'ਸਮਝ ਨਹੀਂ ਆਉਂਦੀ, ਕਿੱਥੇ ਜਾਣਾ, ਕਿੱਥੋਂ ਮਦਦ ਮੰਗਣੀ ਹੈ', ਮਰਦਾਂ 'ਚ ਬਾਂਝਪਣ ਨੂੰ ਅਜੇ ਵੀ ਕਿਉਂ ਲੋੜੀਂਦਾ ਧਿਆਨ ਨਹੀਂ ਮਿਲ ਰਿਹਾ

ਅੰਡਾਣੂ ਵੱਲ ਵਧਦੇ ਸ਼ੁਕਰਾਣੂ
ਤਸਵੀਰ ਕੈਪਸ਼ਨ, ਕਈ ਪੁਰਸ਼ਾਂ ਨੇ ਮਰਦਾਂ ਦੇ ਬਾਂਝਪਣ ਬਾਰੇ ਘੱਟ ਚਰਚਾ ਹੋਣ ਬਾਰੇ ਚਿੰਤਾ ਜਤਾਈ ਹੈ
    • ਲੇਖਕ, ਜਿਮ ਰੀਡ
    • ਰੋਲ, ਸਿਹਤ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 14 ਮਿੰਟ

ਸਾਲ 2020 ਦੇ ਮੱਧ ਵਿੱਚ, ਜਦੋਂ ਕੋਵਿਡ ਲੌਕਡਾਊਨ ਨੇ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਸੀ, ਲਿਊਕ ਅਤੇ ਉਨ੍ਹਾਂ ਦੀ ਪਤਨੀ ਨੇ ਪਰਿਵਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।

ਉਹ ਕਹਿੰਦਾ ਹੈ, "ਮੇਰੀ ਕਿਸ਼ੋਰ ਅਵਸਥਾ ਦੌਰਾਨ ਹਮੇਸ਼ਾ ਇਹੀ ਸੁਨੇਹਾ ਦਿੱਤਾ ਜਾਂਦਾ ਸੀ ਕਿ ਕੰਡੋਮ ਤੋਂ ਬਿਨਾਂ ਸੈਕਸ ਨਾ ਕਰੋ, ਨਹੀਂ ਤਾਂ ਤੁਸੀਂ ਕਿਸੇ ਨੂੰ ਗਰਭਵਤੀ ਕਰ ਸਕਦੇ ਹੋ।"

"ਇਸ ਲਈ ਜਦੋਂ ਤੁਸੀਂ ਵੱਡੇ ਹੁੰਦੇ ਹੋ, ਤਾਂ ਤੁਹਾਨੂੰ ਉਮੀਦ ਹੁੰਦੀ ਹੈ ਕਿ ਸਭ ਕੁਝ ਆਮ ਵਾਂਗ ਹੀ ਹੋ ਜਾਵੇਗਾ। ਜਦੋਂ ਅਜਿਹਾ ਨਹੀਂ ਹੁੰਦਾ, ਤਾਂ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਨਾ ਹੈ ਜਾਂ ਕਿੱਥੇ ਜਾਣਾ ਹੈ।"

18 ਮਹੀਨਿਆਂ ਤੱਕ ਕੋਈ ਸਫ਼ਲਤਾ ਨਾ ਮਿਲਣ ਤੋਂ ਬਾਅਦ, ਇਸ ਜੋੜੇ ਨੇ ਆਪਣੇ ਜੀਪੀ (ਜਨਰਲ ਪ੍ਰੈਕਟੀਸ਼ਨਰ) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੋਰ ਜਾਂਚਾਂ ਲਈ ਹਸਪਤਾਲ ਅਤੇ ਇੱਕ ਫਰਟੀਲਿਟੀ ਕਲੀਨਿਕ ਵਿੱਚ ਭੇਜਿਆ ਗਿਆ।

