ਪੰਜਾਬ 'ਚ ਬੀਜੇਪੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਕਰਨ ਦਾ ਕੀ ਮਤਲਬ ਹੈ? ਕੀ 'ਸਰਕਾਰ-ਏ-ਖ਼ਾਲਸਾ' ਸੰਭਵ ਹੋਵੇਗੀ?

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਸੂਬੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੇ ਵਾਅਦੇ ਕਰ ਰਹੀ ਹੈ।

ਹਾਲਾਂਕਿ ਪੰਜਾਬ ਦੇ ਲੋਕਾਂ ਲਈ ਇਹ ਕੋਈ ਨਵਾਂ ਵਾਅਦਾ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੀ ਕਈ ਦਹਾਕਿਆਂ ਤੱਕ ਸੂਬੇ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ਾਸਨ ਦੇਣ ਦੀਆਂ ਗੱਲਾਂ ਕਰਦੀ ਰਹੀ ਹੈ।

ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਮੌਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੀਐੱਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਭੇਟ ਕੀਤੀ ਅਤੇ ਕਿਹਾ ਕਿ ਭਾਜਪਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਅੰਦਰ ਰਣਜੀਤ ਸਿੰਘ ਵਰਗਾ ਰਾਜ ਦੇਣਾ ਚਾਹੁੰਦੀ ਹੈ।

ਕੇਵਲ ਸਿੰਘ ਢਿੱਲੋਂ ਨੇ ਕਿਹਾ, "ਅਸੀਂ ਪੰਜਾਬ ਵਿੱਚ ਤੁਹਾਡੀ ਲੀਡਰਸ਼ਿਪ ਵਿੱਚ ਸਰਕਾਰ-ਏ-ਖ਼ਾਲਸਾ, ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਉਣਾ ਚਾਹੁੰਦੇ ਹਾਂ।"

ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਭਾਸ਼ਣ ਵਿੱਚ ਪੰਜਾਬ ਦੀ ਧਰਤੀ ਨੂੰ 'ਮਹਾਰਾਜਾ ਰਣਜੀਤ ਸਿੰਘ ਦੀ ਧਰਤੀ' ਦੱਸਦਿਆਂ ਕਿਹਾ ਕਿ 'ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਖੁਸ਼ਹਾਲੀ ਸੀ, ਸੁਰੱਖਿਆ ਦੀ ਗਰੰਟੀ ਵੀ ਸੀ ਅਤੇ ਸਮਾਜ ਵਿੱਚ ਸਦਭਾਵਨਾ ਵੀ ਸੀ'।

ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਹੋਰ ਵੱਡੀ ਵਿਸ਼ੇਸ਼ਤਾ ਲਈ ਵੀ ਜਾਣਿਆਂ ਜਾਂਦਾ ਸੀ ਜੋ ਧਰਮ-ਨਿਰਪੱਖਤਾ ਦਾ ਸ਼ਾਸਨ ਸੀ।

ਸਵਾਲ ਹੈ ਕਿ ਬਸਤੀਵਾਦ ਤੋਂ ਪਹਿਲਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇੱਕੀਵੀਂ ਸਦੀ ਵਿੱਚ ਬੀਜੇਪੀ ਕਿਉਂ ਰੋਲ ਮਾਡਲ ਬਣਾ ਰਹੀ ਹੈ?

ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਮਹਾਰਜਾ ਰਣਜੀਤ ਸਿੰਘ ਦਾ 'ਧਰਮ-ਨਿਰਪੱਖ' ਰਾਜ ਕੀ ਸੀ? ਧਰਮ ਦੀ ਰਾਜਨੀਤੀ ਨੂੰ ਲੈ ਕੇ ਜਦੋਂ ਬੀਜੇਪੀ 'ਤੇ ਅਲੋਚਕ ਅਕਸਰ ਸਵਾਲ ਚੁੱਕਦੇ ਹਨ ਤਾਂ ਪੰਜਾਬ ਵਿੱਚ ਬੀਜੀਪੀ ਦੀ ਕੀ ਰਣਨੀਤੀ ਹੈ?

ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰ-ਏ-ਖ਼ਾਲਸਾ ਰਾਜ ਕੀ ਸੀ?

