You’re viewing a text-only version of this website that uses less data. View the main version of the website including all images and videos.
7 ਲੋਕ ਕਲਿਆਣ ਮਾਰਗ ਕਦੋਂ ਬਣਿਆ ਸੀ ਪੀਐੱਮ ਦੀ ਰਿਹਾਇਸ਼ ਅਤੇ ਕਦੋਂ-ਕਦੋਂ ਇਸ ਦੇ ਬਾਹਰ ਰੋਸ-ਮੁਜ਼ਾਹਰੇ ਹੋਏ
- ਲੇਖਕ, ਮੁਹੰਮਦ ਸ਼ਾਹਿਦ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 6 ਮਿੰਟ
ਨਵੀਂ ਦਿੱਲੀ ਇਲਾਕੇ ਵਿੱਚ ਸੋਮਵਾਰ ਤੋਂ ਕਾਫ਼ੀ ਹਲਚਲ ਜਾਰੀ ਹੈ। ਸੋਮਵਾਰ ਨੂੰ ਜਿੱਥੇ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ, ਉੱਥੇ ਹੀ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਜੰਤਰ-ਮੰਤਰ ਤੋਂ ਸੰਸਦ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ ਸੀ।
ਸੀਜੇਪੀ ਆਪਣਾ ਮਾਰਚ ਕੱਢਣ ਵਿੱਚ ਸਫ਼ਲ ਨਹੀਂ ਹੋ ਸਕੀ ਅਤੇ ਮੁਜ਼ਾਹਰਾਕਾਰੀਆਂ ਨੂੰ ਸਖ਼ਤ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਸੀਜੇਪੀ ਦੇ ਮੁਜ਼ਾਹਰਾਕਾਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਮੁੜ ਜੰਤਰ-ਮੰਤਰ 'ਤੇ ਬੈਠ ਗਏ।
ਮੰਗਲਵਾਰ ਨੂੰ ਸੰਸਦ ਸੈਸ਼ਨ ਦੇ ਦੂਜੇ ਦਿਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਕਾਂਗਰਸ ਸੰਸਦ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਦੇ ਆਵਾਸ 7 ਲੋਕ ਕਲਿਆਣ ਮਾਰਗ ਪਹੁੰਚ ਗਏ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ।
ਇਸ ਤੋਂ ਬਾਅਦ ਪੀਐੱਮ ਆਵਾਸ ਦੇ ਬਾਹਰੋਂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਸਮੇਤ ਕਈ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਕੁਝ ਆਗੂਆਂ ਨੂੰ ਮੰਦਰ ਮਾਰਗ ਥਾਣੇ ਅਤੇ ਕੁਝ ਨੂੰ ਛਤਰਸਾਲ ਸਟੇਡੀਅਮ ਵਿੱਚ ਰੱਖਿਆ ਗਿਆ ਸੀ। ਆਖ਼ਿਰਕਾਰ ਰਾਤ ਕਰੀਬ 10 