'ਮੈਨੂੰ ਲੱਗਿਆ ਮੇਰਾ ਪੁੱਤ ਮਰ ਗਿਆ ਹੋਵੇਗਾ', 23 ਸਾਲ ਪਹਿਲਾਂ ਘਰੋਂ ਗਿਆ ਤਾਮਿਲਨਾਡੂ ਦਾ ਇਹ ਸ਼ਖ਼ਸ ਪੰਜਾਬ ਦੇ ਅਜਨਾਲਾ ਵਿੱਚ ਕਿਵੇਂ ਮਿਲਿਆ

    • ਲੇਖਕ, ਜੇਵਿਅਰ ਸੇਲਵਕੁਮਾਰ
    • ਰੋਲ, ਬੀਬੀਸੀ ਪੱਤਰਕਾਰ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 10 ਮਿੰਟ

ਚੇਤਾਵਨੀ: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਪਰੇਸ਼ਾਨ ਕਰ ਸਕਦੀ ਹੈ।

"ਮੈਨੂੰ ਲੱਗਿਆ ਸੀ ਮੇਰਾ ਵੱਡਾ ਬੇਟਾ ਮਰ ਗਿਆ ਹੋਵੇਗਾ। ਅਜਿਹਾ ਕੋਈ ਦਿਨ ਨਹੀਂ ਜਾਂਦਾ ਸੀ ਜਦੋਂ ਮੈਂ ਉਸ ਨੂੰ ਯਾਦ ਕਰਕੇ ਰੋਂਦੀ ਨਹੀਂ ਸੀ। 23 ਸਾਲ ਬਾਅਦ ਜਦੋਂ ਮੈਨੂੰ ਅਚਾਨਕ ਪਤਾ ਲੱਗਿਆ ਕਿ ਮੇਰਾ ਪੁੱਤਰ ਜਿਉਂਦਾ ਹੈ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇੰਨੇ ਸਾਲਾਂ ਬਾਅਦ ਜਦੋਂ ਮੈਂ ਉਸ ਨਾਲ ਫੋਨ 'ਤੇ ਗੱਲ ਕੀਤੀ ਤਾਂ ਮੈਂ ਭੁੱਬਾਂ ਮਾਰ ਰੋਣ ਲੱਗੀ।"

ਆਪਣੇ ਪਤੀ ਨੂੰ ਗੁਆ ਚੁੱਕੀ ਸੁੰਦਰੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ, ਜਦੋਂ ਉਨ੍ਹਾਂ ਨੇ ਬੀਬੀਸੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ 23 ਸਾਲ ਪਹਿਲਾਂ ਲਾਪਤਾ ਹੋਇਆ ਉਨ੍ਹਾਂ ਦਾ ਪੁੱਤਰ ਜਿਉਂਦਾ ਹੈ।

ਇਹ ਮਾਂ ਕੌਣ ਹੈ? ਲਾਪਤਾ ਬੇਟਾ ਕਿੱਥੇ ਸੀ ਅਤੇ ਉਸ ਨੂੰ ਕਿਵੇਂ ਲੱਭਿਆ ਗਿਆ?

ਉਹ ਮਾਂ ਜੋ ਆਪਣੇ ਪੁੱਤਰ ਨੂੰ ਮ੍ਰਿਤਕ ਸਮਝਦੀ ਰਹੀ

ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹਾ ਕੁਲੈਕਟਰ ਦਫਤਰ ਵਿੱਚ ਸੋਮਵਾਰ 13 ਜੁਲਾਈ ਨੂੰ ਕਰਵਾਈ ਗਈ ਇੱਕ ਜਨ ਸ਼ਿਕਾਇਤ ਬੈਠਕ ਵਿੱਚ ਕੋਇੰਬਟੂਰ ਦੇ ਨੀਲਮਬੁਰ ਖੇਤਰ ਦੀ ਸੁੰਦਰੀ (ਉਮਰ 68) ਨੇ ਜ਼ਿਲ੍ਹਾ ਕੁਲੈਕਟਰ ਨੂੰ ਇੱਕ ਅਰਜ਼ੀ ਸੌਂਪੀ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੇ 23 ਸਾਲ ਪਹਿਲਾਂ ਲਾਪਤਾ ਹੋਏ ਪੁੱਤਰ ਨੂੰ ਮਿਲਾਉਣ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ ਗਈ ਸੀ।

ਰਾਮਮੂਰਤੀ ਵਿਰੁਧਨਗਰ ਜ਼ਿਲ੍ਹਾ ਦੇ ਪੂਮਲਾਈਪੱਟੀ ਅਨਾਈਕੁਲਮ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਪਤਨੀ ਸੁੰਦਰੀ ਹਨ। ਇਸ ਜੋੜੇ ਦੇ ਦੋ ਬੇਟੇ ਹਨ, ਪ੍ਰਕਾਸ਼ਮ ਅਤੇ ਪ੍ਰਭੂ। ਇਹ ਪਰਿਵਾਰ 30 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿੱਚ ਕੋਇੰਬਟੂਰ ਚਲਾ ਗਿਆ ਸੀ।

ਉਨ੍ਹਾਂ ਦੇ ਸਭ ਤੋਂ ਵੱਡੇ ਬੇਟੇ ਪ੍ਰਕਾਸ਼ਮ ਨੇ ਕੌਂਡਮਪਲਯਮ ਕਾਰਪੋਰੇਸ਼ਨ ਸਕੂਲ ਵਿੱਚ ਤੀਜੀ ਕਲਾਸ ਤੱਕ ਅਤੇ ਸਾਈਬਾਬਾ ਕਲੋਨੀ ਦੇ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਵਿੱਚ ਚੌਥੀ ਜਮਾਤ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਹ ਸਕੂਲ ਨਹੀਂ ਗਿਆ। ਪ੍ਰਕਾਸ਼ਮ 2003 ਵਿੱਚ ਕਿਸੇ ਗੱਲ ਤੋਂ ਬਹਿਸ ਨੂੰ ਲੈ ਕੇ ਗੁੱਸੇ ਵਿੱਚ ਆ ਕੇ ਘਰ ਤੋਂ ਨਿਕਲ ਗਿਆ ਅਤੇ ਫਿਰ ਕਦੇ ਵਾਪਸ ਨਹੀਂ ਪਰਤਿਆ।

