ਸਤਲੁਜ: 'ਲੱਗਦਾ ਇੰਝ ਹੈ, ਮਰਨ ਤੋਂ 30 ਸਾਲ ਬਾਅਦ ਹੁਣ ਜਸਵੰਤ ਦੀ ਗਾਇਬਸ਼ੁਦਾ ਲਾਸ਼ ਆਪਣੇ ਲਈ ਕਰੈਕਟਰ ਸਰਟੀਫਿਕੇਟ ਲੱਭਦੀ ਫਿਰਦੀ ਹੈ'- ਹਨੀਫ਼ ਦਾ ਵਲੌਗ

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

ਮੇਰੇ ਵਰਗੇ ਪੱਤਰਕਾਰ, ਲਿਖਾਰੀ, ਕਲਮਕਸੀਟੀਏ ਹਰ ਗੱਲ ਪਿੱਛੇ ਕੋਈ ਨਾ ਕੋਈ ਬਰੀਕ ਗੱਲ ਲੱਭ ਲੈਂਦੇ ਹਨ। ਹਰ ਕਿਤਾਬ, ਹਰ ਫਿਲਮ ਦੇ ਪਿੱਛੇ ਵੀ ਕੋਈ ਨਾ ਕੋਈ ਸਾਜ਼ਿਸ਼ ਦਾ ਖੁਰਾ ਲੱਭਦੇ ਰਹਿੰਦੇ ਹਨ।

ਫਿਲਮ 'ਸਤਲੁਜ' ਬੈਨ ਹੋਈ। ਜਿਨ੍ਹਾਂ ਨੇ ਨਹੀਂ ਸੀ ਵੇਖਣੀ, ਉਨ੍ਹਾਂ ਵੀ ਵੇਖ ਲਈ। ਹੁਣ ਸਾਡੇ ਸਿਆਣੇ ਸਾਨੂੰ ਦੱਸ ਰਹੇ ਨੇ ਕਿ ਫਿਲਮ ਵਿੱਚ ਪੂਰਾ ਸੱਚ ਨਹੀਂ ਵਖਾਇਆ ਗਿਆ।

ਧਰਾਓ ਪੰਜਾਬ ਪੁਲਿਸ ਨੇ ਵੀ ਕੀਤਾ ਸੀ ਤੇ ਧਰਾਓ ਖ਼ਾਲਿਸਤਾਨੀਆਂ ਨੇ ਵੀ ਕੀਤਾ ਸੀ ਤੇ ਉਨ੍ਹਾਂ ਦਾ ਜ਼ੁਲਮ ਇਸ ਫਿਲਮ ਵਿੱਚ ਨਹੀਂ ਵਖਾਇਆ ਗਿਆ।

ਹੁਣ ਫਿਲਮ ਕੋਈ ਨਿਊਜ਼ ਰਿਪੋਰਟ ਤਾਂ ਹੈ ਨਹੀਂ, ਜਿਸ ਦੇ ਵਿੱਚ ਦੱਸਿਆ ਜਾਵੇ ਕਿ ਸਰਕਾਰ ਨੇ ਇਹ ਫੁਰਮਾਇਆ ਤੇ ਉਸ ਦੇ ਜਵਾਬ 'ਚ ਵਿਰੋਧੀ ਧਿਰ ਨੇ ਇਹ ਕਿਹਾ।

ਫਿਲਮ ਵਿੱਚ ਇੱਕ ਛੋਟਾ ਜਿਹਾ ਸੱਚ ਜਿਹੜਾ ਕਿ ਪੂਰਾ ਸੱਚ ਉਹ ਇਹ ਹੈ ਕਿ ਜਸਵੰਤ ਖਾਲੜਾ ਬੰਦਾ ਸੀ, ਉਹ ਲਾਪਤਾ ਵਿਅਕਤੀਆਂ 'ਤੇ ਰੌਲਾ ਪਾਉਂਦਾ ਸੀ। ਪੰਜਾਬ ਪੁਲਿਸ ਨੇ ਪਹਿਲੇ ਉਸ ਨੂੰ ਗਾਇਬ ਕੀਤਾ, ਫਿਰ ਉਸ ਦੀ ਲਾਸ਼ ਵੀ ਗਾਇਬ ਕਰ ਦਿੱਤੀ।

ਹੁਣ ਅਸੀਂ ਉਹ ਗਾਇਬ ਕੀਤੀ ਲਾਸ਼ ਦਾ ਪੋਸਟਮਾਰਟਮ ਕਰ ਰਹੇ ਹਾਂ। ਕਹਿ ਰਹੇ ਹਾਂ ਵੀ ਉਸ ਬੰਦੇ ਦੇ ਕੰਮ ਤੇ ਵੇਖੋ, ਉਹ ਤੇ ਆਪ ਅੰਦਰੋਂ ਖ਼ਾਲਿਸਤਾਨੀ ਸੀ। ਉਸ ਨੇ ਤੇ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਹੀਰੋ ਕਿਹਾ ਸੀ, ਨਾਲ ਝੂਠ ਵੀ ਮਾਰਦਾ ਸੀ।