ਮਹਾਰਾਜਾ ਰਣਜੀਤ ਸਿੰਘ ਨੂੰ 'ਸ਼ੇਰ-ਏ-ਪੰਜਾਬ' ਜਾਂ 'ਲਾਇਨ ਆਫ਼ ਪੰਜਾਬ' ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ।

ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਹੋਇਆ ਸੀ। ਹਾਲਾਂਕਿ ਸਿੱਖ ਇਤਿਹਾਸਕਾਰਾਂ ਮੁਤਾਬਕ ਉਹਨਾਂ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਰੁੱਖਾਂ ਵਿੱਚ ਹੋਇਆ ਪਰ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਉਹ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਸ਼ੁਕਰਚਕੀਆ ਮਿਸਲ ਵਿੱਚ ਪੈਦਾ ਹੋਏ ਸਨ।

ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ 12 ਅਪ੍ਰੈਲ 1801 ਨੂੰ ਹੋਈ ਸੀ ਅਤੇ ਉਹਨਾਂ ਨੇ ਸਿੱਖ ਮਿਸਲਾਂ ਨੂੰ ਇਕੱਠਿਆਂ ਕਰਕੇ ਇੱਕ ਵਿਸ਼ਾਲ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ।

ਇਤਿਹਾਸਕਾਰ ਖ਼ੁਸ਼ਵੰਤ ਸਿੰਘ ਆਪਣੀ ਕਿਤਾਬ 'ਅ ਹਿਸਟਰੀ ਆਫ਼ ਸਿੱਖਸ' ਵਿੱਚ ਲਿਖਦੇ ਹਨ', "ਜਿਵੇਂ ਹੀ ਸ਼ਾਹ ਜ਼ਮਾਨ ਦੇ ਅਫ਼ਗਾਨਿਸਤਾਨ ਵੱਲ ਰਵਾਨਾ ਹੋਣ ਦੀ ਖ਼ਬਰ ਅੰਮ੍ਰਿਤਸਰ ਵਿੱਚ ਮੌਜੂਦ ਸਿੱਖ ਸਰਦਾਰਾਂ ਤੱਕ ਪਹੁੰਚੀ, ਉਹ ਤੁਰੰਤ ਖਿੰਡ ਗਏ ਅਤੇ ਆਪਣੀਆਂ ਜਾਇਦਾਦਾਂ ਮੁੜ ਹਾਸਲ ਕਰਨ ਲਈ ਵਾਪਸ ਭੱਜੇ। ਰਣਜੀਤ ਸਿੰਘ ਨੇ ਜਲਦੀ ਹੀ ਗੁਜਰਾਂਵਾਲਾ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਫ਼ਗਾਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਅਟਕ ਤੱਕ ਉਨ੍ਹਾਂ ਨਾਲ ਲਗਾਤਾਰ ਛੋਟੀਆਂ-ਵੱਡੀਆਂ ਝੜਪਾਂ ਕੀਤੀਆਂ। ਭਾਰਤ ਦੇ ਲੋਕਾਂ ਨੇ ਪੰਜਾਬ ਦੇ ਅਸਮਾਨ 'ਤੇ ਉਭਰੇ ਇਸ ਨਵੇਂ ਸਿਤਾਰੇ ਬਾਰੇ ਸੁਣਿਆ।"

ਖ਼ੁਸ਼ਵੰਤ ਸਿੰਘ ਲਿਖਦੇ ਹਨ, "ਰਣਜੀਤ ਸਿੰਘ ਨੇ ਨਵੇਂ ਸਿੱਕੇ ਜਾਰੀ ਕਰਨ ਦਾ ਹੁਕਮ ਦਿੱਤਾ। ਇਨ੍ਹਾਂ ਸਿੱਕਿਆਂ ਉੱਤੇ ਨਾ ਤਾਂ ਉਹਨਾਂ ਦੀ ਤਸਵੀਰ ਸੀ ਅਤੇ ਨਾ ਹੀ ਉਹਨਾਂ ਦਾ ਨਾਮ, ਸਗੋਂ ਗੁਰੂ ਨਾਨਕ ਦੇਵ ਜੀ ਦਾ ਨਾਮ ਦਰਜ ਸੀ। ਇਨ੍ਹਾਂ ਨੂੰ ਨਾਨਕਸ਼ਾਹੀ ਸਿੱਕੇ ਕਿਹਾ ਗਿਆ। ਇਸੇ ਤਰ੍ਹਾਂ ਸਰਕਾਰੀ ਮੋਹਰ ਉੱਤੇ ਵੀ ਉਹਨਾਂ ਦਾ ਕੋਈ ਹਵਾਲਾ ਨਹੀਂ ਸੀ।"

