ਪੰਜਾਬ ਦੇ ਤਰਨ ਤਾਰਨ ਦੀ ਕਿਰਨਦੀਪ ਦੇ ਲੰਡਨ 'ਚ ਕਤਲ ਮਗਰੋਂ, ਉਸ ਦੇ ਭੈਣ-ਭਰਾ ਕਿਵੇਂ ਵਿਛੋੜੇ ਦਾ ਦਰਦ ਝੱਲ ਰਹੇ

ਕਿਰਨਦੀਪ ਕੌਰ

ਤਸਵੀਰ ਸਰੋਤ, Kaur family

ਤਸਵੀਰ ਕੈਪਸ਼ਨ, ਤਰਨਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਦੀ ਕਿਰਨਦੀਪ ਨੂੰ ਲੰਡਨ ਵਿੱਚ ਕਤਲ ਕਰ ਦਿੱਤਾ ਗਿਆ ਸੀ।
    • ਲੇਖਕ, ਐਲਪਾ ਪਟੇਲ
    • ਰੋਲ, ਲੰਡਨ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 5 ਮਿੰਟ

ਯੂਕੇ ਦੇ ਵੈਸਟ ਲੰਡਨ ਵਿੱਚ ਪੰਜਾਬੀ ਮੂਲ ਦੀ ਕਿਰਨਦੀਪ ਕੌਰ ਜਿਨ੍ਹਾਂ ਦਾ ਕੁਝ ਦਿਨਾਂ ਪਹਿਲਾਂ ਕਤਲ ਕੀਤਾ ਗਿਆ ਸੀ, ਉਨ੍ਹਾਂ ਦੀ ਭੈਣ ਦਾ ਕਹਿਣਾ ਹੈ, "ਉਹ ਮੇਰੀ ਦੁਨੀਆਂ ਸੀ।"

ਕਿਰਨਦੀਪ ਕੌਰ 'ਤੇ ਹੇਅਜ਼ ਸਥਿਤ ਉਨ੍ਹਾਂ ਦੇ ਘਰ ਵਿੱਚ 12 ਜੁਲਾਈ ਨੂੰ ਹਮਲਾ ਕੀਤਾ ਗਿਆ ਸੀ।

ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਮਾਝਾ ਖੇਤਰ ਵਿੱਚ ਪੈਂਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਭੈਣ ਅਤੇ ਭਰਾ ਨੇ ਬੀਬੀਸੀ ਲੰਡਨ ਨਾਲ ਗੱਲ ਕੀਤੀ।

ਟਰਾਂਸਲੇਟਰ ਦੀ ਮਦਦ ਨਾਲ ਗੱਲ ਕਰਦਿਆਂ, ਉਨ੍ਹਾਂ ਦੀ ਭੈਣ ਗੁਰਸ਼ਰਨ ਕੌਰ ਨੇ ਬੀਬੀਸੀ ਨੂੰ ਕਿਹਾ, "ਉਹ ਮੇਰਾ ਸਭ ਕੁਝ ਸੀ। ਮੈਨੂੰ ਅਤੇ ਮਾਂ ਨੂੰ ਵੀਡੀਓ ਕਾਲ ਕਰਦੀ ਸੀ। ਉਸ ਤੋਂ ਬਿਨ੍ਹਾਂ ਅਸੀਂ ਕੀ ਕਰਾਂਗੇ।"

21 ਸਾਲਾ ਗੁਰਸ਼ਰਨ ਨੇ ਕਿਹਾ ਕਿ ਉਸ ਦੀ ਭੈਣ ਚੰਗੀ ਨੌਕਰੀ ਦੀ ਭਾਲ ਵਿੱਚ ਲੰਡਨ ਆਈ ਸੀ ਤਾਂ ਜੋ ਪਰਿਵਾਰ ਨੂੰ ਸਹਾਰਾ ਦੇ ਸਕੇ।