ਬੰਦਾ ਸਿਰਫ਼ ਛੇ ਹਜ਼ਾਰ ਜਾਂ ਅੱਠ ਹਜ਼ਾਰ ਗਾਇਬ ਹੋਇਆ ਸੀ। ਉਹ ਕਹਿੰਦਾ ਵੀ ਪੱਚੀ ਹਜ਼ਾਰ ਤੋਂ ਜ਼ਿਆਦਾ ਗਾਇਬ ਹੋਏ ਹਨ।

ਲੋਕੀ ਖੁੱਲ੍ਹ ਕੇ ਕਹਿੰਦੇ ਨਹੀਂ, ਪਰ ਕਹਿਣਾ ਇਹੀ ਚਾਹੁੰਦੇ ਹਨ ਵੀ ਉਸ ਨੂੰ ਆਪਣੇ ਕਰਤੂਤਾਂ ਦੀ ਸਜ਼ਾ ਮਿਲੀ ਹੈ ਜਾਂ ਜਿਵੇਂ ਉਰਦੂ ਸ਼ਾਇਰ ਕਿਹਾ ਗਿਆ ਸੀ ਕਿ 'ਇਸ ਤਰ੍ਹਾਂ ਤੋਂ ਹੋਤਾ ਹੈ ਇਸ ਤਰ੍ਹਾਂ ਕੇ ਕਾਮੋਂ ਮੇਂ।'

ਲੱਗਦਾ ਇੰਝ ਹੈ, ਮਰਨ ਤੋਂ 30 ਸਾਲ ਬਾਅਦ ਹੁਣ ਜਸਵੰਤ ਦੀ ਗਾਇਬਸ਼ੁਦਾ ਲਾਸ਼ ਆਪਣੇ ਲਈ ਕਰੈਕਟਰ ਸਰਟੀਫਿਕੇਟ ਲੱਭਦੀ ਫਿਰਦੀ ਹੈ।

ਇਹ ਬਹਿਸ ਸੁਣ ਕੇ ਸਾਨੂੰ ਆਪਣੀ ਯਾਰ ਤੇ ਭੈਣ ਸਬੀਨ ਮਹਿਮੂਦ ਯਾਦ ਆ ਗਈ। ਤਰਨ ਤਰਨ ਤੋਂ ਕੁਝ ਹਜ਼ਾਰ ਮੀਲ ਦੂਰ ਕਰਾਚੀ ਬੈਠੀ ਸੀ।

ਉੱਥੇ ਵੀ ਕੋਈ ਛੋਟਾ ਜਿਹਾ ਲਾਪਤਾ ਵਿਅਕਤੀਆਂ ਦਾ ਮਸਲਾ ਸੀ। ਉਨ੍ਹਾਂ ਦੇ ਮਾਂ ਪਿਓ, ਭੈਣ-ਭਰਾ ਲੂਰ-ਲੂਰ ਫਿਰਦੇ ਸਨ... ਵੀ ਸਾਡੇ ਪਿਆਰੇ ਵਾਪਸ ਕਰੋ ਜਾਂ ਘੱਟੋ-ਘੱਟ ਅਦਾਲਤਾਂ 'ਚ ਹੀ ਪੇਸ਼ ਕਰ ਦਿਓ। ਅਗਰ ਕੋਈ ਵੱਡਾ ਜ਼ੁਲਮ ਕੀਤਾ ਹੈ ਤਾਂ ਫਾਹੇ ਆ ਦਿਓ।

ਲੇਕਿਨ ਸਾਨੂੰ ਇੱਕ ਵਾਰੀ ਉਨ੍ਹਾਂ ਦੀ ਸ਼ਕਲ ਤੇ ਵਖਾ ਦਿਓ ਜਾਂ ਘੱਟੋ-ਘੱਟ ਇੰਨਾ ਹੀ ਦੱਸ ਦਿਓ ਕਿ ਜਿਉਂਦੇ ਨੇ ਜਾਂ ਮਾਰ ਦਿੱਤਾ ਹੈ।