'ਪੰਜਾਬ: ਅ ਹਿਸਟਰੀ ਫਰੌਮ ਔਰੰਗਜ਼ੇਬ ਟੂ ਮਾਊਂਟਬੈਟਨ' ਨਾਂ ਦੀ ਕਿਤਾਬ ਵਿੱਚ ਰਾਜਮੋਹਨ ਗਾਂਧੀ ਲਿਖਦੇ ਹਨ, "ਇਸ ਤਰ੍ਹਾਂ, ਸਦੀਆਂ ਵਿੱਚ ਪਹਿਲੀ ਵਾਰ ਪੰਜਾਬ ਦੇ ਮੁਸਲਮਾਨਾਂ ਉੱਤੇ ਜੱਟ ਸਿੱਖਾਂ ਦੀ ਅਗਵਾਈ ਵਾਲੀ ਇੱਕ ਗੈਰ-ਮੁਸਲਮ ਹਕੂਮਤ ਰਾਜ ਕਰ ਰਹੀ ਸੀ।"

ਸਿੱਖ ਇਤਿਹਾਸਕਾਰ ਸੁਖਦਿਆਲ ਸਿੰਘ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਿੰਧ ਦਰਿਆ ਤੋਂ ਉੱਪਰ ਦੱਰਾ ਖ਼ੈਬਰ (ਅੱਜ-ਕੱਲ੍ਹ ਅਫ਼ਗਾਨਿਸਤਾਨ ਦੀਆਂ ਹੱਦਾਂ ਨਾਲ ਲੱਗਦਾ ਹੈ), ਮੁਲਤਾਨ, ਜੰਮੂ-ਕਸ਼ਮੀਰ, ਲੱਦਾਖ਼ ਅਤੇ ਭਾਰਤੀ ਪੰਜਾਬ ਵਿੱਚ ਸਤਲੁਜ ਤੱਕ ਫੈਲਿਆ ਹੋਇਆ ਸੀ।

ਖ਼ੁਸ਼ਵੰਤ ਸਿੰਘ ਲਿਖਦੇ ਹਨ ਕਿ 27 ਜੂਨ 1839 ਦੀ ਸ਼ਾਮ ਨੂੰ, ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ, ਠੀਕ ਚਾਲੀ ਸਾਲ ਬਾਅਦ ਜਦੋਂ ਉਹ ਇੱਕ ਜੇਤੂ ਵਜੋਂ ਲਾਹੌਰ ਵਿੱਚ ਦਾਖ਼ਲ ਹੋਏ ਸੀ।

ਰਣਜੀਤ ਸਿੰਘ ਦੀ ਧਰਮ-ਨਿਰਪੱਖਾ ਦੀ ਨੀਤੀ ਕੀ ਸੀ?

ਮਹਾਰਜਾ ਰਣਜੀਤ ਸਿੰਘ ਦੇ ਰਾਜ ਨੂੰ ਇੱਕ ਧਰਮ-ਨਿਰਪੱਖਤਾ ਵਾਲਾ ਰਾਜ ਮੰਨਿਆ ਜਾਂਦਾ ਹੈ। ਉਹਨਾਂ ਦੇ ਸ਼ਾਸਨ ਵਿੱਚ ਸਿੱਖ, ਹਿੰਦੂ ਅਤੇ ਮੁਸਲਮਾਨ ਨੂੰ ਨੁਮਾਇੰਦਗੀ ਦਿੱਤੀ ਗਈ ਸੀ।