ਵਜੇ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਇਸ ਮੁਜ਼ਾਹਰੇ ਨੂੰ ਪ੍ਰਧਾਨ ਮੰਤਰੀ ਆਵਾਸ 7 ਲੋਕ ਕਲਿਆਣ ਮਾਰਗ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕਿਹਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਆਵਾਸ ਦਾ ਇਤਿਹਾਸ
ਪ੍ਰਧਾਨ ਮੰਤਰੀ ਆਵਾਸ ਨਵੀਂ ਦਿੱਲੀ ਇਲਾਕੇ ਵਿੱਚ ਲੋਕ ਕਲਿਆਣ ਮਾਰਗ 'ਤੇ ਸਥਿਤ ਹੈ।
ਇਸ ਸੜਕ ਦਾ ਨਾਮ ਪਹਿਲਾਂ ਰੇਸ ਕੋਰਸ ਰੋਡ ਹੁੰਦਾ ਸੀ ਪਰ ਕੇਂਦਰ ਦੀ ਬੀਜੇਪੀ ਸਰਕਾਰ ਨੇ ਸਤੰਬਰ 2016 ਵਿੱਚ ਇਸ ਸੜਕ ਦਾ ਨਾਮ ਬਦਲ ਕੇ ਲੋਕ ਕਲਿਆਣ ਮਾਰਗ ਕਰ ਦਿੱਤਾ।
ਦਿੱਲੀ 'ਤੇ ਕਈ ਕਿਤਾਬਾਂ ਲਿਖ ਚੁੱਕੇ ਅਤੇ ਸੀਨੀਅਰ ਪੱਤਰਕਾਰ ਵਿਵੇਕ ਸ਼ੁਕਲਾ ਕਹਿੰਦੇ ਹਨ ਕਿ ਬ੍ਰਿਟਿਸ਼ ਆਰਕੀਟੈਕਟ ਰਾਬਰਟ ਟੋਰ ਰਸੈਲ ਨੇ ਰੇਸ ਕੋਰਸ ਰੋਡ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਦਾ ਡਿਜ਼ਾਇਨ ਤਿਆਰ ਕੀਤਾ ਸੀ।
ਉਹ ਦੱਸਦੇ ਹਨ, "ਸਾਲ 1925 ਤੋਂ ਨਵੀਂ ਦਿੱਲੀ ਦੇ ਇਨ੍ਹਾਂ ਇਲਾਕਿਆਂ ਵਿੱਚ ਇਮਾਰਤਾਂ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਸਾਲ 1930 ਤੱਕ ਇਹ ਤਿਆਰ ਹੋ ਗਈਆਂ ਸਨ। ਰਾਬਰਟ ਟੋਰ ਰਸੈਲ ਨੇ ਹੀ ਵੈਸਟਰਨ ਕੋਰਟ, ਈਸਟਰਨ ਕੋਰਟ ਅਤੇ ਤੀਨ ਮੂਰਤੀ ਭਵਨ ਦਾ ਡਿਜ਼ਾਇਨ ਤਿਆਰ ਕੀਤਾ ਸੀ।"
"ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਆਵਾਸ ਕਈ ਕੋਠੀਆਂ ਨੂੰ ਮਿਲਾ ਕੇ ਬਣਿਆ ਹੈ। ਲੋਕ ਕਲਿਆਣ ਮਾਰਗ 'ਤੇ 1, 3, 5 ਅਤੇ 7 ਨੰਬਰ ਦੀਆਂ ਕੋਠੀਆਂ ਨੂੰ ਮਿਲਾ ਕੇ ਪ੍ਰਧਾਨ ਮੰਤਰੀ ਆਵਾਸ ਬਣਾਇਆ ਗਿਆ ਸੀ।"
"ਬਹੁਤ ਸਾਰੇ ਅਣਪਛਾਤੇ ਮਜ਼ਦੂਰਾਂ ਨੇ ਇਨ੍ਹਾਂ ਬੰਗਲਿਆਂ ਨੂੰ ਬਣਾਇਆ ਜੋ ਜ਼ਿਆਦਾਤਰ ਰਾਜਸਥਾਨ ਤੋਂ ਆਏ ਸਨ। ਲੇਖਕ-ਪੱਤਰਕਾਰ ਖੁਸ਼ਵੰਤ ਸਿੰਘ ਉਨ੍ਹਾਂ ਨੂੰ ਬਾਗੜੀ ਕਹਿੰਦੇ ਸਨ। ਇਹ ਮਜ਼ਦੂਰ ਦਿੱਲੀ ਦੇ ਪਹਾੜੀ ਧੀਰਜ ਅਤੇ ਕਰੋਲ ਬਾਗ਼ ਵਰਗੇ ਇਲਾਕਿਆਂ ਵਿੱਚ ਆਪਣੇ ਪਰਿਵਾਰਾਂ ਨਾਲ ਰਹਿੰਦੇ ਸਨ ਅਤੇ ਉਨ੍ਹਾਂ ਦੇ ਬੱਚੇ ਅੱਜ ਵੀ ਉੱਥੇ ਹੀ ਰਹਿੰਦੇ ਹਨ।"