ਉਸ ਨੇ ਦੱਸਿਆ, "ਮੇਰੀ ਭੈਣ ਸਤੰਬਰ 2024 ਵਿੱਚ ਬਕਿੰਗਮਸ਼ਆਇਰ ਨਿਊ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਯੂਕੇ ਆਈ ਸੀ। ਉਸ ਨੇ ਪੜ੍ਹਾਈ ਪੂਰੀ ਕਰ ਲਈ ਸੀ ਅਤੇ ਗਰੌਸਰੀ ਸਟੋਰ 'ਤੇ ਕੰਮ ਕਰਦੀ ਸੀ। ਅਸੀਂ ਰੋਜ਼ ਇੱਕ ਦੂਜੇ ਨਾਲ ਫੋਨ 'ਤੇ ਗੱਲ ਕਰਦੇ ਸੀ।"

ਗੁਰਸ਼ਰਨ ਨੇ ਕਿਹਾ, " ਜਦੋਂ ਉਹ ਲੰਡਨ ਪਹੁੰਚੀ ਤਾਂ ਬਹੁਤ ਖੁਸ਼ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਇਹ ਬਹੁਤ ਸੋਹਣਾ ਹੈ ਅਤੇ ਉਹ ਬਹੁਤ ਖੁਸ਼ ਸੀ।"

ਗੁਰਸ਼ਰਨ ਨੇ ਕਿਹਾ ਕਿ ਉਸ ਦੀ ਭੈਣ ਬਹੁਤ ਹੁਸ਼ਿਆਰ ਸੀ।

ਉਸ ਨੇ ਦੱਸਿਆ, "ਇੱਥੇ ਭਾਰਤ ਵਿੱਚ ਪੜ੍ਹਦਿਆਂ ਉਹ ਆਪਣੀ ਕਲਾਸ ਵਿੱਚ ਟੌਪ ਕਰਦੀ ਸੀ। ਉਹ ਬਹੁਤ ਮਿਹਨਤੀ ਸੀ। ਉਹ ਸਾਨੂੰ ਬਹੁਤ ਪਿਆਰ ਕਰਦੀ ਸੀ। ਸਾਡਾ ਪਰਿਵਾਰ ਬਹੁਤ ਗਰੀਬ ਹੈ। ਉਹ ਹਮੇਸ਼ਾ ਪਹਿਲਾਂ ਸਾਡੇ ਬਾਰੇ ਸੋਚਦੀ ਸੀ। ਉਹ ਮੈਨੂੰ ਬਹੁਤ ਸਹਿਯੋਗ ਕਰਦੀ ਸੀ। ਉਹ ਮੇਰੀ ਦੁਨੀਆਂ ਸੀ। ਮੇਰਾ ਦਿਲ ਦੁਖਦਾ ਹੈ।"

ਕਿਰਨਦੀਪ ਆਪਣੇ ਪਿੱਛੇ ਤਿੰਨ ਭੈਣ ਭਰਾ, ਆਪਣੇ ਮਾਪੇ, ਪਤੀ ਜਿਸ ਨਾਲ ਯੂਕੇ ਵਿੱਚ ਆ ਕੇ ਵਿਆਹ ਕਰਵਾਇਆ ਸੀ, ਅਤੇ ਛੋਟਾ ਬੱਚਾ ਛੱਡ ਗਈ ਹੈ।

ਉਸ ਦਾ ਪਰਿਵਾਰ ਪੰਜਾਬ ਦੇ ਮਾਝਾ ਖੇਤਰ ਦੇ ਸ਼ਹਿਰ ਤਰਨ ਤਾਰਨ ਨਾਲ ਸਬੰਧ ਰੱਖਦਾ ਹੈ ਜੋ ਕਿ ਅੰਮ੍ਰਿਤਸਰ ਤੋਂ 22 ਕਿਲੋਮੀਟਰ ਦੱਖਣ ਵੱਲ ਸਥਿਤ ਹੈ।