ਖੁਸ਼ਵੰਤ ਸਿੰਘ ਲਿਖਦੇ ਹਨ, "ਰਣਜੀਤ ਸਿੰਘ ਦਾ ਦਰਬਾਰ ਉਹਨਾਂ ਦੇ ਰਾਜ ਦੀ ਧਰਮ-ਨਿਰਪੱਖ ਨੀਤੀ ਨੂੰ ਦਰਸਾਉਂਦਾ ਸੀ। ਉਸ ਦੇ ਪ੍ਰਧਾਨ ਮੰਤਰੀ, ਧਿਆਨ ਸਿੰਘ, ਇੱਕ ਡੋਗਰਾ ਸਨ। ਵਿਦੇਸ਼ ਮੰਤਰੀ, ਅਜ਼ੀਜ਼ੁੱਦੀਨ, ਇੱਕ ਮੁਸਲਮਾਨ ਸਨ ਅਤੇ ਵਿੱਤ ਮੰਤਰੀ ਦੀਨਾ, ਇੱਕ ਬ੍ਰਾਹਮਣ ਸਨ।"

ਮਹਾਰਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਰਕਾਰੀ ਕੰਮਕਾਜ ਦੀ ਭਾਸ਼ਾ ਫ਼ਾਰਸੀ ਸੀ।

ਇਤਿਹਾਸਕਾਰ ਰਾਜਮੋਹਨ ਗਾਂਧੀ ਲਿਖਦੇ ਹਨ, "ਉਹਨਾਂ ਦੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨ ਸਨ ਅਤੇ ਮੁਸਲਮ ਕਾਜ਼ੀ ਉਨ੍ਹਾਂ ਅਦਾਲਤਾਂ ਦੀ ਅਗਵਾਈ ਕਰਦੇ ਸਨ, ਜਿੱਥੇ ਉਹਨਾਂ ਦੀ ਮੁਸਲਮ ਇਸਲਾਮੀ ਕਾਨੂੰਨ ਅਨੁਸਾਰ ਇਨਸਾਫ਼ ਲੈਣ ਲਈ ਜਾਂਦੀ ਸੀ। ਫ਼ਕੀਰ ਨੂਰੁੱਦੀਨ ਦੀ ਦੇਖ-ਰੇਖ ਹੇਠ ਚੱਲਣ ਵਾਲੇ ਕਈ ਦਵਾਖਾਨਿਆਂ ਵਿੱਚ ਯੂਨਾਨੀ ਦਵਾਈਆਂ ਬਿਨਾਂ ਕਿਸੇ ਖ਼ਰਚੇ ਦੇ ਦਿੱਤੀਆਂ ਜਾਂਦੀਆਂ ਸਨ। ਉਹ ਸਕੂਲ (ਮਦਰੱਸੇ) ਵੀ ਚੱਲਦੇ ਰਹੇ ਜਿੱਥੇ ਕੁਰਾਨ ਅਤੇ ਅਰਬੀ ਭਾਸ਼ਾ ਪੜ੍ਹਾਈ ਜਾਂਦੀ ਸੀ ਅਤੇ ਵਿਧਵਾਵਾਂ ਛੋਟੇ ਮੁੰਡੇ-ਕੁੜੀਆਂ ਨੂੰ ਪੜ੍ਹਾਉਂਦੀਆਂ ਸਨ।"

ਇਤਿਹਾਸਕਾਰ ਰਾਜਮੋਹਨ ਗਾਂਧੀ ਮੰਨਦੇ ਹਨ, "ਜੇ ਰਣਜੀਤ ਸਿੰਘ ਵੱਲੋਂ ਮੁਸਲਮਾਨਾਂ ਦੀਆਂ ਮਸਜਿਦਾਂ ਅਤੇ ਦਰਗਾਹਾਂ ਦੇ ਕੀਤੇ ਗਏ ਦੌਰਿਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਅਤੇ ਇਸ ਤੱਥ ਨੂੰ ਵੀ ਕਿ ਜਿਨ੍ਹਾਂ ਮੁਸਲਮਾਨ ਔਰਤਾਂ ਨੂੰ ਉਹਨਾਂ ਨੇ ਆਪਣੇ ਹਰਮ ਵਿੱਚ ਰੱਖਿਆ ਜਾਂ ਜਿਨ੍ਹਾਂ ਨਾਲ ਉਹਨਾਂ ਨੇ ਵਿਆਹ ਕਰਵਾਇਆ, ਉਨ੍ਹਾਂ ਨੂੰ ਆਪਣਾ ਧਰਮ ਬਦਲਣ ਲਈ ਨਹੀਂ ਕਿਹਾ ਗਿਆ।"

