ ਰੈਸਟੋਰੈਂਟ ਮਾਲਕ ਲਈ ਇੱਕ ਸਾਲ ਕੈਦ ਦੀ ਮੰਗ ਕੀਤੀ ਹੈ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਦੱਖਣੀ ਕੋਰੀਆ ਦੇ ਸਰਕਾਰੀ ਵਕੀਲਾਂ ਨੇ ਮਠਿਆਈ ਦੀ ਸਜਾਵਟ (ਗਾਰਨਿਸ਼) ਵਜੋਂ ਕੀੜੀਆਂ ਦੀ ਵਰਤੋਂ ਕਰਨ ਦੇ ਇਲਜ਼ਾਮ ਦਾ ਸਾਹਮਣਾ ਕਰ ਰਹੇ ਇੱਕ ਮਿਸ਼ਲਿਨ-ਸਟਾਰ ਰੈਸਟੋਰੈਂਟ ਦੇ ਮਾਲਕ ਲਈ ਇੱਕ ਸਾਲ ਦੀ ਕੈਦ ਦੀ ਮੰਗ ਕੀਤੀ ਹੈ।
ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਇਹ ਵੀ ਮੰਗ ਕੀਤੀ ਕਿ ਦੋ ਮਿਸ਼ਲਿਨ ਸਟਾਰ ਹਾਸਲ ਕਰ ਚੁੱਕੇ ਇਸ ਰੈਸਟੋਰੈਂਟ 'ਤੇ 2 ਕਰੋੜ ਕੋਰੀਆਈ ਵੌਨ (13,510 ਅਮਰੀਕੀ ਡਾਲਰ ਜਾਂ ਕਰੀਬ 13 ਲੱਖ ਰੁਪਏ) ਦਾ ਜੁਰਮਾਨਾ ਵੀ ਲਗਾਇਆ ਜਾਵੇ।
ਰੈਸਟੋਰੈਂਟ ਦੇ ਮਾਲਕ ਨੇ ਮੰਨਿਆ ਕਿ ਉਸ ਨੇ ਕੀੜੀਆਂ ਪਰੋਸੀਆਂ ਸਨ, ਪਰ ਉਸ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੀ ਵਰਤੋਂ ਰੈਸਟੋਰੈਂਟ ਦੇ 15-ਕੋਰਸ ਮੀਨੂ ਦੇ ਸਿਰਫ਼ ਇੱਕ "ਛੋਟੇ ਹਿੱਸੇ" ਵਿੱਚ ਕੀਤੀ ਗਈ ਸੀ।
ਕੀੜੀਆਂ ਨੂੰ ਸੋਰਬੇ ਦੀ ਟਾਪਿੰਗ ਵਜੋਂ ਵਰਤਿਆ ਜਾਂਦਾ ਸੀ ਅਤੇ ਗਾਹਕਾਂ ਨੂੰ ਦੱਸਿਆ ਜਾਂਦਾ ਸੀ ਕਿ ਉਹ ਕੀੜੀਆਂ ਤੋਂ ਬਿਨਾਂ ਹੋਰ ਟਾਪਿੰਗ ਵੀ ਚੁਣ ਸਕਦੇ ਹਨ।
ਸੋਰਬੇ ਇੱਕ ਠੰਢੀ ਮਠਿਆਈ ਹੈ, ਜੋ ਚੀਨੀ ਦੇ ਸ਼ਰਬਤ ਅਤੇ ਫਲਾਂ ਦੇ ਰਸ ਜਾਂ ਪਿਊਰੀ ਨਾਲ ਤਿਆਰ ਕੀਤੀ ਜਾਂਦੀ ਹੈ। ਇਸ ਵਿੱਚ ਆਮ ਤੌਰ 'ਤੇ ਦੁੱਧ ਜਾਂ ਕ੍ਰੀਮ ਨਹੀਂ ਹੁੰਦੀ। ਪਹਿਲਾਂ ਇਸ ਨੂੰ ਖਾਣੇ ਦੇ ਕੋਰਸਾਂ ਵਿਚਕਾਰ ਮੂੰਹ ਦਾ ਸੁਆਦ ਤਾਜ਼ਾ ਕਰਨ ਲਈ ਪਰੋਸਿਆ ਜਾਂਦਾ ਸੀ, ਪਰ ਹੁਣ ਇਸ ਨੂੰ ਡਿਜ਼ਰਟ ਵਜੋਂ ਖਾਧਾ ਜਾਂਦਾ ਹੈ।
ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ, ਜਦੋਂ ਖੁਰਾਕ ਅਤੇ ਦਵਾਈ ਸੁਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੂੰ ਆਨਲਾਈਨ ਪੋਸਟ ਕੀਤੀਆਂ ਗਈਆਂ ਉਹ ਸਮੀਖਿਆਵਾਂ ਮਿਲੀਆਂ, ਜਿਨ੍ਹਾਂ ਵਿੱਚ ਗਾਹਕਾਂ ਨੇ ਕੀੜੀਆਂ ਨਾਲ ਸਜਾਏ ਗਏ ਪਕਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਜਾਂਚ ਕਰਨ ਵਾਲੀਆਂ ਦਾ ਅੰਦਾਜ਼ਾ ਹੈ ਕਿ ਅਮਰੀਕਾ ਅਤੇ ਥਾਈਲੈਂਡ ਤੋਂ ਮੰਗਵਾਈਆਂ ਗਈਆਂ ਲਗਭਗ 49,000 ਕੀੜੀਆਂ ਦੀ ਵਰਤੋਂ ਚਾਰ ਸਾਲਾਂ ਦੌਰਾਨ ਕਈ ਪਕਵਾਨਾਂ ਵਿੱਚ ਕੀਤੀ ਗਈ।
ਦਿ ਚੋਸੁਨ ਡੇਲੀ ਦੀ ਇੱਕ ਰਿਪੋਰਟ ਮੁਤਾਬਕ, ਸਿਹਤ ਅਧਿਕਾਰੀਆਂ ਨੇ ਇਹ ਵੀ ਪਾਇਆ ਕਿ ਰੈਸਟੋਰੈਂਟ ਵੱਲੋਂ ਵਰਤੀਆਂ ਗਈਆਂ ਕੀੜੀਆਂ ਵਿੱਚ "ਆਮ ਤੌਰ 'ਤੇ ਖਾਣਯੋਗ ਕੀੜਿਆਂ ਦੇ ਮੁਕਾਬਲੇ 55 ਗੁਣਾ ਤੱਕ ਵੱਧ ਭਾਰੀ ਧਾਤਾਂ (ਹੈਵੀ ਮੈਟਲਜ਼) ਵੀ ਮੌਜੂਦ ਸਨ।"
ਦੱਖਣੀ ਕੋਰੀਆ ਦੇ ਅਧਿਕਾਰੀ ਇਹ ਫ਼ੈਸਲਾ ਕਰਨ ਲਈ ਕਿ ਕਿਸੇ ਕੀੜੇ ਨੂੰ ਖੁਰਾਕ ਵਜੋਂ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ, ਕਈ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹਨ।
ਇਨ੍ਹਾਂ ਵਿੱਚ ਖੁਰਾਕ ਸੁਰੱਖਿਆ ਨਾਲ ਜੁੜੇ ਖ਼ਤਰੇ, ਜ਼ਹਿਰੀਲਾਪਣ, ਪੋਸ਼ਣ ਮੁੱਲ ਅਤੇ ਇਹ ਗੱਲ ਸ਼ਾਮਲ ਹੈ ਕਿ ਕੀ ਉਨ੍ਹਾਂ ਨੂੰ ਸਾਫ਼-ਸੁਥਰੇ ਢੰਗ ਨਾਲ ਪਾਲਿਆ ਅਤੇ ਪ੍ਰੋਸੈਸ ਕੀਤਾ ਜਾ ਸਕਦਾ ਹੈ।
ਆਪਣੇ ਬਚਾਅ ਵਿੱਚ ਰੈਸਟੋਰੈਂਟ ਦੇ ਮਾਲਕ ਨੇ ਦਲੀਲ ਦਿੱਤੀ ਕਿ ਸਿਰਫ਼ 60 ਫ਼ੀਸਦੀ ਗਾਹਕਾਂ ਨੇ ਹੀ ਕੀੜੀਆਂ ਚੱਖਣ ਦਾ ਬਦਲ ਚੁਣਿਆ ਸੀ, ਜਦਕਿ ਬਾਕੀਆਂ ਨੂੰ ਫਰਮੈਂਟ ਕੀਤਾ ਸਿਰਕਾ ਅਤੇ ਖਾਣਯੋਗ ਫੁੱਲਾਂ ਵਰਗੇ ਬਦਲ ਦਿੱਤੇ ਗਏ ਸਨ।