ਰਾਜੀਵ ਗਾਂਧੀ ਤੋਂ ਸ਼ੁਰੂ ਹੋਇਆ ਸਿਲਸਿਲਾ
ਸਾਲ 1984 ਵਿੱਚ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੋਂ 7 ਲੋਕ ਕਲਿਆਣ ਮਾਰਗ ਪ੍ਰਧਾਨ ਮੰਤਰੀ ਦੇ ਆਵਾਸ ਵਜੋਂ ਵਰਤਿਆ ਜਾ ਰਿਹਾ ਹੈ।
ਪ੍ਰਸਿੱਧ ਰਾਜਨੀਤਕ ਵਿਸ਼ਲੇਸ਼ਕ ਰਸ਼ੀਦ ਕਿਦਵਈ ਦੱਸਦੇ ਹਨ, "ਜਵਾਹਰਲਾਲ ਨਹਿਰੂ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਤੀਨ ਮੂਰਤੀ ਮਾਰਗ 'ਤੇ ਰਹੇ। ਇਹ ਕੋਠੀ ਪਹਿਲਾਂ ਬ੍ਰਿਟਿਸ਼ ਕਮਾਂਡਰ-ਇਨ-ਚੀਫ਼ ਦਾ ਆਵਾਸ ਹੁੰਦੀ ਸੀ। ਨਹਿਰੂ ਦੇ ਦਿਹਾਂਤ ਤੋਂ ਬਾਅਦ ਇਸ ਨੂੰ ਮੈਮੋਰੀਅਲ ਵਿੱਚ ਤਬਦੀਲ ਕਰ ਦਿੱਤਾ ਗਿਆ।"
"ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ 9 ਜਨਪਥ ਵਾਲੇ ਆਪਣੇ ਆਵਾਸ ਵਿੱਚ ਹੀ ਰਹੇ। 1966 ਵਿੱਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਸ ਥਾਂ ਨੂੰ ਵੀ ਮੈਮੋਰੀਅਲ ਵਿੱਚ ਤਬਦੀਲ ਕਰ ਦਿੱਤਾ ਗਿਆ।"
"ਇੰਦਰਾ ਗਾਂਧੀ 1 ਸਫ਼ਦਰਜੰਗ ਰੋਡ ਵਾਲੇ ਆਵਾਸ ਵਿੱਚ ਹੀ ਰਹੇ ਅਤੇ ਉੱਥੇ ਹੀ ਉਨ੍ਹਾਂ ਦਾ ਕਤਲ ਹੋਇਆ। ਮੋਰਾਰਜੀ ਦੇਸਾਈ ਅਤੇ ਚੌਧਰੀ ਚਰਨ ਸਿੰਘ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਆਪਣੇ ਪਹਿਲਾਂ ਵਾਲੇ ਆਵਾਸਾਂ ਵਿੱਚ ਹੀ ਰਹੇ।"
ਰਸ਼ੀਦ ਕਿਦਵਈ ਦੱਸਦੇ ਹਨ ਕਿ ਰਾਜੀਵ ਗਾਂਧੀ ਪਹਿਲੇ ਪ੍ਰਧਾਨ ਮੰਤਰੀ ਸਨ ਜੋ ਸੁਰੱਖਿਆ ਕਾਰਨਾਂ ਕਰਕੇ 7 ਰੇਸ ਕੋਰਸ ਰੋਡ ਵਾਲੇ ਆਵਾਸ ਵਿੱਚ ਰਹਿਣ ਆਏ ਸਨ ਅਤੇ ਵੀਪੀ ਸਿੰਘ ਦੀ ਸਰਕਾਰ ਦੇ ਸਮੇਂ ਇਸ ਨੂੰ ਅਧਿਕਾਰਕ ਪ੍ਰਧਾਨ ਮੰਤਰੀ ਆਵਾਸ ਵਜੋਂ ਸਮਰਪਿਤ ਕੀਤਾ ਗਿਆ ਸੀ।
ਉਹ ਦੱਸਦੇ ਹਨ ਕਿ ਨਰਸਿੰਮਾ ਰਾਓ, ਆਈਕੇ ਗੁਜਰਾਲ ਅਤੇ ਅਟਲ ਬਿਹਾਰੀ ਵਾਜਪੇਈ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਇਸੇ ਆਵਾਸ ਵਿੱਚ ਰਹੇ ਹਨ, ਹਾਲਾਂਕਿ ਚੰਦਰਸ਼ੇਖਰ ਆਪਣੇ 7 ਮਹੀਨੇ ਦੇ ਕਾਰਜਕਾਲ ਦੌਰਾਨ ਇਸ ਥਾਂ ਨਹੀਂ ਰਹੇ।