ਬੀਬੀਸੀ ਤਾਮਿਲ ਨਾਲ ਗੱਲਬਾਤ ਕਰਦੇ ਹੋਏ ਸੁੰਦਰੀ ਨੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ, "ਉਹ ਪੜ੍ਹਾਈ ਵਿੱਚ ਚੰਗਾ ਨਹੀਂ ਸੀ। ਉਹ ਘਰ ਹੀ ਰਹਿੰਦਾ ਸੀ। ਦੋਵੇਂ ਪੁੱਤਰਾਂ ਦੀ ਉਮਰ ਵਿੱਚ ਇੱਕ ਸਾਲ ਦਾ ਹੀ ਅੰਤਰ ਹੈ, ਇਸ ਲਈ ਉਹ ਕਈ ਗੱਲਾਂ ਤੋਂ ਝਗੜਦੇ ਰਹਿੰਦੇ ਸਨ। ਉਸ ਸਮੇਂ ਅਸੀਂ ਘਰ ਲਈ ਇੱਕ ਦੋ-ਪਹੀਆ ਵਾਹਨ ਖਰੀਦਿਆ ਸੀ। ਉਸ ਨੂੰ ਕੌਣ ਚਲਾਏਗਾ, ਇਸ ਨੂੰ ਲੈ ਕੇ ਉਨ੍ਹਾਂ ਵਿੱਚ ਝਗੜਾ ਹੋ ਗਿਆ। ਛੋਟਾ ਬੇਟਾ ਕਹਿੰਦਾ ਇਹ ਗੱਡੀ ਉਸਦੀ ਹੈ, ਤਾਂ ਵੱਡਾ ਲੜਕਾ ਝਗੜਾ ਕਰਕੇ ਘਰੋਂ ਚਲਾ ਗਿਆ। ਅਸੀਂ ਉਸ ਦੀ ਬਹੁਤ ਭਾਲ ਕੀਤੀ ਪਰ ਉਹ ਨਹੀਂ ਮਿਲਿਆ।"

ਸੁੰਦਰੀ ਅਨੁਸਾਰ, "ਅਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ। ਦੋ ਮਹੀਨਿਆਂ ਬਾਅਦ ਉਸ ਨੇ ਸਾਡੇ ਘਰ ਦੇ ਨੇੜੇ ਇੱਕ ਕਰਿਆਨੇ ਦੀ ਦੁਕਾਨ 'ਤੇ ਫੋਨ ਕੀਤਾ ਅਤੇ ਦੁਕਾਨਦਾਰ ਨੂੰ ਦੱਸਿਆ ਕਿ ਉਹ ਚੇਨਈ ਵਿੱਚ ਹੈ। ਉਸ ਨੇ ਸਾਡੇ ਨਾਲ ਗੱਲ ਨਹੀਂ ਕੀਤੀ। ਉਸ ਸਮੇਂ ਉਹ 16 ਸਾਲ ਦਾ ਸੀ। ਕਿਉਂਕਿ ਉਹ ਸਮਝਦਾਰ ਹੋ ਗਿਆ ਸੀ, ਅਸੀਂ ਸੋਚਿਆ ਕਿ ਉਹ ਖੁਦ ਹੀ ਪਰਤ ਆਵੇਗਾ ਪਰ ਉਹ ਨਹੀਂ ਆਇਆ। ਸਾਨੂੰ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸ ਨੂੰ ਲੱਭਣ ਦੇ ਤਰੀਕੇ ਕਿਸੇ ਕੰਮ ਨਹੀਂ ਆਏ।"

ਕੁਝ ਸਾਲਾਂ ਬਾਅਦ ਉਹ ਕੌਂਡਮਪਲਯਮ ਤੋਂ ਨੀਲਮਬੁਰ ਖੇਤਰ ਵਿੱਚ ਚਲੇ ਗਏ। ਰਾਮਮੂਰਤੀ ਜੋ ਇੱਕ ਬਿਜਲੀ ਦਾ ਕੰਮ ਅਤੇ ਚੌਕੀਦਾਰੀ ਕਰਦਾ ਸੀ, ਦਾ 2021 ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ। ਬਾਅਦ ਵਿੱਚ ਸੁੰਦਰੀ ਨੇ ਅਚਨਕੁਲਮ ਖੇਤਰ ਵਿੱਚ ਕੁਝ ਜ਼ਮੀਨ ਖੇਤੀ ਲਈ ਠੇਕੇ ਉਪਰ ਲੈ ਲਈ ਅਤੇ ਛੋਟੇ ਪੱਧਰ 'ਤੇ ਸਬਜ਼ੀ ਦੀ ਖੇਤੀ ਕਰਨ ਲੱਗੀ ਅਤੇ ਕੁਝ ਗਾਵਾਂ ਵੀ ਰੱਖੀਆਂ। ਉਨ੍ਹਾਂ ਦਾ ਛੋਟਾ ਬੇਟਾ ਪ੍ਰਭੂ ਉਨ੍ਹਾਂ ਦੇ ਨਾਲ ਰਹਿੰਦਾ ਹੈ।