ਰਣਜੀਤ ਸਿੰਘ ਦੇ ਰਾਜ ਵਿੱਚ ਨਿਆ ਵਿਵਸਥਾ ਬਾਰੇ ਖੁਸ਼ਵੰਤ ਸਿੰਘ ਲਿਖਦੇ ਹਨ, "ਕੋਈ ਮੌਤ ਦੀ ਸਜ਼ਾ ਨਹੀਂ ਸੀ ਅਤੇ ਸਿਵਾਏ ਜਿੱਥੇ ਨਾਜ਼ਿਮ ਮਾਰਸ਼ਲ ਕਾਨੂੰਨ ਲਾਗੂ ਕਰਦਾ। …ਜੇਲ੍ਹਾਂ ਮੁੱਖ ਤੌਰ 'ਤੇ ਸਿਆਸੀ ਕੈਦੀਆਂ ਲਈ ਵਰਤੀਆਂ ਜਾਂਦੀਆਂ ਸਨ।"

ਇਤਿਹਾਸਕਾਰ ਸੁਖਦਿਆਲ ਸਿੰਘ ਕਹਿੰਦੇ ਹਨ, "ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਰੀਬ ਅੱਠ ਫੀਸਦੀ ਲੋਕ ਸਿੱਖ ਸਨ, ਬਾਕੀ ਹਿੰਦੂ, ਮੁਸਲਮਾਨ ਅਤੇ ਹੋਰ ਧਰਮਾਂ ਦੇ ਲੋਕ ਸਨ। ਇਸ ਲਈ ਇੰਨੀ ਘੱਟ ਗਿਣਤੀ ਇਹ ਨਹੀਂ ਕਰ ਸਕਦੀ ਕਿ ਬਾਕੀਆਂ ਨੂੰ ਸਿੱਖ ਬਣਾ ਦੇਵੇ ਜਾਂ ਦੂਜਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੰਦੀ। ਪਰ ਦੂਜੇ ਪਾਸੇ ਹਿੰਦੂ ਅਤੇ ਸਿੱਖ ਵੀ ਰਣਜੀਤ ਸਿੰਘ ਦੇ ਰਾਜ ਨੂੰ ਆਪਣਾ ਹੀ ਰਾਜ ਸਮਝਦੇ ਹਨ।"

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਇਤਿਹਾਸ ਵਿਭਾਗ ਤੋਂ ਸੇਵਾ ਮੁਕਤ ਪ੍ਰੋਫੈਸਰ ਸੁਰਿੰਦਰ ਸਿੰਘ ਕਹਿੰਦੇ ਹਨ, "ਰਣਜੀਤ ਸਿੰਘ ਦਾ ਸਮਾਂ ਜਗੀਰੂ ਅਤੇ ਮੱਧਯੁੱਗੀ ਕਦਰਾਂ ਕੀਮਤਾਂ ਵਾਲਾ ਸੀ। ਰਣਜੀਤ ਸਿੰਘ ਨੇ ਜਿਹੋ ਜਿਹਾ ਪੰਜਾਬ ਪਾਇਆ ਸੀ, ਉਹਨਾਂ ਨੇ ਉਸੇ ਨੂੰ ਹੀ ਮਜ਼ਬੂਤ ਕੀਤਾ ਸੀ। ਉਹਨਾਂ ਨੇ ਸੱਭਿਆਚਾਰਕ ਵਿਭਿੰਨਤਾ ਨੂੰ ਅਪਣਾਇਆ ਅਤੇ ਅੱਗੇ ਤੋਰਿਆ।"

'ਕੀ ਬੀਜੇਪੀ ਖ਼ਾਲਸਾ ਰਾਜ ਸਥਾਪਤ ਕਰੇਗੀ'