ਗੁਰਸ਼ਰਨ ਨੇ ਬੀਬੀਸੀ ਲੰਡਨ ਨੂੰ ਦੱਸਿਆ ਕਿ ਉਸ ਨੂੰ ਆਪਣੀ ਭੈਣ ਦੀ ਮੌਤ ਬਾਰੇ ਪਿੰਡ ਤੋਂ ਪਤਾ ਲੱਗਿਆ ਸੀ ਅਤੇ ਜੋ ਹੋਇਆ, ਉਸ ਬਾਰੇ ਉਸ ਨੂੰ ਹਾਲੇ ਵੀ ਬਹੁਤ ਥੋੜ੍ਹਾ ਪਤਾ ਹੈ।

ਉਸ ਨੇ ਕਿਹਾ, "ਮੈਂ ਠੀਕ ਨਹੀਂ ਹਾਂ। ਇਹ ਖਬਰ ਬਰਦਾਸ਼ਤ ਨਹੀਂ ਹੋ ਰਹੀ। ਮੇਰੇ ਮਾਪੇ ਟੁੱਟ ਚੁੱਕੇ ਹਨ। ਅਸੀਂ ਚਾਰ ਭੈਣ ਭਰਾ ਹਾਂ। ਮੈਂ ਸਭ ਤੋਂ ਛੋਟੀ ਹਾਂ। ਜਦੋਂ ਤੋਂ ਖ਼ਬਰ ਸੁਣੀ ਹੈ ਮੇਰੀ ਮਾਂ ਠੀਕ ਮਹਿਸੂਸ ਨਹੀਂ ਕਰ ਰਹੀ, ਉਹ ਬਹੁਤ ਪਰੇਸ਼ਾਨ ਹੈ। ਮੇਰੇ ਪਿਤਾ ਦੀ ਸਿਹਤ ਵੀ ਠੀਕ ਨਹੀਂ ਹੈ।"

ਗੁਰਸ਼ਰਨ ਨੇ ਅੱਗੇ ਕਿਹਾ, " ਮੇਰੀ ਭੈਣ ਮੇਰੀ ਦੁਨੀਆਂ ਸੀ। ਉਹ ਮੇਰਾ ਸਾਥ ਦਿੰਦੀ ਸੀ ਅਤੇ ਮੈਨੂੰ ਪਿਆਰ ਕਰਦੀ ਸੀ। ਉਹ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਦੀ ਸੀ। ਉਸ ਨੇ ਮੇਰੀ ਪੜ੍ਹਾਈ ਵਿੱਚ ਸਹਿਯੋਗ ਕੀਤਾ, ਉਹ ਚਾਹੁੰਦੀ ਸੀ ਕਿ ਮੈਂ ਕੁਝ ਚੰਗਾ ਕਰਾਂ।"

"ਸਾਨੂੰ ਇਨਸਾਫ਼ ਚਾਹੀਦਾ ਹੈ"

ਕਿਰਨਦੀਪ ਕੌਰ

ਤਸਵੀਰ ਸਰੋਤ, Supplied by Kaur family

ਤਸਵੀਰ ਕੈਪਸ਼ਨ, ਕਿਰਨਦੀਪ ਕੌਰ ਪੜ੍ਹਾਈ ਕਰਨ ਲਈ ਲੰਡਨ ਗਈ ਸੀ।

ਗੁਰਸ਼ਰਨ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ "ਕਦੇ ਨਹੀਂ ਸੀ ਸੋਚਿਆ ਕਿ ਲੰਡਨ ਵਿੱਚ ਉਸ ਨਾਲ ਕੁਝ ਅਜਿਹਾ ਹੋ ਸਕਦਾ ਹੈ।"

ਉਸ ਨੇ ਅੱਗੇ ਕਿਹਾ, "ਮੈਂ ਉਸ ਵੱਲ ਦੇਖਦੀ ਸੀ। ਉਹ ਫ਼ੀਸ ਭਰ ਕੇ ਮੇਰੀ ਪੜ੍ਹਾਈ ਵਿੱਚ ਮਦਦ ਕਰ ਰਹੀ ਸੀ।"