ਸੁੰਦਰੀ ਨੇ ਅੱਗੇ ਕਿਹਾ, "ਜੇ ਕੋਈ ਸੜਕ 'ਤੇ ਪਿਆ ਹੁੰਦਾ ਹੈ ਤਾਂ ਮੈਂ ਕਿਨਾਰੇ ਜਾ ਕੇ ਦੇਖਦੀ ਹਾਂ ਕਿ ਕਿਤੇ ਉਹ ਮੇਰਾ ਵੱਡਾ ਬੇਟਾ ਤਾਂ ਨਹੀਂ ਹੈ। ਮੈਂ ਚਾਹੇ ਕਿਸੇ ਵੀ ਸ਼ਹਿਰ ਜਾਵਾਂ, ਮੇਰੀਆਂ ਨਜ਼ਰਾਂ ਉਸ ਨੂੰ ਕਿਤੇ ਨਾ ਕਿਤੇ ਲੱਭ ਰਹੀਆਂ ਹੁੰਦੀਆਂ ਹਨ। ਪਿਛਲੇ ਮਹੀਨੇ ਮੁਥੈਯਾ ਨਾਮ ਦਾ ਇੱਕ ਪੱਤਰਕਾਰ ਸਾਨੂੰ ਮਿਲਣ ਆਇਆ ਸੀ। ਉਸ ਨੇ ਦੱਸਿਆ ਕਿ ਪ੍ਰਕਾਸ਼ਮ ਪੰਜਾਬ ਦੇ ਇੱਕ ਸ਼ੈਲਟਰ ਹੋਮ ਵਿੱਚ ਹੈ ਅਤੇ ਉਸ ਨੂੰ ਬੰਧੂਆ ਮਜ਼ਦੂਰ ਦੇ ਤੌਰ 'ਤੇ ਛੁਡਾਉਣ ਤੋਂ ਬਾਅਦ ਉੱਥੇ ਰੱਖਿਆ ਗਿਆ ਹੈ। ਮੈਨੂੰ ਯਕੀਨ ਨਹੀਂ ਹੋਇਆ। ਜਦੋਂ ਉਸ ਨੇ ਮੇਰੇ ਬੇਟੇ ਦੀ ਤਸਵੀਰ ਦਿਖਾਈ ਤਾਂ ਮੈਨੂੰ ਜਾ ਕੇ ਵਿਸ਼ਵਾਸ ਹੋਇਆ।"

ਬੀਬੀਸੀ ਨਾਲ ਗੱਲ ਕਰਦੇ ਹੋਏ ਪੱਤਰਕਾਰ ਮੁਥੈਯਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਸੁਭਾਸ਼ ਚੰਦਰ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਉਪਰ ਤਿੰਨ ਸਾਲ ਤੱਕ ਪ੍ਰਕਾਸ਼ਮ ਦੇ ਪਰਿਵਾਰ ਦਾ ਪਤਾ ਲਗਾਉਣ ਦੇ ਲਈ ਕਈ ਯਤਨ ਕੀਤੇ ਸਨ।

ਉਨ੍ਹਾਂ ਅੱਗੇ ਕਿਹਾ, "ਮੇਰੇ ਭਰਾ ਦੇ ਮਿੱਤਰ ਸੁਭਾਸ਼ ਚੰਦਰ ਹਰਿਆਣਾ ਵਿਧਾਨ ਸਭਾ ਵਿੱਚ ਸਕੱਤਰ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ ਹੀ ਇੱਕ ਸ਼ੈਲਟਰ ਵਿੱਚ ਪ੍ਰਕਾਸ਼ਮ ਨੂੰ ਦੇਖਿਆ ਸੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਲੱਭਣ ਵਿੱਚ ਮਦਦ ਲਈ ਉਨ੍ਹਾਂ ਤੋਂ ਮਿਲੀ ਜਾਣਕਾਰੀ ਸਾਂਝੀ ਕੀਤੀ ਸੀ। ਮੇਰੇ ਭਰਾ ਤੋਂ ਇਸ ਬਾਰੇ ਜਾਣਨ ਅਤੇ ਸੁਭਾਸ਼ ਦੇ ਰਾਹੀਂ ਪ੍ਰਕਾਸ਼ਮ ਨਾਲ ਗੱਲ ਕਰਨ ਤੋਂ ਬਾਅਦ ਹੀ ਮੈਂ ਉਨ੍ਹਾਂ ਦੇ ਪਰਿਵਾਰ ਦੀ ਭਾਲ ਸ਼ੁਰੂ ਕੀਤੀ।"

ਪਰਿਵਾਰ ਨੂੰ ਲੱਭਣ ਵਿੱਚ ਤਿੰਨ ਸਾਲ ਲੱਗੇ

ਸੁਭਾਸ਼ ਨੇ 2023 ਵਿੱਚ ਪ੍ਰਕਾਸ਼ਮ ਬਾਰੇ ਜੋ ਕੁਝ ਡਿਟੇਲਸ ਸ਼ੇਅਰ ਕੀਤੀ, ਉਨ੍ਹਾਂ ਦੇ ਆਧਾਰ 'ਤੇ ਮੁਥੈਯਾ ਗੌਂਡਮਪਲਾਯਮ ਦੇ ਏਰੂਕੰਪਨੀ ਇਲਾਕੇ ਵਿੱਚ ਚੈੱਕ ਕਰਨ ਗਏ ਪਰ ਉਨ੍ਹਾਂ ਨੂੰ ਉਥੇ ਪਰਿਵਾਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