ਸਿਆਸੀ ਮਾਹਰ ਅਤੇ ਸਿੱਖ ਧਰਮ ਦੇ ਇਤਿਹਾਸਾਕ ਬੀਜੇਪੀ ਦੇ ਇਸ ਵਾਅਦੇ ਨੂੰ ਸਿਰਫ਼ ਚੋਣਾਂ ਦੇ ਨਾਅਰੇ ਵਜੋਂ ਦੇਖਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਯੂਰਪ ਵਰਗੇ ਦੇਸ਼ਾਂ ਦਾ ਮੁਕਾਬਲਾ ਕਰਨ ਬਾਰੇ ਸੋਚਣ ਦੀ ਲੋੜ ਹੈ।

ਸਿੱਖ ਇਤਿਹਾਸਕਾਰ ਸੁਖਦਿਆਲ ਸਿੰਘ ਕਹਿੰਦੇ ਹਨ, "ਰਣਜੀਤ ਸਿੰਘ ਆਪਣੀ ਤਾਕਤ ਅਤੇ ਸ਼ਾਸਨ ਕਾਰਨ ਰੋਲ ਮਾਡਲ ਬਣ ਗਏ ਸਨ ਪਰ ਅੱਜ-ਕੱਲ੍ਹ ਦਾ ਕੋਈ ਵੀ ਹਾਕਮ ਉਹਨਾਂ ਨੂੰ ਪਿੱਛੇ ਨਹੀਂ ਸੁੱਟ ਸਕਿਆ ਕਿ ਉਹ ਰਣਜੀਤ ਸਿੰਘ ਤੋਂ ਵੀ ਵਧੀਆ ਰਾਜ ਦੇੇਵੇਗਾ।"

ਉਹ ਕਹਿੰਦੇ ਹਨ, "ਦਰਅਸਲ ਅਹਿਮਦ ਸ਼ਾਹ ਅਬਦਾਲੀ ਦੇ ਕਈ ਹਮਲਿਆਂ ਤੋਂ ਬਾਅਦ ਪੰਜਾਬ ਬਿਖਰ ਗਿਆ ਸੀ। ਪਰ ਉਸ ਸਮੇਂ ਸਿੱਖ ਧਰਮ ਦੇ ਲੋਕ ਸੰਗਠਿਤ ਸਨ ਅਤੇ ਇਹ ਆਮ ਲੋਕਾਂ ਨੂੰ ਰੱਖਿਆ ਦੀ ਗਰੰਟੀ ਦੇਣ ਲੱਗੇ। ਸਿੱਖ ਇਹਨਾਂ ਤੋਂ ਆਮਦਨ ਦਾ ਕੁਝ ਹਿੱਸਾ ਲੈਂਦੇ ਰਹੇ। ਇਹ ਨੀਤੀ ਇਤਿਹਾਸ ਵਿੱਚ ਸਿੱਖਾਂ ਦੇ 'ਰਾਖੀ ਸਿਸਟਮ' ਵੱਜੋਂ ਜਾਣੀ ਗਈ। ਇਸ ਤਰ੍ਹਾਂ ਸਿੱਖ ਮਿਸਲਾਂ ਨੇ ਬਹੁਤ ਸਾਰੇ ਪਿੰਡਾਂ ਨੂੰ ਆਪਣੇ ਅਧੀਨ ਕਰ ਲਿਆ। ਜਦੋਂ ਰਣਜੀਤ ਸਿੰਘ ਆਏ ਤਾਂ ਉਹਨਾਂ ਨੇ ਮਿਸਲਾਂ ਨੂੰ ਇਕੱਠਾ ਕਰ ਲਿਆ।"

ਇੱਕ ਹੋਰ ਇਤਿਹਾਸਕਾਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਰਣਜੀਤ ਸਿੰਘ ਨੇ ਧਰਮ-ਨਿਰਪੱਖਤਾ ਦੀ ਨੀਤੀ ਅਪਣਾਈ ਪਰ ਬੀਜੇਪੀ ਸਨਾਤਨ ਦੇ ਅਧਾਰਤ ਨੀਤੀ ਨੂੰ ਲਾਗੂ ਕਰਨਾ ਚਾਹੁੰਦੀ ਹੈ। ਇਹ ਆਪਣੇ ਨੀਤੀ ਅਨੁਸਾਰ ਢੁੱਕਦਾ ਰਣਜੀਤ ਸਿੰਘ ਵੀ ਪੇਸ਼ ਕਰ ਸਕਦੇ ਹਨ।"