ਕਦੋਂ-ਕਦੋਂ ਇਸ ਦੇ ਬਾਹਰ ਪ੍ਰਦਰਸ਼ਨ ਹੋਏ
ਰੇਸ ਕੋਰਸ ਰੋਡ ਜਾਂ ਹੁਣ ਲੋਕ ਕਲਿਆਣ ਮਾਰਗ ਜ਼ਿਆਦਾ ਸੁਰੱਖਿਆ ਪ੍ਰਬੰਧਾਂ ਵਾਲਾ ਇਲਾਕਾ ਰਿਹਾ ਹੈ।
ਵਿਵੇਕ ਸ਼ੁਕਲਾ ਦੱਸਦੇ ਹਨ ਕਿ ਅਸ਼ੋਕਾ ਹੋਟਲ ਤੋਂ ਲੈ ਕੇ ਸਫ਼ਦਰਜੰਗ ਰੋਡ ਥਾਣੇ ਤੱਕ ਇਸ ਇਲਾਕੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਆਵਾਸ ਦੇ ਨੇੜੇ ਤੱਕ ਮੁਜ਼ਾਹਰੇ ਹੁੰਦੇ ਰਹੇ ਹਨ।
ਉੱਥੇ ਹੀ, ਰਸ਼ੀਦ ਕਿਦਵਈ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਆਵਾਸ ਦੇ ਆਲੇ-ਦੁਆਲੇ ਮਨਾਹੀ ਲਾਗੂ ਰਹਿੰਦੀ ਹੈ, ਇਸ ਲਈ ਇੱਥੇ ਇਕੱਠੇ ਨਹੀਂ ਹੋਇਆ ਜਾ ਸਕਦਾ। ਉਹ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਹੋਏ ਰੋਸ-ਮੁਜ਼ਾਹਰੇ ਨੂੰ ਕਾਫ਼ੀ ਵੱਡਾ ਮੰਨਦੇ ਹਨ।
ਉਹ ਕਹਿੰਦੇ ਹਨ, "ਪੀਐੱਮ ਆਵਾਸ ਦੇ ਇੰਨੇ ਨੇੜੇ ਮੁਜ਼ਾਹਰਾ ਕਰਨਾ ਐੱਸਪੀਜੀ ਦੀ ਇੱਕ ਕੋਤਾਹੀ ਹੈ ਅਤੇ ਪੀਐੱਮ ਆਵਾਸ ਦੇ ਬਾਹਰ ਇੰਨੀ ਦੇਰ ਤੱਕ ਪਹਿਲਾਂ ਕਦੇ ਵੀ ਕੋਈ ਮੁਜ਼ਾਹਰਾ ਨਹੀਂ ਹੋ ਸਕਿਆ ਸੀ।"
ਕਾਂਗਰਸ ਆਗੂਆਂ ਦੇ ਮੁਜ਼ਾਹਰੇ ਤੋਂ ਪਹਿਲਾਂ ਸਾਲ 2011 ਦੇ ਮੁਜ਼ਾਹਰੇ ਨੂੰ ਰਸ਼ੀਦ ਕਿਦਵਈ ਪੀਐੱਮ ਆਵਾਸ ਦੇ ਬਾਹਰ ਹੁਣ ਤੱਕ ਦਾ ਸਭ ਤੋਂ ਵੱਡਾ ਰੋਸ-ਮੁਜ਼ਾਹਰਾ ਮੰਨਦੇ ਸਨ।
ਜਨ ਲੋਕਪਾਲ ਦੀ ਮੰਗ ਕਰ ਰਹੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੇ ਸਮਰਥਕ ਪੀਐੱਮ ਆਵਾਸ ਦੇ ਬਾਹਰ ਇਕੱਠੇ ਹੋਏ ਸਨ। ਉਸ ਸਮੇਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਅਤੇ ਤਕਰੀਬਨ 40 ਮਰਦਾਂ ਅਤੇ ਛੇ ਔਰਤਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।
ਰਸ਼ੀਦ ਕਿਦਵਈ ਦੱਸਦੇ ਹਨ ਕਿ ਜਦੋਂ ਤੱਕ ਭਾਜਪਾ ਵਿਰੋਧੀ ਧਿਰ ਵਿੱਚ ਸੀ, ਉਦੋਂ ਤੱਕ ਉਸ ਨੇ ਕਈ ਵਾਰ ਪੀਐੱਮ ਆਵਾਸ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਹਾਲਾਂਕਿ, ਪ੍ਰਦਰਸ਼ਨਾਂ ਲਈ ਤੈਅਸ਼ੁਦਾ ਥਾਂ ਜੰਤਰ-ਮੰਤਰ ਹੈ। ਇਸ ਤੋਂ ਪਹਿਲਾਂ ਬੋਟ ਕਲੱਬ ਮੁਜ਼ਾਹਰੇ ਲਈ ਤੈਅ ਥਾਂ ਸੀ, ਪਰ ਸੰਸਦ ਦੇ ਨੇੜੇ ਹੋਣ ਕਾਰਨ ਹੁਣ ਉੱਥੇ ਮੁਜ਼ਾਹਰੇ ਦੀ ਇਜਾਜ਼ਤ ਨਹੀਂ ਹੈ।