"ਸ਼ੁਰੂਆਤ ਵਿੱਚ ਪ੍ਰਕਾਸ਼ਮ ਨੇ ਸਹੀ ਜਾਣਕਾਰੀ ਨਹੀਂ ਦਿੱਤੀ ਸੀ। ਸੁਭਾਸ਼ ਦੇ ਕਈ ਵਾਰ ਮਿਲਣ ਤੋਂ ਬਾਅਦ ਹੀ ਉਨ੍ਹਾਂ ਨੇ ਥੋੜਾ ਹੋਰ ਸਪੱਸ਼ਟ ਜਾਣਕਾਰੀ ਦਿੱਤੀ। ਉਦੋਂ ਉਸ ਨੇ ਦੱਸਿਆ ਕਿ ਉਸ ਦਾ ਜੱਦੀ ਇਲਾਕਾ ਅਰੂਪੁਕੋਟਾਈ ਦੇ ਕੋਲ ਪੂਮਲਾਈਪੱਟੀ ਅਨਾਈਕੁਲਮ ਹੈ। ਇਸ ਤੋਂ ਬਾਅਦ ਮੈਂ ਅਰੂਪੁਕੋਟਾਈ ਅਤੇ ਨਾਰਿਕੁਡੀ ਵਿੱਚ ਕਈ ਲੋਕਾਂ ਨਾਲ ਗੱਲ ਕੀਤੀ ਅਤੇ ਜਾਣਕਾਰੀ ਇਕੱਤਰ ਕੀਤੀ। ਕਈ ਯਤਨਾਂ ਤੋਂ ਬਾਅਦ ਹੀ ਮੈਨੂੰ ਵਾਸੁਕੀ ਦਾ ਸੰਪਰਕ ਨੰਬਰ ਮਿਲਿਆ, ਜਿਸਦੀ ਪੂਮਲਾਈਪੱਟੀ ਵਿੱਚ ਇੱਕ ਦੁਕਾਨ ਹੈ।"

ਜਦੋਂ ਮੁਥੈਯਾ ਨੇ ਸੁੰਦਰੀ ਦੀ ਵੱਡੀ ਭੈਣ ਦੀ ਬੇਟੀ ਵਾਸੁਕੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਸੀ ਅਤੇ ਉਨ੍ਹਾਂ ਦਾ ਬੇਟਾ ਨੀਲਮਬੁਰ ਵਿੱਚ ਹਨ।

ਇਹ ਸੂਚਨਾ ਮਿਲਦੇ ਹੀ ਮੁਥੈਯਾ ਤੁਰੰਤ ਸੁੰਦਰੀ ਦੇ ਘਰ ਗਏ। ਅਚਨਕੁਲਮ ਇਲਾਕੇ ਵਿੱਚ ਗਾਊਆਂ ਚਰਾ ਰਹੀ ਸੁੰਦਰੀ ਦੇ ਕੋਲ ਜਾ ਕੇ ਉਨ੍ਹਾਂ ਨੇ ਪ੍ਰਕਾਸ਼ਮ ਦੀ ਤਸਵੀਰ ਦਿਖਾਈ ਅਤੇ ਦੱਸਿਆ ਕਿ ਉਹ ਪੰਜਾਬ ਦੇ ਇੱਕ ਸ਼ੈਲਟਰ ਵਿੱਚ ਹੈ। ਮੁਥੈਯਾ ਕਹਿੰਦੇ ਹਨ ਕਿ ਉਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪ੍ਰਕਾਸ਼ਮ 23 ਸਾਲਾਂ ਤੋਂ ਲਾਪਤਾ ਸੀ।

ਸੁੰਦਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਵੱਡੇ ਬੇਟੇ ਦੇ ਜਿਉਂਦੇ ਹੋਣ ਦੀ ਖਬਰ ਕਿਵੇਂ ਮਿਲੀ।

ਉਨ੍ਹਾਂ ਕਿਹਾ, "ਅਜਿਹਾ ਕੋਈ ਦਿਨ ਨਹੀਂ ਜਾਂਦਾ ਸੀ ਜਦੋਂ ਮੈਂ ਆਪਣੇ ਵੱਡੇ ਬੇਟੇ ਨੂੰ ਯਾਦ ਕਰਕੇ ਨਾ ਰੋਈ ਹੋਵਾਂ। ਮੇਰੇ ਪਤੀ ਕਰੋਨਾ ਕਾਲ ਤੋਂ ਪਹਿਲਾਂ ਹੀ ਗੁਜ਼ਰ ਗਏ ਸਨ। ਕਿਉਂਕਿ ਕਰੋਨਾ ਕਾਲ ਦੌਰਾਨ ਇੰਨੇ ਸਾਰੇ ਲੋਕ ਮਰੇ, ਮੈਨੂੰ ਲੱਗਾ ਮੇਰਾ ਬੇਟਾ ਵੀ ਮਰ ਗਿਆ ਹੋਵੇਗਾ। ਪਰ ਜਦੋਂ ਮੈਨੂੰ ਪਤਾ ਲੱਗਾ ਕਿ ਉਹ ਜਿਉਂਦਾ ਹੈ ਤਾਂ ਮੈਨੂੰ ਜੋ ਖੁਸ਼ੀ ਹੋਈ ਉਸ ਨੂੰ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ। ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਮੈਨੂੰ ਲੱਗਿਆ ਜਿਵੇਂ ਮੇਰਾ ਦਿਲ ਫੱਟ ਜਾਵੇਗਾ।"

ਇਹ ਕਹਿੰਦੇ ਹੋਏ ਸੁੰਦਰੀ ਦੀਆਂ ਅੱਖੀਂ ਵਿੱਚ ਹੰਝੂ ਆ ਗਏ।

ਇਸ ਤੋਂ ਬਾਅਦ 1 ਜੁਲਾਈ ਨੂੰ ਮੁਥੈਯਾ ਅਤੇ ਸੁੰਦਰੀ ਦੇ ਛੋਟੇ ਬੇਟੇ ਪ੍ਰਭੂ, ਆਪਣੇ ਗੁਆਂਢੀ ਸੁੰਦਰਲਿੰਗਮ, ਜੋ ਹਿੰਦੀ ਬੋਲਦੇ ਸਨ ਅਤੇ ਟਰੱਕ ਡਰਾਈਵਰ ਸਨ, ਦੇ ਨਾਲ ਟਰੇਨ ਰਾਹੀਂ ਚੰਡੀਗੜ੍ਹ ਗਏ ਅਤੇ ਉਥੋਂ ਪਟਿਆਲਾ ਜਿਲ੍ਹੇ ਦੇ ਲਚਕਾਣੀ ਸਥਿਤ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਆਸ਼ਰਮ ਵਿੱਚ ਪਹੁੰਚੇ। ਪ੍ਰਕਾਸ਼ਮ 2022 ਵਿੱਚ ਬਚਾਏ ਜਾਣ ਤੋਂ ਬਾਅਦ ਉੱਥੇ ਹੀ ਰਹਿ ਰਿਹਾ ਸੀ।