ਲਿਊਕ ਕਹਿੰਦੇ ਹਨ ਹੈ ਕਿ ਅਗਲੇ ਲਗਭਗ ਇੱਕ ਸਾਲ ਦੌਰਾਨ ਸਾਰਾ ਧਿਆਨ ਪੂਰੀ ਤਰ੍ਹਾਂ ਉਸ ਦੀ ਪਤਨੀ ਉੱਤੇ ਹੀ ਕੇਂਦਰਿਤ ਰਿਹਾ। ਸਾਰੀਆਂ ਮੁਲਾਕਾਤਾਂ ਉਸ ਦੇ ਨਾਮ 'ਤੇ ਸਨ। ਜਦੋਂ ਉਸ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨੀ ਪਈ, ਤਾਂ ਉਸ ਦੀ ਪਤਨੀ ਨਾਲ ਸੰਪਰਕ ਕੀਤਾ ਗਿਆ, ਹਾਲਾਂਕਿ ਉਸ ਦੇ ਆਪਣੇ ਸਾਰੇ ਵੇਰਵੇ ਵੀ ਰਿਕਾਰਡ ਵਿੱਚ ਮੌਜੂਦ ਸਨ।

ਉਹ ਕਹਿੰਦੇ ਹਨ, "ਅਸਲ ਵਿੱਚ, ਪੂਰੀ ਪ੍ਰਣਾਲੀ ਇਸ ਧਾਰਨਾ 'ਤੇ ਆਧਾਰਿਤ ਹੈ ਕਿ ਇਹ ਔਰਤ ਦੀ ਸਮੱਸਿਆ ਹੈ। ਮਰਦਾਂ ਵਾਲੇ ਪੱਖ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।"

ਲਿਊਕ ਨੂੰ ਇਹ ਦੱਸੇ ਜਾਣ ਵਿੱਚ ਕਿ ਸ਼ਾਇਦ ਉਸ ਦੇ ਸ਼ੁਕਰਾਣੂਆਂ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ, ਇੱਕ ਸਾਲ ਤੋਂ ਵੀ ਵੱਧ ਸਮਾਂ ਲੱਗ ਗਿਆ ਅਤੇ ਇਸ ਦੌਰਾਨ ਆਈਵੀਐੱਫ ਦਾ ਇੱਕ ਗੇੜ ਵੀ ਅਸਫ਼਼ਲ ਰਿਹਾ।

ਉਹ ਕਹਿੰਦੇ ਹਨ, "ਮੈਂ ਸੋਚਿਆ, 'ਹੁਣ ਤੁਸੀਂ ਮੈਨੂੰ ਇਹ ਦੱਸ ਰਹੇ ਹੋ?' ਮੇਰੇ ਪੱਖ ਨਾਲ ਜੁੜੀਆਂ ਕੁਝ ਗੱਲਾਂ ਦੀ ਜਾਂਚ ਕਾਫ਼ੀ ਪਹਿਲਾਂ ਕੀਤੀ ਜਾ ਸਕਦੀ ਸੀ, ਇਸ ਦੀ ਬਜਾਏ ਮੈਨੂੰ ਇਸ ਪੂਰੀ ਪ੍ਰਕਿਰਿਆ ਦਾ ਸਿਰਫ਼ ਇੱਕ ਸਹਾਇਕ ਹਿੱਸਾ ਸਮਝਿਆ ਗਿਆ।"

ਬਾਂਝਪਨ ਲਗਭਗ ਹਰ ਛੇ ਵਿੱਚੋਂ ਇੱਕ ਜੋੜੇ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਨ੍ਹਾਂ ਵਿੱਚੋਂ ਕਰੀਬ ਅੱਧੇ ਮਾਮਲੇ ਮਰਦਾਂ ਨਾਲ ਸੰਬੰਧਿਤ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ, ਭਾਵੇਂ ਉਹ ਇਕੱਲਿਆਂ ਹੋਣ ਜਾਂ ਔਰਤਾਂ ਨਾਲ ਸੰਬੰਧਿਤ ਕਾਰਨਾਂ ਦੇ ਨਾਲ ਮਿਲ ਕੇ ਹੋਣ।