ਪਰਿਵਾਰ ਚਾਹੁੰਦਾ ਹੈ ਕਿ ਉਸ ਦੀ ਮ੍ਰਿਤਕ ਦੇਹ ਭਾਰਤ ਪਹੁੰਚੇ।

ਉਸ ਨੇ ਕਿਹਾ, " 2024 ਵਿੱਚ ਉਹ ਜਦੋਂ ਤੋਂ ਗਈ ਹੈ ਮੈਂ ਉਸ ਨੂੰ ਨਹੀਂ ਦੇਖਿਆ। ਮੈਂ ਚਾਹੁੰਦੀ ਹਾਂ ਕਿ ਉਹ ਘਰ ਆਵੇ ਅਤੇ ਮੈਂ ਇੱਕ ਵਾਰ ਉਸ ਨੂੰ ਵੇਖ ਸਕਾਂ। ਮੇਰੇ ਮਾਪੇ ਅਖੀਰਲੀ ਵਾਰ ਉਸ ਨੂੰ ਵੇਖਣਾ ਚਾਹੁੰਦੇ ਹਨ। ਮੈਂ ਚਾਹੁੰਦੀ ਹਾਂ ਕਿ ਭਾਰਤ ਵਿੱਚ ਹੀ ਸਾਡੇ ਪਿੰਡ 'ਚ ਉਹਦਾ ਸਸਕਾਰ ਹੋਵੇ।"

ਹੇਅਜ਼ ਵਿਖੇ ਸਿੱਖ ਭਾਈਚਾਰੇ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕਿਰਨਦੀਪ ਦੀ ਯਾਦ ਵਿੱਚ ਸ਼ੋਕ ਸਭਾਵਾਂ ਕੀਤੀਆਂ।

ਗੁਰਸ਼ਰਨ ਨੇ ਕਿਹਾ, "ਅਸੀਂ ਲੰਡਨ ਵਿੱਚ ਲੋਕਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਮੇਰੀ ਭੈਣ ਲਈ ਰੱਖੀਆਂ ਸ਼ੋਕ ਸਭਾਵਾਂ ਵਿਚ ਇਕੱਠੇ ਹੋ ਰਹੇ ਹਨ।"

ਉਸ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਅਜਿਹਾ ਕਿਸੇ ਪਰਿਵਾਰ ਨਾਲ ਨਾ ਹੋਵੇ। ਅਸੀਂ ਪਿੰਡ ਵਿੱਚ ਰਸਮਾਂ ਮੁਤਾਬਕ ਸਸਕਾਰ ਲਈ ਉਸ ਦੀ ਦੇਹ ਵਾਪਸ ਮੰਗਵਾਉਣਾ ਚਾਹੁੰਦੇ ਹਾਂ।"

"ਅਸੀਂ ਨਹੀਂ ਚਾਹੁੰਦੇ ਕਿ ਕਿਸੇ ਹੋਰ ਨਾਲ ਅਜਿਹਾ ਹੋਵੇ। ਅਸੀਂ ਇਨਸਾਫ਼ ਚਾਹੁੰਦੇ ਹਾਂ।"

"ਕਿਰਨਦੀਪ ਦੀ ਯਾਦ ਵਿੱਚ ਰੱਖੀਆਂ ਸ਼ੋਕ ਸਭਾਵਾਂ ਤੋਂ ਦਿਲਾਸਾ ਮਿਲਿਆ"

ਲੰਡਨ ਵਿੱਚ ਐਤਵਾਰ ਨੂੰ ਹੋਏ ਇੱਕ ਮਾਰਚ ਦੀ ਤਸਵੀਰ
ਤਸਵੀਰ ਕੈਪਸ਼ਨ, ਲੰਡਨ ਵਿੱਚ ਉਸ ਦੀ ਯਾਦ ਵਿੱਚ ਸ਼ੋਕ ਸਭਾਵਾਂ ਹੋ ਰਹੀਆਂ ਹਨ ਅਤੇ ਮਾਰਚ ਹੋਏ।

ਕਿਰਨਦੀਪ ਕੌਰ ਦੇ ਭਰਾ ਨੇ ਕਿਹਾ ਕਿ ਕਿਰਨਦੀਪ ਦੀ ਮੌਤ ਤੋਂ ਬਾਅਦ ਲੰਡਨ ਵਿੱਚ ਕੀਤੀਆਂ ਗਈਆਂ ਸ਼ੋਕ ਸਭਾਵਾਂ ਕਾਰਨ ਉਨ੍ਹਾਂ ਨੂੰ ਦਿਲਾਸਾ ਮਿਲਿਆ ਹੈ।