ਨਾ ਕੋਈ ਮੀਡੀਆ ਵਾਲਾ ਉਨ੍ਹਾਂ ਦੀ ਗੱਲ ਸੁਣਦਾ ਸੀ, ਨਾ ਕੋਈ ਟੀਵੀ ਤੇ ਟਿਕਰ ਚੱਲਦੇ ਸਨ।

ਸਬੀਨ ਮਹਿਮੂਦ ਕੋਲ ਇੱਕ ਛੋਟਾ ਜਿਹਾ ਸਥਾਨ ਸੀ। ਮੋਢੇ ਦੇ ਨਾਲ ਮੋਢਾ ਜੋੜ ਕੇ ਵੀ ਉੱਥੇ ਸੌ ਤੋਂ ਜ਼ਿਆਦਾ ਬੰਦਾ ਨਹੀਂ ਸੀ ਆਉਂਦਾ। ਲੇਕਿਨ ਸਬੀਨ ਦਾ ਦਿਲ ਵੱਡਾ ਸੀ। ਉਸ ਨੇ ਇਹ ਲਾਪਤਾ ਵਿਅਕਤੀਆਂ ਦੇ ਟੱਬਰਾਂ ਨੂੰ ਬੁਲਾ ਲਿਆ।

ਸਿਆਣਿਆਂ ਨੇ ਸਮਝਾਇਆ ਵੀ ਕੁੜੀ, ਇਹ ਕੰਮ ਭਾਰਾ ਹੈ, ਤੂੰ ਨਾ ਕਰ। ਲੇਕਿਨ ਉਸ ਨੇ ਕੀਤਾ। ਗੱਲਬਾਤ ਹੋਈ। ਲੋਕ ਘਰੋਂ-ਘਰੀ ਤੁਰ ਗਏ।

ਪੰਦਰਾਂ ਮਿੰਟ ਬਾਅਦ ਸਬੀਨ ਮਹਿਮੂਦ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਗੱਡੀ ਵਿੱਚ ਨਾਲ ਉਸ ਦੀ ਮਾਂ ਵੀ ਬੈਠੀ ਸੀ। ਉਸ ਨੂੰ ਵੀ ਗੋਲੀਆਂ ਲੱਗੀਆਂ।

ਅਜੇ ਸਬੀਨ ਦੀ ਕਬਰ ਦੀ ਮਿੱਟੀ ਸੁੱਕੀ ਵੀ ਨਹੀਂ ਸੀ ਤੇ ਸਿਆਣਿਆਂ ਨੇ ਫਿਰ ਬਹਿਸ ਛਿੜ ਦਿੱਤੀ ਕਿ ਇਸ ਕਤਲ ਦਾ ਲਾਪਤਾ ਵਿਅਕਤੀਆਂ ਦੇ ਨਾਲ ਕੋਈ ਤਾਲੁਕ ਨਹੀਂ। ਦੇਖੋ ਨਾ ਜੀ ਇਸ ਦੇ ਕਰਤੂਤ ਕੈਸੇ ਸਨ।

ਬੌਏ ਕੱਟ ਵਾਲ ਰੱਖੇ ਸਨ। ਮੁੰਡਿਆਂ ਕੁੜੀਆਂ ਨੂੰ ਖ਼ਰਾਬ ਕਰਦੀ ਸੀ। ਵੈਲੇਨਟਾਈਨ ਡੇਅ ਮਨਾਉਂਦੀ ਸੀ। ਸ਼ਹਿਰ ਦੀਆਂ ਕੰਧਾਂ ਤੇ ਫੁੱਲ ਪੱਤੀਆਂ ਬਣਾਉਂਦੀ ਸੀ। ਕਿਸੇ ਮੋਮਿਨ ਮੁੰਡੇ ਨੇ ਗੈਰਤ ਵਿੱਚ ਆ ਕੇ ਗੋਲੀ ਮਾਰ ਦਿੱਤੀ ਹੋਣੀ ਹੈ। ਗੱਲ ਉਹ ਹੋਈ ਕਿ ਇਸ ਤਰ੍ਹਾਂ ਤੋਂ ਹੁੰਦਾ ਹੈ ਇਸ ਤਰ੍ਹਾਂ ਕੇ ਕਾਮੋਂ ਮੇਂ।

ਜੇ ਕਰੈਕਟਰ ਸਰਟੀਫਿਕੇਟ ਦੇਣੇ ਹੀ ਨੇ ਤਾਂ ਆਪਣੀ ਸਰਕਾਰ ਨੂੰ ਦਿਓ। ਜਿਨ੍ਹਾਂ ਨੇ ਜਾਨ ਦੀ ਪਰਵਾਹ ਨਾ ਕੀਤੀ, ਉਨ੍ਹਾਂ ਨੂੰ ਹੁਣ ਸਾਡੇ ਕਰੈਕਟਰ ਸਰਟੀਫਿਕੇਟ ਦੀ ਵੀ ਲੋੜ ਕੋਈ ਨਹੀਂ।

ਰੱਬ ਰਾਖਾ!

(ਇਹ ਲੇਖਕ ਦੇ ਨਿਜੀ ਵਿਚਾਰ ਹਨ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)