ਐੱਨਆਈਸੀਈ (ਨੈਸ਼ਨਲ ਇੰਸਟੀਟਿਊਟ ਫਾਰ ਹੈਲਥ ਐਂਡ ਕੇਅਰ ਐਕਸੀਲੈਂਸ) ਦੇ ਤਾਜ਼ਾ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਿਹੜੇ ਜੋੜੇ 12 ਮਹੀਨਿਆਂ ਤੱਕ ਬਿਨਾਂ ਗਰਭ-ਨਿਰੋਧਕ ਸਾਧਨਾਂ ਦੇ ਸੈਕਸ ਕਰਨ ਦੇ ਬਾਵਜੂਦ ਗਰਭਧਾਰਣ ਕਰਨ ਵਿੱਚ ਅਸਫ਼ਲ ਰਹਿੰਦੇ ਹਨ, ਉਨ੍ਹਾਂ ਦੀ ਇੱਕ ਇਕਾਈ ਵਜੋਂ ਇਕੱਠੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਇੱਕੋ ਸਮੇਂ ਹੋਰ ਜਾਂਚਾਂ ਦੀ ਪੇਸ਼ਕਸ਼ ਕੀਤੀ ਜਾਣੀ ਚਾਹੀਦੀ ਹੈ।

ਫਿਰ ਵੀ, ਮਾਹਰਾਂ ਦਾ ਕਹਿਣਾ ਹੈ ਕਿ ਮਰਦਾਂ ਨੂੰ ਅਕਸਰ ਜਾਂਚ, ਇਲਾਜ ਅਤੇ ਪ੍ਰਜਨਨ ਸਮਰੱਥਾ ਨਾਲ ਜੁੜੀਆਂ ਗੱਲਾਂ-ਬਾਤਾਂ ਵਿੱਚ ਪਾਸੇ ਕਰ ਦਿੱਤਾ ਜਾਂਦਾ ਹੈ।

ਯੂਨੀਵਰਸਿਟੀ ਕਾਲਜ ਲੰਡਨ ਦੀ ਪ੍ਰੋਫੈਸਰ ਬੋਲਾ ਗ੍ਰੇਸ ਕਹਿੰਦੀ ਹੈ, "ਭਾਵੇਂ ਇਹ ਜਾਣ-ਬੁੱਝ ਕੇ ਨਾ ਵੀ ਕੀਤਾ ਜਾਵੇ, ਫਿਰ ਵੀ ਅਸਲ ਵਿੱਚ ਉਨ੍ਹਾਂ ਨੂੰ ਬਾਹਰ ਰੱਖਿਆ ਜਾ ਸਕਦਾ ਹੈ। ਮਰਦ ਸਾਨੂੰ ਦੱਸਦੇ ਹਨ ਕਿ ਇਹ ਵੱਖ-ਵੱਖ ਸੇਵਾਵਾਂ ਵਿੱਚ ਹੋ ਸਕਦਾ ਹੈ, ਦੇਖਭਾਲ ਦੇ ਤਰੀਕੇ ਵਿੱਚ, ਫਰਟੀਲਿਟੀ ਕਲੀਨਿਕਾਂ ਵਿੱਚ ਅਤੇ ਕਾਊਂਸਲਿੰਗ ਦੌਰਾਨ ਵੀ।"

ਸਾਲ 2019 ਵਿੱਚ ਪ੍ਰੋਫੈਸਰ ਗ੍ਰੇਸ ਦੀ ਅਗਵਾਈ ਹੇਠ ਕੀਤੇ ਗਏ ਇੱਕ ਅਧਿਐਨ ਵਿੱਚ ਪਤਾ ਲੱਗਿਆ ਕਿ ਬਹੁਤ ਸਾਰੇ ਮਰਦ ਪ੍ਰਜਨਨ ਸਮਰੱਥਾ ਨਾਲ ਜੁੜੀ ਪ੍ਰਕਿਰਿਆ ਵਿੱਚ ਹੋਰ ਵੱਧ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਉਨ੍ਹਾਂ ਨੂੰ ਅਕਸਰ ਇਹ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ।