'ਪ੍ਰਕਾਸ਼ਮ ਕੋਲ ਸਿਰਫ਼ ਲੋਹੇ ਦੀ ਜੰਜੀਰ ਤੇ ਇੱਕ ਕੰਬਲ ਸੀ'

ਬੀਬੀਸੀ ਨਿਊਜ਼ ਪੰਜਾਬੀ ਨੇ ਇਸ ਗੱਲ ਦੀ ਪੜਤਾਲ ਕੀਤੀ ਕਿ ਪ੍ਰਕਾਸ਼ਮ ਨੂੰ ਉਸ ਥਾਂ ਤੋਂ ਕਿਵੇਂ ਬਚਾਇਆ ਗਿਆ, ਜਿੱਥੇ ਉਸ ਨੂੰ ਬੰਧੂਆ ਮਜ਼ਦੂਰ ਦੇ ਤੌਰ 'ਤੇ ਰੱਖਿਆ ਗਿਆ ਸੀ।

2022 ਵਿੱਚ ਪਟਿਆਲਾ ਸਥਿਤ 'ਆਪਣਾ ਫਰਜ਼ ਸੇਵਾ ਸੁਸਾਇਟੀ' ਨਾਮ ਦੀ ਇੱਕ ਗੈਰ-ਸਰਕਾਰੀ ਸੰਸਥਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਇਲਾਕੇ ਦੇ ਇੱਕ ਪਿੰਡ ਤੋਂ ਪ੍ਰਕਾਸ਼ਮ ਨੂੰ ਬਚਾਇਆ ਸੀ।

ਸੰਸਥਾ ਨੇ ਬੀਬੀਸੀ ਨੂੰ ਦੱਸਿਆ ਕਿ ਪ੍ਰਕਾਸ਼ਮ ਨੂੰ ਲਗਭਗ 15 ਤੋਂ 20 ਸਾਲਾਂ ਤੱਕ ਬੰਧੂਆ ਮਜ਼ਦੂਰੀ ਵਿੱਚ ਰੱਖਿਆ ਗਿਆ ਸੀ, ਜਿਸ ਕਾਰਨ ਉਸ ਨੂੰ ਸਾਲਾਂ ਤੱਕ ਦੁੱਖ ਝੱਲਣਾ ਪਿਆ।

ਉਨ੍ਹਾਂ ਅਨੁਸਾਰ, ਪ੍ਰਕਾਸ਼ਮ ਨੂੰ ਬਿਨ੍ਹਾਂ ਤਨਖਾਹ ਦੇ ਕੰਮ ਕਰਵਾਇਆ ਜਾਂਦਾ ਸੀ ਅਤੇ ਉਸ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਸੀ। ਸੁਭਾਸ਼ ਚੰਦਰ ਨੇ ਮੁਥੈਯਾ ਰਾਹੀਂ ਬੀਬੀਸੀ ਤਾਮਿਲ ਦੇ ਨਾਲ ਇਹ ਤਸਵੀਰਾਂ ਪਹਿਲਾਂ ਹੀ ਸਾਂਝੀਆਂ ਕਰ ਦਿੱਤੀਆਂ ਸਨ।

ਉਹ ਇੱਕ ਕਿਸਾਨ ਦੇ ਘਰ ਕੰਮ ਕਰਦਾ ਸੀ, ਜਿਸਦਾ ਡੇਅਰੀ ਫਾਰਮ ਸੀ। ਉਸ ਨੂੰ ਜਾਨਵਰਾਂ ਦੇ ਸਾਰੇ ਕੰਮ ਸੌਂਪੇ ਜਾਂਦੇ ਸਨ।

ਉਨ੍ਹਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਉਸ ਨੂੰ ਸੌਣ ਲਈ ਸਿਰਫ ਇੱਕ ਲੋਹੇ ਦਾ ਪਲੰਘ ਅਤੇ ਇੱਕ ਕੰਬਲ ਦਿੱਤਾ ਜਾਂਦਾ ਸੀ। ਪਲੰਘ 'ਤੇ ਨਾ ਤਾਂ ਗੱਦਾ ਅਤੇ ਨਾ ਹੀ ਚਾਦਰ ਹੁੰਦੀ ਸੀ। ਉਸ ਦਾ ਕਮਰਾ ਹਰ ਰਾਤ ਬਾਹਰ ਤੋਂ ਬੰਦ ਕਰ ਦਿੱਤਾ ਜਾਂਦਾ ਸੀ। 15 ਸਾਲ ਤੋਂ ਵੱਧ ਸਮੇਂ ਤੱਕ ਬਿਨਾ ਤਨਖਾਹ ਤੋਂ ਕੰਮ ਕਰਨ ਤੋਂ ਬਾਅਦ ਵੀ ਉਸ ਨੂੰ ਨਾ ਢੰਗ ਦਾ ਖਾਣਾ ਦਿੱਤਾ ਜਾਂਦਾ ਸੀ ਤੇ ਨਾ ਹੀ ਕੱਪੜੇ ਦਿੱਤੇ ਜਾਂਦੇ ਸਨ।"