ਉਸ ਦੇ ਭਰਾ ਪਲਜਿੰਦਰ ਸਿੰਘ ਨੇ ਬੀਬੀਸੀ ਲੰਡਨ ਨੂੰ ਦੱਸਿਆ ਕਿ ਇਨ੍ਹਾਂ ਸ਼ੋਕ ਸਭਾਵਾਂ ਨੇ 'ਸਾਨੂੰ ਦਿਲਾਸਾ ਦਿੱਤਾ ਹੈ ਕਿ ਲੋਕ ਸਾਡੇ ਨਾਲ ਖੜ੍ਹੇ ਹਨ।'

ਉਨ੍ਹਾਂ ਅੱਗੇ ਕਿਹਾ ਕਿ 'ਜੇ ਪਤਾ ਹੁੰਦਾ ਕਿ ਕੀ ਹੋਣ ਵਾਲਾ ਹੈ ਤਾਂ ਅਸੀਂ ਕਦੇ ਉਸ ਨੂੰ ਜਾਣ ਨਾ ਦਿੰਦੇ'।

ਟਰਾਂਸਲੇਟਰ ਜ਼ਰੀਏ ਗੱਲ ਕਰਦਿਆਂ ਉਸ ਦੇ ਭਰਾ ਨੇ ਕਿਹਾ ਕਿ ਪਹਿਲਾਂ ਉਹ ਕੈਨੇਡਾ ਜਾਣਾ ਚਾਹੁੰਦੀ ਸੀ ਪਰ ਜਦੋਂ ਗੱਲ ਨਾ ਬਣੀ ਤਾਂ ਲੰਡਨ ਜਾਣ ਦਾ ਸਬੱਬ ਬਣ ਗਿਆ।

ਉਸ ਨੇ ਕਿਹਾ, " ਜਦੋਂ ਦੋ ਸਾਲ ਪਹਿਲਾਂ ਉਹ ਗਈ ਸੀ ਅਸੀਂ ਕਦੇ ਨਹੀਂ ਸੀ ਸੋਚਿਆ ਕਿ ਉਹ ਕਦੇ ਵਾਪਸ ਨਹੀਂ ਆਵੇਗੀ।"

ਆਪਣੀ ਛੋਟੀ ਭੈਣ ਬਾਰੇ ਪਲਜਿੰਦਰ ਨੇ ਕਹਾ, "ਉਹ ਪਿਆਰੀ ਇਨਸਾਨ ਸੀ। ਤੁਸੀਂ ਪਿੰਡ ਵਿੱਚ ਕਿਸੇ ਤੋਂ ਵੀ ਪੁੱਛ ਲਓ ਸਾਰੇ ਇਹੀ ਕਹਿਣਗੇ। ਉਹ ਕਦੇ ਕਿਸੇ ਬਾਰੇ ਬੁਰਾ ਨਹੀਂ ਕਹਿੰਦੀ ਸੀ। ਕਦੇ ਕਿਸੇ ਦੀ ਮਦਦ ਕਰਨ ਤੋਂ ਇਨਕਾਰ ਨਹੀਂ ਕਰਦੀ ਸੀ।"

ਉਸ ਨੇ ਅੱਗੇ ਕਿਹਾ, "ਜਦੋਂ ਉਹ ਨੇੜੇ ਸੀ ਤਾਂ ਸਭ ਕੁਝ ਪਿਆਰਾ ਸੀ। ਜੋ ਹੋਇਆ ਉਸ ਤੋਂ ਬਾਅਦ ਕਦੇ ਵੀ ਕੁਝ ਆਮ ਵਾਂਗ ਨਹੀਂ ਹੋਏਗਾ। ਸਾਰੀ ਜ਼ਿੰਦਗੀ, ਮੈਂ ਉਸ ਨੂੰ ਭੁੱਲ ਨਹੀਂ ਸਕਾਂਗਾ।"