ਪ੍ਰੋਫੈਸਰ ਦਲੀਲ ਦਿੰਦੇ ਹਨ ਕਿ ਇਸ ਦਾ ਨਤੀਜਾ ਅਕਸਰ ਆਪਣੇ ਆਪ ਨੂੰ ਦੁਹਰਾਉਣ ਵਾਲਾ ਚੱਕਰ ਬਣ ਜਾਂਦਾ ਹੈ - ਕੁਝ ਪ੍ਰਜਨਨ ਸਮਰੱਥਾ ਸੇਵਾਵਾਂ ਵਿੱਚ ਮਰਦਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਜਾਂਦਾ, ਇਸ ਕਰਕੇ ਮਰਦਾਂ ਦੀ ਭਾਗੀਦਾਰੀ ਘੱਟ ਹੋ ਜਾਂਦੀ ਹੈ, ਜਿਸ ਨਾਲ ਇਹ ਧਾਰਨਾ ਹੋਰ ਮਜ਼ਬੂਤ ਹੋ ਜਾਂਦੀ ਹੈ ਕਿ ਉਨ੍ਹਾਂ ਦੀ ਇਸ ਵਿੱਚ ਕੋਈ ਦਿਲਚਸਪੀ ਹੀ ਨਹੀਂ।

ਉਹ ਕਹਿੰਦੇ ਹਨ, "ਅਸੀਂ ਇੱਕ ਅਜਿਹਾ ਚੱਕਰ ਬਣਾ ਦਿੱਤਾ ਹੈ ਜਿਸ ਵਿੱਚ ਮਰਦਾਂ ਨੂੰ ਬਾਹਰ ਰੱਖਿਆ ਜਾਂਦਾ ਹੈ, ਪਰ ਫਿਰ ਉਨ੍ਹਾਂ ਨੂੰ ਇਸ ਗੱਲ ਲਈ ਵੀ ਕਸੂਰਵਾਰ ਠਹਿਰਾਇਆ ਜਾਂਦਾ ਹੈ ਕਿ ਉਹ ਸਾਹਮਣੇ ਨਹੀਂ ਆਉਂਦੇ।"

ਉਹ ਕਹਿੰਦੇ ਹਨ ਹੈ ਕਿ ਇਸ ਦੇ ਅਸਲ ਨਤੀਜੇ ਨਿਕਲ ਸਕਦੇ ਹਨ, ਸਿਰਫ਼ ਮਰਦਾਂ ਲਈ ਹੀ ਨਹੀਂ, ਸਗੋਂ ਔਰਤਾਂ ਲਈ ਵੀ, ਜਿਨ੍ਹਾਂ ਨੂੰ ਅਕਸਰ "ਹਾਲਾਤਾਂ ਨਾਲ ਨਜਿੱਠਣ, ਯੋਜਨਾ ਬਣਾਉਣ, ਚਿੰਤਾ ਕਰਨ ਅਤੇ ਫ਼ੈਸਲੇ ਲੈਣ" ਦਾ ਕਾਫ਼ੀ ਵੱਧ ਬੋਝ ਝੱਲਣਾ ਪੈਂਦਾ ਹੈ।

ਇਸ ਦਾ ਇਹ ਵੀ ਮਤਲਬ ਹੋ ਸਕਦਾ ਹੈ ਕਿ ਸਮੱਸਿਆਵਾਂ ਦਾ ਪਤਾ ਦੇਰ ਨਾਲ ਲੱਗੇ, ਜਾਂਚਾਂ ਅਤੇ ਇਲਾਜ ਹੋਰ ਵੱਧ ਜਟਿਲ ਅਤੇ ਸਰੀਰ ਵਿੱਚ ਦਖ਼ਲਅੰਦਾਜ਼ੀ ਵਾਲੇ ਹੋਣ ਅਤੇ ਜੋੜਿਆਂ ਨੂੰ ਪ੍ਰਜਨਨ ਸਮਰੱਥਾ ਨਾਲ ਸੰਬੰਧਿਤ ਇਲਾਜ ਦੇ ਰਾਹ 'ਤੇ ਹੋਰ ਮੁਸ਼ਕਲ ਅਤੇ ਮਹਿੰਗੇ ਸਫ਼ਰ ਦਾ ਸਾਹਮਣਾ ਕਰਨਾ ਪਵੇ।