ਤਿੰਨ ਸਾਲ ਪਹਿਲਾਂ ਜਦੋਂ ਇਹ ਸੰਸਥਾ ਪ੍ਰਕਾਸ਼ਮ ਨੂੰ ਬਚਾਅ ਕੇ ਆਸ਼ਰਮ ਵਿੱਚ ਲੈ ਕੇ ਆਈ ਤਾਂ ਉਹ ਕਈ ਮਹੀਨਿਆਂ ਤੱਕ ਬੋਲ ਨਹੀਂ ਸਕਿਆ ਸੀ। ਉਨ੍ਹਾਂ ਨੇ ਉਸ ਨਾਲ ਗੱਲ ਕਰਨ ਦੇ ਕਈ ਯਤਨ ਕੀਤੇ, ਜਿਸ ਤੋਂ ਬਾਅਦ ਉਸ ਨੇ ਕੁਝ ਬੋਲਣਾ ਸ਼ੁਰੂ ਕੀਤਾ।

ਜਦੋਂ ਉਸ ਤੋਂ ਪਹਿਲੀ ਵਾਰ ਉਸ ਦਾ ਨਾਮ ਪੁੱਛਿਆ ਗਿਆ ਤਾਂ ਉਸ ਨੇ 'ਪ੍ਰਕਾਸ਼ਮ' ਦੱਸਿਆ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਉਹ ਕਿੱਥੋਂ ਹੈ ਤਾਂ ਉਸ ਨੇ ਜਵਾਬ ਦਿੱਤਾ 'ਤਾਮਿਲਨਾਡੂ'। ਹਾਲਾਂਕਿ ਉਹ ਜਦੋਂ ਵੀ ਉਸ ਤੋਂ ਉਸ ਦੇ ਸ਼ਹਿਰ ਬਾਰੇ ਪੁੱਛਦੇ ਤਾਂ ਉਹ ਮੁੰਬਈ ਦੱਸਦਾ।

ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸੇ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਪਤਾ ਲਗਾਉਣਾ ਮੁਸ਼ਕਲ ਸੀ।

ਬਾਅਦ ਵਿੱਚ ਸੁਭਾਸ਼ ਚੰਦਰ ਅਤੇ ਮੁਥੈਯਾ ਦੀ ਮਦਦ ਨਾਲ ਉਹ ਉਨ੍ਹਾਂ ਦੇ ਪਰਿਵਾਰ ਦਾ ਪਤਾ ਲਗਾਉਣ ਵਿੱਚ ਸਫਲ ਰਹੇ। ਉਨ੍ਹਾਂ ਦੱਸਿਆ ਕਿ ਵੀਡੀਓ ਕਾਲ ਵਿੱਚ ਉਨ੍ਹਾਂ ਦੀ ਮਾਂ ਨੇ ਉਸ ਨੂੰ ਤੁਰੰਤ ਪਛਾਣ ਲਿਆ।

ਜਦੋਂ ਮੁਥੈਯਾ, ਪ੍ਰਕਾਸ਼ਮ ਦੇ ਛੋਟੇ ਭਰਾ ਪ੍ਰਭੂ ਅਤੇ ਸੁੰਦਰਲਿੰਗਮ ਜੁਲਾਈ ਦੀ ਸ਼ੁਰੂਆਤ ਵਿੱਚ ਆਸ਼ਰਮ ਪਹੁੰਚੇ ਤਾਂ ਸੁਭਾਸ਼ ਚੰਦਰ ਨੇ ਸੰਸਥਾ ਦੇ ਪ੍ਰਬੰਧਕਾਂ ਨੂੰ ਪ੍ਰਕਾਸ਼ਮ ਨੂੰ ਉਨ੍ਹਾਂ ਦੇ ਨਾਲ ਭੇਜਣ ਨੂੰ ਕਿਹਾ। ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ, "ਉਨ੍ਹਾਂ ਦੇ ਆਉਣ 'ਤੇ ਵੀ ਅਸੀਂ ਪਰਿਵਾਰ ਤੋਂ ਹੋਰ ਦਸਤਾਵੇਜ਼ ਮੰਗੇ ਅਤੇ ਸਥਾਨਕ ਸਰਕਾਰੀ ਅਧਿਕਾਰੀਆਂ ਤੋਂ ਉਨ੍ਹਾਂ ਦੀ ਪੜਤਾਲ ਵੀ ਕਰਵਾਈ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਸਨ ਕਿ ਕਿਸੇ ਵੀ ਛੋਟੀ ਜਿਹੀ ਗਲਤੀ ਕਾਰਨ ਪ੍ਰਕਾਸ਼ਮ ਫਿਰ ਤੋਂ ਅਸੁਰੱਖਿਅਤ ਮਾਹੌਲ ਵਿੱਚ ਨਾ ਭੇਜ ਦਿੱਤਾ ਜਾਵੇ।"

ਬੀਬੀਸੀ ਤਾਮਿਲ ਨੇ ਸੁਭਾਸ਼ ਚੰਦਰ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪ੍ਰਕਾਸ਼ਮ ਦੇ ਪਰਿਵਾਰ ਦਾ ਪਤਾ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਉਨ੍ਹਾਂ ਨੇ ਕਿਹਾ, "2022 ਵਿੱਚ ਸੇਵਾਮੁਕਤ ਹੋਣ ਤੋਂ ਬਾਅਦ ਮੈਂ ਆਸ਼ਰਮਾਂ ਵਿੱਚ ਕਾਊਂਸਲਿੰਗ ਦੇਣ ਅਤੇ ਉੱਥੇ ਰਹਿਣ ਵਾਲਿਆਂ ਨੂੰ ਜ਼ਰੂਰੀ ਮਦਦ ਦੇਣ ਲਈ ਜਾਂਦਾ ਰਹਿੰਦਾ ਸੀ। ਇਸੇ ਦੌਰਾਨ 2023 ਵਿੱਚ ਮੇਰੀ ਮੁਲਾਕਾਤ ਪ੍ਰਕਾਸ਼ਮ ਨਾਲ ਹੋਈ। ਮੈਨੂੰ ਪਤਾ ਚੱਲ ਗਿਆ ਸੀ ਕਿ ਉਹ ਤਾਮਿਲਨਾਡੂ ਤੋਂ ਸੀ। ਪਰ ਉਸ ਸਮੇਂ ਉਹ ਖੁੱਲ੍ਹ ਕੇ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਸੀ।"