ਕਿਰਨਦੀਪ ਦੀ ਯਾਦ ਵਿੱਚ ਲੰਡਨ ਵਿਖੇ ਹੋਈਆਂ ਸ਼ੋਕ ਸਭਾਵਾਂ ਨੂੰ ਦੇਖਦਿਆਂ ਉਸ ਨੇ ਕਿਹਾ ਕਿ ਸੈਂਕੜੇ ਮੀਲ ਦੂਰੋਂ ਲੋਕਾਂ ਦੀ ਗਿਣਤੀ ਅਤੇ ਇਕਜੁੱਟਤਾ ਦੇਖ ਕੇ ਪਰਿਵਾਰ ਨੂੰ ਬਹੁਤ ਦਿਲਾਸਾ ਮਿਲਿਆ ਹੈ।

ਪਲਜਿੰਦਰ ਨੇ ਕਿਹਾ, "ਸਭ ਇਕੱਠੇ ਹੋ ਕੇ ਮਾਮਲੇ ਨੂੰ ਉਠਾ ਰਹੇ ਹਨ। ਉਮੀਦ ਹੈ ਕਿ ਅਜਿਹਾ ਕਦੇ ਕਿਸੇ ਹੋਰ ਪਰਿਵਾਰ ਨਾਲ ਨਹੀਂ ਵਾਪਰੇਗਾ।"

ਉਸ ਨੇ ਕਿਹਾ, "ਮੈਂ ਕਦੇ ਉਸ ਨਾਲ ਦੁਬਾਰਾ ਫੋਨ 'ਤੇ ਗੱਲ ਨਹੀਂ ਕਰਾਂਗਾ ਪਰ ਮੈਂ ਅਖਰੀਲੀ ਵਾਰ ਉਸ ਨੂੰ ਦੇਖਣਾ ਚਾਹੁੰਦਾ ਹਾਂ।"

ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ

ਜਾਂਚ ਵੇਲੇ ਫੋਰੈਂਸਿਕ ਟੀਮਾਂ

ਤਸਵੀਰ ਸਰੋਤ, PA Media

ਤਸਵੀਰ ਕੈਪਸ਼ਨ, ਪਰਿਵਾਰ ਦੀ ਅਪੀਲ ਹੈ ਕਿ ਕਿਰਨਦੀਪ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿੱਚ ਮਦਦ ਕੀਤੀ ਜਾਵੇ।

46 ਸਾਲਾ ਡੇਨੀਅਲ ਸੀਨ ਜੇਮਜ਼ 'ਤੇ 12 ਜੁਲਾਈ ਨੂੰ ਅਕਸਬ੍ਰਿਜ ਰੋਡ ਸਥਿਤ ਉਸ ਦੇ ਘਰ ਵਿੱਚ ਵੜ ਕੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਹਨ।

ਇਲਜ਼ਾਮ ਹਨ ਕਿ ਬਾਅਦ ਵਿਚ ਉਸ ਨੇ ਖਿੜਕੀ ਵਿੱਚੋਂ ਛਲਾਂਗ ਮਾਰੀ ਜਿਸ ਨਾਲ ਪੁਲਿਸ ਵੱਲੋਂ ਫੜੇ ਜਾਣ ਤੋਂ ਪਹਿਲਾਂ ਉਸ ਦੇ ਦੋਹੇਂ ਗਿੱਟੇ ਟੁੱਟ ਗਏ।

ਉਸ 'ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਬਲੇਡ ਰੱਖਣ ਦੇ ਦੋਸ਼ ਲਗਾਏ ਗਏ ਹਨ।

ਜੱਜ ਨਿਜਿਲ ਲਿਕਲੇ ਕੇਸੀ ਨੇ ਦੋਸ਼ਾਂ ਦੀ ਸੁਣਵਾਈ ਲਈ 1 ਅਕਤੂਬਰ ਦੀ ਤਾਰੀਖ਼ ਤੈਅ ਹੈ ਅਤੇ ਜੇਮਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)