ਵਿਵੇਕ ਸ਼ੁਕਲਾ ਦੱਸਦੇ ਹਨ, "2012 ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਇੰਡੀਆ ਅਗੇਂਸਟ ਕਰਪਸ਼ਨ ਨੇ ਪੀਐੱਮ ਆਵਾਸ ਦੇ ਬਾਹਰ ਮੁਜ਼ਾਹਰਾ ਕੀਤਾ ਸੀ। ਉੱਥੇ ਹੀ 2013 ਵਿੱਚ ਮਨਮੋਹਨ ਸਿੰਘ ਸਰਕਾਰ 'ਤੇ ਕਥਿਤ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਭਾਰਤੀ ਜਨਤਾ ਯੁਵਾ ਮੋਰਚਾ ਦੇ ਕਾਰਕੁਨਾਂ ਨੇ ਪੀਐੱਮ ਆਵਾਸ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ।"
"ਸਾਲ 2013 ਵਿੱਚ ਹੀ ਟੀਡੀਪੀ ਦੇ ਸੰਸਦ ਮੈਂਬਰਾਂ ਨੇ ਕ੍ਰਿਸ਼ਨਾ ਦਰਿਆ ਦੇ ਜਲ ਵਿਵਾਦ ਨੂੰ ਲੈ ਕੇ ਪੀਐੱਮ ਆਵਾਸ ਦੇ ਨੇੜੇ ਸੰਕੇਤਕ ਮੁਜ਼ਾਹਰਾ ਕੀਤਾ ਸੀ। ਉੱਥੇ ਹੀ ਸਾਲ 1984 ਦੇ ਸਿੱਖ ਦੰਗਿਆਂ ਤੋਂ ਬਾਅਦ ਸਮੇਂ-ਸਮੇਂ 'ਤੇ ਸਿੱਖ ਜਥੇਬੰਦੀਆਂ ਵੱਲੋਂ ਛੋਟੇ-ਛੋਟੇ ਮੁਜ਼ਾਹਰੇ ਹੁੰਦੇ ਰਹੇ ਹਨ। ਪਰ ਮੇਰਾ ਮੰਨਣਾ ਹੈ ਕਿ ਮੰਗਲਵਾਰ ਨੂੰ ਕਾਂਗਰਸ ਦਾ ਮੁਜ਼ਾਹਰਾ ਹੁਣ ਤੱਕ ਦਾ ਸਭ ਤੋਂ ਵੱਡਾ ਮੁਜ਼ਾਹਰਾ ਸੀ।"
ਸੀਨੀਅਰ ਪੱਤਰਕਾਰ ਵਿਜੇ ਤ੍ਰਿਵੇਦੀ ਦੱਸਦੇ ਹਨ ਕਿ ਅਟਲ ਬਿਹਾਰੀ ਵਾਜਪੇਈ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਜਦੋਂ 1999 ਵਿੱਚ ਕੰਧਾਰ ਜਹਾਜ਼ ਅਗਵਾ ਹੋਇਆ ਸੀ, ਤਾਂ ਅਗਵਾ ਕੀਤੇ ਗਏ ਜਹਾਜ਼ ਵਿੱਚ ਸਵਾਰ ਯਾਤਰੀਆਂ ਦੇ ਪਰਿਵਾਰਕ ਮੈਂਬਰ ਅਤੇ ਵੱਖ-ਵੱਖ ਜਥੇਬੰਦੀਆਂ ਪੀਐੱਮ ਆਵਾਸ ਦੇ ਬਾਹਰ ਮੁਜ਼ਾਹਰਾ ਕਰਦੇ ਸਨ।
ਹਾਲਾਂਕਿ, 7 ਲੋਕ ਕਲਿਆਣ ਮਾਰਗ ਕਦੋਂ ਤੱਕ ਪ੍ਰਧਾਨ ਮੰਤਰੀ ਦਾ ਅਧਿਕਾਰਕ ਆਵਾਸ ਰਹੇਗਾ, ਇਹ ਸਪਸ਼ਟ ਨਹੀਂ ਹੈ, ਪਰ ਸਾਊਥ ਬਲਾਕ ਦੇ ਨੇੜੇ ਬਣ ਰਹੀ ਨਵੀਂ ਸੈਂਟ੍ਰਲ ਵਿਸਟਾ ਰੀਡਿਵੈਲਪਮੈਂਟ ਯੋਜਨਾ ਵਿੱਚ ਪ੍ਰਧਾਨ ਮੰਤਰੀ ਦੇ ਨਵੇਂ ਆਵਾਸ ਦੀ ਵੀ ਪੇਸ਼ਕਸ਼ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