"ਉਸ ਨੇ ਜੋ ਮੈਨੂੰ ਜਾਣਕਾਰੀ ਦਿੱਤੀ, ਉਸ ਦੇ ਆਧਾਰ 'ਤੇ ਮੈਨੂੰ ਇਹ ਪਤਾ ਲੱਗ ਸਕਿਆ ਕਿ ਕੋਇੰਬਟੂਰ ਹੀ ਉਸਦਾ ਜੱਦੀ ਇਲਾਕਾ ਸੀ। ਫਿਰ ਮੈਂ ਚੇਨਈ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਬਾਲਕਿਸ਼ਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮਾਧਿਅਮ ਰਾਹੀਂ ਅਸੀਂ ਮੁਥੈਯਾ ਦੀ ਮਦਦ ਲਈ ਅਤੇ ਪ੍ਰਕਾਸ਼ਮ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।"

ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ਮ ਜੋ ਸਰੀਰਕ ਅਤੇ ਮਾਨਸਿਕ ਰੂਪ ਨਾਲ ਜ਼ਖਮੀ ਹੋ ਗਿਆ ਸੀ, ਪਿਛਲੇ ਕੁਝ ਸਾਲਾਂ ਵਿੱਚ ਮਿਲੇ ਇਲਾਜ ਨਾਲ ਉਭਰ ਰਿਹਾ ਹੈ।

ਸਰਕਾਰੀ ਅਧਿਕਾਰੀਆਂ ਨੇ ਮਾਂ ਤੇ ਪੁੱਤ ਨੂੰ ਮਿਲਾਉਣ ਲਈ ਚੁੱਕੇ ਕਦਮ

ਮੁਥੈਯਾ ਨੇ ਕਿਹਾ, "ਜਦੋਂ ਅਸੀਂ ਆਸ਼ਰਮ ਗਏ ਤਾਂ ਪ੍ਰਬੰਧਕਾਂ ਨੇ ਸਾਨੂੰ ਤੁਰੰਤ ਪ੍ਰਕਾਸ਼ਮ ਨਾਲ ਮਿਲਣ ਨਹੀਂ ਦਿੱਤਾ। ਸੁਭਾਸ਼ ਚੰਦਰ ਨੇ ਗੱਲ ਕਰਕੇ ਸਾਡੀ ਮੁਲਾਕਾਤ ਦਾ ਇੰਤਜ਼ਾਮ ਕੀਤਾ। ਅਸੀਂ ਉੱਥੇ ਜੋ ਪ੍ਰਕਾਸ਼ਮ ਦੇਖਿਆ, ਉਸ ਨੇ 23 ਸਾਲ ਬਾਅਦ ਵੀ ਆਪਣੇ ਭਰਾ ਨੂੰ ਪਚਾਣ ਲਿਆ ਅਤੇ ਭੱਜ ਕੇ ਉਸ ਨੂੰ ਜੱਫੀ ਪਾ ਲਈ।"

ਪਰ ਪ੍ਰਬੰਧਕਾਂ ਨੇ ਉਸ ਨੂੰ ਸਾਡੇ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਅਸੀਂ ਜ਼ਿਲ੍ਹਾ ਕੁਲੈਕਟਰ ਨੂੰ ਮਿਲ ਕੇ ਦਸਤਾਵੇਜ਼ ਤਿਆਰ ਕਰਨ ਦੀ ਅਪੀਲ ਕੀਤੀ, ਜਿਨ੍ਹਾਂ ਦੀ ਉਨ੍ਹਾਂ ਨੇ ਮੰਗ ਕੀਤੀ ਸੀ।"

ਸੁੰਦਰੀ ਦੇ ਕੋਲ 2003 ਦਾ ਰਾਸ਼ਨ ਕਾਰਡ ਹੈ, ਜਿਸ 'ਤੇ ਪ੍ਰਕਾਸ਼ਮ ਦਾ ਨਾਮ ਲਿਖਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਫਿਲਹਾਲ ਕੋਈ ਹੋਰ ਦਸਤਾਵੇਜ਼ ਨਹੀਂ ਹੈ। ਪ੍ਰਕਾਸ਼ਮ ਨੇ ਕੌਂਡਮਪਲਯਮ ਮਿਉਂਸਿਪਲ ਐਲੀਮੈਂਟਰੀ ਸਕੂਲ ਵਿੱਚ ਸਿਰਫ ਤੀਜੀ ਕਲਾਸ ਅਤੇ ਸਾਈਬਾਬਾ ਕਲੋਨੀ ਦੇ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੋਂ ਚੌਥੀ ਕਲਾਸ ਤੱਕ ਪੜ੍ਹਾਈ ਕੀਤੀ ਸੀ।