ਫਿਰ ਅਜਿਹੀ ਸਥਿਤੀ ਵਿੱਚ, ਜਦੋਂ ਕਿਸੇ ਮਰਦ ਨੂੰ ਦੱਸਿਆ ਜਾਂਦਾ ਹੈ ਕਿ ਉਸ ਨੂੰ ਕੋਈ ਸਮੱਸਿਆ ਹੋ ਸਕਦੀ ਹੈ, ਤਾਂ ਪ੍ਰਣਾਲੀ ਉਸ ਨੂੰ ਹੋਰ ਵੱਧ ਸਹਾਇਤਾ ਕਿਵੇਂ ਦੇ ਸਕਦੀ ਹੈ? ਅਤੇ ਮਰਦਾਂ ਨੂੰ ਪ੍ਰਜਨਨ ਸਮਰੱਥਾ ਬਾਰੇ ਹੋਰ ਖੁੱਲ੍ਹ ਕੇ ਗੱਲ ਕਰਨ ਲਈ ਹੋਰ ਕੀ ਕੀਤਾ ਜਾ ਸਕਦਾ ਹੈ?

'ਪ੍ਰਣਾਲੀ ਵੱਲੋਂ ਨਜ਼ਰਅੰਦਾਜ਼ ਕੀਤੇ ਗਏ'

ਸਾਲ 1978 ਵਿੱਚ ਪਹਿਲੇ ਆਈਵੀਐੱਫ ਰਾਹੀਂ ਬੱਚੇ ਦੇ ਜਨਮ ਤੋਂ ਬਾਅਦ ਤੋਂ ਹੀ, ਪ੍ਰਜਨਨ ਸਮਰੱਥਾ ਨਾਲ ਸੰਬੰਧਿਤ ਇਲਾਜ ਦਾ ਕੇਂਦਰ ਮੁੱਖ ਤੌਰ 'ਤੇ ਔਰਤਾਂ ਰਹੀਆਂ ਹਨ, ਜਿਸ ਦਾ ਇੱਕ ਕਾਰਨ ਜੀਵ-ਵਿਗਿਆਨਕ ਹਕੀਕਤਾਂ ਵੀ ਹਨ।

ਆਈਵੀਐੱਫ ਪ੍ਰਕਿਰਿਆ ਵਿੱਚ ਅੰਡਕੋਸ਼ਾਂ ਨੂੰ ਅੰਡੇ (ਐਗਜ਼) ਬਣਾਉਣ ਲਈ ਉਤੇਜਿਤ ਕੀਤਾ ਜਾਂਦਾ ਹੈ, ਫਿਰ ਉਨ੍ਹਾਂ ਨੂੰ ਕੱਢਿਆ ਜਾਂਦਾ ਹੈ, ਪ੍ਰਯੋਗਸ਼ਾਲਾ ਵਿੱਚ ਉਨ੍ਹਾਂ ਦਾ ਫਰਟੀਲਾਈਜ਼ੇਸ਼ਨ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਣੇ ਭਰੂਣ (ਐਂਬ੍ਰਿਓ) ਨੂੰ ਮੁੜ ਬੱਚੇਦਾਨੀ ਵਿੱਚ ਸਥਾਪਿਤ ਕੀਤਾ ਜਾਂਦਾ ਹੈ।

ਇਸ ਦੇ ਉਲਟ, ਜ਼ਿਆਦਾਤਰ ਮਰਦ ਸਿਰਫ਼ ਆਪਣੇ ਸ਼ੁਕਰਾਣੂਆਂ ਦਾ ਇੱਕ ਨਮੂਨਾ ਦਿੰਦੇ ਹਨ ਅਤੇ ਫਿਰ ਵਿਗਿਆਨ ਦੇ ਆਪਣਾ ਕੰਮ ਕਰਨ ਦੀ ਉਡੀਕ ਕਰਦੇ ਹਨ।