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਪ੍ਰੋਫੈਸਰ ਪਰਮਜੀਤ ਸਿੰਘ ਜੱਜ ਕਹਿੰਦੇ ਹਨ, "ਮਹਾਰਾਜਾ ਰਣਜੀਤ ਸਿੰਘ ਦਾ ਰਾਜ 19ਵੀਂ ਸਦੀ ਦੀ ਸ਼ੁਰੂਆਤ ਦਾ ਸ਼ਾਸਨ ਸੀ ਪਰ ਹੁਣ ਸਮਾਂ ਬਹੁਤ ਬਦਲ ਗਿਆ ਹੈ।"

ਬੀਜੇਪੀ ਦੇ ਇਸ ਵਾਅਦੇ ਨੂੰ ਉਹ ਚੋਣਾਂ ਨਾਲ ਜੋੜਕੇ ਦੇਖਦੇ ਹੋਏ ਕਹਿੰਦੇ ਹਨ, "ਪੰਜਾਬ ਵਿੱਚ ਬੀਜੇਪੀ ਇੱਕ ਤਾਂ ਹਿੰਦੂ ਵੋਟਾਂ ਨੂੰ ਪੱਕਾ ਕਰਨਾ ਚਾਹੁੰਦੀ ਹੈ, ਜਿਸ ਵਿੱਚ ਉੱਚ ਜਾਤੀ, ਪਛੜੀਆਂ ਸ਼੍ਰੇਣੀਆਂ ਅਤੇ ਦਲਿਤ ਹਿੰਦੂ ਵੀ ਸ਼ਾਮਲ ਹਨ। ਦੂਜਾ ਇਹ ਸਿੱਖਾਂ ਦੀ ਵੋਟ ਨੂੰ ਵੰਡਣਾ ਚਾਹੁੰਦੇ ਹਨ। ਸਿੱਖਾਂ ਦੀ ਵੋਟ ਕਰੀਬ 58 ਫ਼ੀਸਦ ਹੈ।"

ਉਹ ਅੱਗੇ ਕਹਿੰਦੇ ਹਨ, "ਦਰਅਸਲ ਇਹ ਸਭ ਨਾਅਰੇਬਾਜ਼ੀ ਹੈ ਅਤੇ ਇਸ ਨੂੰ ਸਿਰਫ਼ ਇੱਕ ਚੋਣ ਨਾਅਰੇ ਵਜੋਂ ਦੇਖਣਾ ਚਾਹੀਦਾ ਹੈ।"

'ਸਭ ਲਈ ਇਨਸਾਫ਼ ਤੇ ਕਾਨੂੰਨ ਦਾ ਰਾਜ'

ਬੀਜੇਪੀ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਅਰਥ ਹੈ ਕਿ ਸਭ ਲਈ ਇਨਸਾਫ਼ ਅਤੇ ਕਾਨੂੰਨ ਦਾ ਰਾਜ ਹੋਵੇਗਾ।

ਬੀਜੀਪੀ ਪੰਜਾਬ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ, "ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਖਾਸੀਅਤ ਸੀ ਕਿ ਉਹ ਸਭ ਨੂੰ ਇੱਕੋ ਨਜ਼ਰ ਨਾਲ ਦੇਖਦੇ ਸਨ। ਰਣਜੀਤ ਸਿੰਘ ਦੇ ਰਾਜ ਦੀ ਤਰਜ 'ਤੇ ਰਾਜ ਦੇਣ ਦੀ ਭਾਵਨਾ ਹੈ ਕਿ ਸਾਰਿਆ ਲਈ ਇਨਸਾਫ਼, ਕਾਨੂੰਨ ਦਾ ਰਾਜ, ਅਮਨ ਸ਼ਾਂਤੀ ਅਤੇ ਕੋਈ ਵੀ ਭੁੱਖਾ ਨਾ ਰਹੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)