ਸੁੰਦਰੀ ਨੇ ਆਪਣੇ ਪੁੱਤ ਨੂੰ ਵਾਪਸ ਲਿਆਉਣ ਦੇ ਲਈ ਜ਼ਰੂਰੀ ਦਸਤਾਵੇਜਾਂ ਦੀ ਮੰਗ ਕਰਦੇ ਹੋਏ ਜ਼ਿਲ੍ਹਾ ਕੁਲੈਕਟਰ ਨੂੰ ਇੱਕ ਅਰਜ਼ੀ ਦਿੱਤੀ। ਇਸ ਤੋਂ ਬਾਅਦ ਜ਼ਿਲ੍ਹਾ ਕੁਲੈਕਟਰ ਦੇ ਪਰਸਨਲ ਅਸਿਸਟੈਂਟ (ਜਨਰਲ) ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਅਤੇ ਲੇਬਰ ਵਿਭਾਗ ਵਰਗੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸੁੰਦਰੀ ਦੇ ਪਰਿਵਾਰ ਦੀ ਮਦਦ ਲਈ ਕਾਰਪੋਰੇਸ਼ਨ ਦਫ਼ਤਰ ਅਤੇ ਉਨ੍ਹਾਂ ਸਕੂਲਾਂ ਵਿੱਚ ਰਿਕਾਰਡ ਲੱਭ ਰਹੇ ਹਨ, ਜਿੱਥੇ ਪ੍ਰਕਾਸ਼ਮ ਨੇ ਪੜ੍ਹਾਈ ਕੀਤੀ ਸੀ।

ਇਸ ਮਾਮਲੇ ਬਾਰੇ ਬੀਬੀਸੀ ਨੂੰ ਜਾਣਕਾਰੀ ਦਿੰਦੇ ਹੋਏ ਕੋਇੰਬਟੂਰ ਦੇ ਜ਼ਿਲ੍ਹਾ ਕੁਲੈਕਟਰ ਪਵਨ ਕੁਮਾਰ ਗਿਰਿਯੱਪਨਾਵਰ ਨੇ ਕਿਹਾ, "ਮੈਂ ਉਨ੍ਹਾਂ ਦੀ ਅਰਜ਼ੀ ਬਾਰੇ ਪਟਿਆਲਾ ਦੇ ਜ਼ਿਲ੍ਹਾ ਕੁਲੈਕਟਰ ਨਾਲ ਗੱਲ ਕੀਤੀ ਹੈ। ਅਸੀਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਵਿਰੂਧਨਗਰ ਜ਼ਿਲ੍ਹਾ ਵਿੱਚ ਵੀ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਹੈ। ਅਸੀਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਰਾਹੀਂ ਰਿਕਾਰਡਜ਼ ਦੀ ਤਲਾਸ਼ ਕਰ ਰਹੇ ਹਾਂ। ਨਾਲ ਹੀ ਅਸੀਂ ਉਨ੍ਹਾਂ ਦੇ ਪੁੱਤਰ ਨੂੰ ਇਥੇ ਲਿਆਉਣ ਲਈ ਦੂਜੇ ਇੰਤਜ਼ਾਮ ਵੀ ਕਰ ਰਹੇ ਹਾਂ।"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਉਨ੍ਹਾਂ ਵੱਲੋਂ ਮੰਗੇ ਗਏ ਦਸਤਾਵੇਜ਼ ਨਹੀਂ ਮਿਲਦੇ ਤਾਂ ਕੀ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਕੋਈ ਸਮੱਸਿਆ ਆਵੇਗੀ ਤਾਂ ਜ਼ਿਲ੍ਹਾ ਕੁਲੈਕਟਰ ਨੇ ਕਿਹਾ, "ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਜੂਦਾ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਪੁਸ਼ਟੀ ਕਰਨ ਦੀ ਵਿਵਸਥਾ ਕੀਤੀ ਜਾਵੇਗੀ ਕਿ ਉਹ ਉਨ੍ਹਾਂ ਦੀ ਮਾਂ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਉੱਚ ਪੱਧਰੀ ਸਿਫਾਰਿਸ਼ ਪੱਤਰ ਵੀ ਉਪਲੱਬਧ ਕਰਵਾਇਆ ਜਾਵੇਗਾ। ਇੱਕ ਹਫਤੇ ਅੰਦਰ ਸੁੰਦਰੀ ਨੂੰ ਇਥੋਂ ਪੰਜਾਬ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੇ ਬੇਟੇ ਨੂੰ ਵਾਪਸ ਲਿਆਉਣ ਦੇ ਲਈ ਉੱਚਿਤ ਵਿਵਸਥਾ ਅਤੇ ਸਹਾਇਤਾ ਕੀਤੀ ਜਾਵੇਗੀ।"

ਪ੍ਰਕਾਸ਼ਮ ਨੂੰ ਸੌਂਪੇ ਜਾਣ ਦੇ ਸਬੰਧ ਵਿੱਚ ਬੀਬੀਸੀ ਪੰਜਾਬੀ ਨਾਲ ਗੱਲ ਕਰਦੇ ਹੋਏ 'ਆਪਣਾ ਫਰਜ਼ ਸੇਵਾ ਸੁਸਾਇਟੀ' ਦੇ ਪ੍ਰਤੀਨਿਧੀਆਂ ਨੇ ਕਿਹਾ, "ਅਸੀਂ ਇਸ ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਹੈ। ਸਾਡਾ ਮੰਨਣਾ ਹੈ ਕਿ ਇਹ ਫੈਸਲਾ ਪੀੜਤ ਅਤੇ ਉਸਦੇ ਪਰਿਵਾਰ ਉਪਰ ਨਿਰਭਰ ਕਰਦਾ ਹੈ। ਉਨ੍ਹਾਂ ਨੂੰ ਇਹ ਤੈਅ ਕਰਨਾ ਚਾਹੀਦਾ ਹੈ ਕਿ ਪ੍ਰਕਾਸ਼ਮ ਨੂੰ ਹੋਏ ਨੁਕਸਾਨ ਦੇ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਉਸ ਨੇ ਇੰਨੇ ਸਾਲ ਜੋ ਤਕਲੀਫ ਝੱਲੀ ਹੈ ਉਸਦਾ ਮੁਆਵਜ਼ਾ ਮੰਗਿਆ ਜਾਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)