ਲੁਈਸ ਬ੍ਰਾਊਨ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, 1978 ਵਿੱਚ, ਲੁਈਸ ਬ੍ਰਾਊਨ ਦੁਨੀਆ ਦਾ ਪਹਿਲਾ ਬੱਚਾ ਸਨ ਜੋ ਸਫਲ ਆਈਵੀਐਫ ਨਾਲ ਪੈਦਾ ਹੋਏ

ਐਲਨ ਪੇਸੀ, ਜੋ ਯੂਨੀਵਰਸਿਟੀ ਆਫ਼ ਮੈਨਚੈਸਟਰ ਵਿੱਚ ਐਂਡਰੋਲੋਜੀ (ਮਰਦਾਂ ਦੀ ਪ੍ਰਜਨਨ ਸਿਹਤ ਨਾਲ ਸੰਬੰਧਿਤ ਇੱਕ ਡਾਕਟਰੀ ਵਿਸ਼ੇਸ਼ਤਾ) ਦੇ ਪ੍ਰੋਫੈਸਰ ਹਨ, ਦਲੀਲ ਦਿੰਦੇ ਹਨ ਕਿ ਇਸ ਅਸਮਾਨਤਾ ਨੇ ਇਹ ਤੈਅ ਕੀਤਾ ਹੈ ਕਿ ਪ੍ਰਜਨਨ ਸਮਰੱਥਾ ਨਾਲ ਸੰਬੰਧਿਤ ਦੇਖਭਾਲ ਕਿਵੇਂ ਵਿਕਸਿਤ ਹੋਈ ਹੈ।

ਉਹ ਕਹਿੰਦੇ ਹਨ ਕਿ ਪ੍ਰਜਨਨ ਸਮਰੱਥਾ ਨਾਲ ਸੰਬੰਧਿਤ ਯੂਨਿਟਾਂ ਅਤੇ ਕਲੀਨਿਕਾਂ ਦੀ ਅਗਵਾਈ ਆਮ ਤੌਰ 'ਤੇ ਗਾਇਨਾਕੋਲੋਜਿਸਟ ਕਰਦੇ ਹਨ, ਜਿਨ੍ਹਾਂ ਦੀ ਸਿਖਲਾਈ ਦਾ ਕੇਂਦਰ ਔਰਤਾਂ ਦੀ ਪ੍ਰਜਨਨ ਸਿਹਤ ਹੁੰਦੀ ਹੈ, ਜਦਕਿ ਮਰਦਾਂ ਦੀ ਪ੍ਰਜਨਨ ਸਮਰੱਥਾ ਨੂੰ ਅਕਸਰ ਦੂਜੇ ਦਰਜੇ ਦੀ ਚਿੰਤਾ ਵਜੋਂ ਦੇਖਿਆ ਜਾਂਦਾ ਹੈ।

ਉਹ ਕਹਿੰਦੇ ਹਨ, "ਬੇਸ਼ੱਕ ਕੁਝ ਬਹੁਤ ਵਧੀਆ ਗਾਇਨਾਕੋਲੋਜਿਸਟ ਹਨ ਜੋ ਇਹ ਕੰਮ ਬਹੁਤ ਚੰਗੀ ਤਰ੍ਹਾਂ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਇਸ ਵਿਸ਼ੇ ਵਿੱਚ ਦਿਲਚਸਪੀ ਹੈ। ਪਰ ਜੀਪੀ ਦੇ ਪੱਧਰ 'ਤੇ, ਸੈਕੰਡਰੀ ਕੇਅਰ ਕਲੀਨਿਕ ਜਾਂ ਟਰਸ਼ੀਅਰੀ ਕੇਅਰ ਕਲੀਨਿਕ ਵਿੱਚ, ਮਰਦਾਂ ਬਾਰੇ ਬਾਅਦ ਵਿੱਚ ਸੋਚਿਆ ਜਾਂਦਾ ਹੈ।"