ਉਸ ਨੇ ਇਹ ਵੀ ਕਿਹਾ ਕਿ ਆਸਟ੍ਰੇਲੀਆ, ਡੈਨਮਾਰਕ ਅਤੇ ਬ੍ਰਿਟੇਨ ਸਮੇਤ ਹੋਰ ਦੇਸ਼ਾਂ ਦੇ ਰੈਸਟੋਰੈਂਟ ਵੀ ਕੀੜੀਆਂ ਨੂੰ ਇੱਕ ਸਮੱਗਰੀ ਵਜੋਂ ਵਰਤਦੇ ਹਨ।
ਅਦਾਲਤੀ ਦਸਤਾਵੇਜ਼ਾਂ ਵਿੱਚ ਨਾ ਤਾਂ ਰੈਸਟੋਰੈਂਟ ਦਾ ਨਾਮ ਦੱਸਿਆ ਗਿਆ ਹੈ ਅਤੇ ਨਾ ਹੀ ਉਸ ਦੇ ਮਾਲਕ ਦਾ। ਦੱਖਣੀ ਕੋਰੀਆ ਵਿੱਚ ਦੋ ਮਿਸ਼ਲਿਨ ਸਟਾਰ ਹਾਸਲ ਕਰਨ ਵਾਲੇ 10 ਰੈਸਟੋਰੈਂਟ ਹਨ ਅਤੇ ਉਹ ਸਾਰੇ ਰਾਜਧਾਨੀ ਸਿਓਲ ਵਿੱਚ ਸਥਿਤ ਹਨ।
ਮਿਸ਼ਲਿਨ ਗਾਈਡ ਸਮੱਗਰੀ ਦੀ ਗੁਣਵੱਤਾ, ਸੁਆਦ ਉੱਤੇ ਪਕੜ, ਪਕਾਉਣ ਦੀ ਤਕਨੀਕ, ਸ਼ੈੱਫ ਦੀ ਵਿਲੱਖਣਤਾ ਅਤੇ ਇਕਸਾਰਤਾ ਦੇ ਆਧਾਰ 'ਤੇ ਰੈਸਟੋਰੈਂਟਾਂ ਨੂੰ ਵੱਧ ਤੋਂ ਵੱਧ ਤਿੰਨ ਸਟਾਰ ਦਿੰਦੀ ਹੈ।
ਮਿਸ਼ਲਿਨ ਦੇ ਮਾਪਦੰਡਾਂ ਮੁਤਾਬਕ, ਦੋ ਸਟਾਰ ਉਨ੍ਹਾਂ ਰੈਸਟੋਰੈਂਟਾਂ ਨੂੰ ਦਿੱਤੇ ਜਾਂਦੇ ਹਨ ਜੋ "ਸ਼ਾਨਦਾਰ ਭੋਜਨ" ਪਰੋਸਦੇ ਹਨ ਅਤੇ ਜਿੱਥੇ ਜਾਣ ਲਈ "ਰਸਤਾ ਬਦਲਣਾ ਵੀ ਸਾਰਥਕ ਹੋਵੇ।"
ਅਦਾਲਤ 2 ਸਤੰਬਰ ਨੂੰ ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਏਗੀ।
ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੀਆਂ ਕਈ ਸੱਭਿਆਚਾਰਾਂ ਵਿੱਚ ਕੀੜੀਆਂ ਖਾਧੀਆਂ ਜਾਂਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਇੱਕ ਵਿਸ਼ੇਸ਼ ਪਕਵਾਨ (ਡੈਲੀਕੈਸੀ) ਵੀ ਮੰਨਿਆ ਜਾਂਦਾ ਹੈ।
ਥਾਈ ਅਤੇ ਕੰਬੋਡੀਆਈ ਪਕਵਾਨਾਂ ਵਿੱਚ ਵੀਵਰ ਕੀੜੀਆਂ ਅਤੇ ਉਨ੍ਹਾਂ ਦੇ ਆਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦਕਿ ਕੋਲੰਬੀਆ ਵਿੱਚ ਰਾਣੀ ਕੀੜੀਆਂ ਨੂੰ ਕੈਵਿਆਰ ਜਿੰਨਾ ਕੀਮਤੀ ਮੰਨਿਆ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