ਉਹ ਕਹਿੰਦੇ ਹਨ ਕਿ ਨੀਤੀਗਤ ਪੱਧਰ 'ਤੇ ਵੀ ਇਸੇ ਤਰ੍ਹਾਂ ਦੀਆਂ ਅਸਮਾਨਤਾਵਾਂ ਮੌਜੂਦ ਹਨ।

ਸਿਹਤ ਵਿਭਾਗ ਨੇ ਹਾਲ ਹੀ ਵਿੱਚ ਮਰਦਾਂ ਅਤੇ ਔਰਤਾਂ ਦੀ ਸਿਹਤ ਲਈ ਵੱਖ-ਵੱਖ ਰਣਨੀਤੀਆਂ ਪ੍ਰਕਾਸ਼ਿਤ ਕੀਤੀਆਂ ਹਨ, ਜਿਨ੍ਹਾਂ ਵਿੱਚ ਇੰਗਲੈਂਡ ਵਿੱਚ ਸਿਹਤ ਸੇਵਾਵਾਂ ਲਈ ਸਰਕਾਰ ਦੀ 10 ਸਾਲਾਂ ਦੀ ਦ੍ਰਿਸ਼ਟੀ ਦਰਸਾਈ ਗਈ ਹੈ।

ਔਰਤਾਂ ਦੀ ਸਿਹਤ ਸੰਬੰਧੀ ਰਣਨੀਤੀ ਵਿੱਚ ਪ੍ਰਜਨਨ ਸਮਰੱਥਾ ਦਾ ਲਗਭਗ 20 ਵਾਰ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਲਈ ਸਹਾਇਤਾ ਅਤੇ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਨੂੰ ਸਮਰਪਿਤ ਇੱਕ ਪੂਰਾ ਸਫ਼ਾ ਦਿੱਤਾ ਗਿਆ ਹੈ।

ਇਸ ਦੇ ਉਲਟ, ਮਰਦਾਂ ਦੀ ਸਿਹਤ ਸੰਬੰਧੀ ਦਸਤਾਵੇਜ਼ ਵਿੱਚ ਇਸ ਦਾ ਸਿਰਫ਼ ਪੰਜ ਵਾਰ ਜ਼ਿਕਰ ਕੀਤਾ ਗਿਆ ਹੈ ਅਤੇ ਉਹ ਵੀ ਜ਼ਿਆਦਾਤਰ ਮੋਟਾਪੇ, ਸ਼ਰਾਬ ਜਾਂ ਹੋਰ ਸਿਹਤ ਸਮੱਸਿਆਵਾਂ ਦੇ ਸੰਦਰਭ ਵਿੱਚ।

ਪੇਸੀ, ਜੋ ਪਹਿਲਾਂ ਬ੍ਰਿਟਿਸ਼ ਫਰਟੀਲਿਟੀ ਸੋਸਾਇਟੀ ਦੇ ਚੇਅਰ ਵੀ ਰਹਿ ਚੁੱਕੇ ਹਨ, ਇਸ ਨੂੰ "ਬਰਾਬਰੀ ਦਾ ਮੌਕਾ ਪੈਦਾ ਕਰਨ ਦਾ ਗੁਆਚਿਆ ਹੋਇਆ ਮੌਕਾ" ਕਰਾਰ ਦਿੰਦੇ ਹਨ।

ਉਹ ਕਹਿੰਦੇ ਹਨ, "ਇਸ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਹੈ ਕਿ ਸਾਨੂੰ ਔਰਤਾਂ ਲਈ ਘੱਟ ਕਰਨਾ ਚਾਹੀਦਾ ਹੈ। ਸੰਭਵ ਹੈ ਕਿ ਸਾਨੂੰ ਔਰਤਾਂ ਲਈ ਵੀ ਹੋਰ ਵੱਧ ਕਰਨਾ ਚਾਹੀਦਾ ਹੈ।"

"ਪਰ ਮਰਦਾਂ ਨੂੰ ਇੱਕ ਢੁੱਕਵੀਂ ਭੂਮਿਕਾ ਦੇ ਕੇ ਅਸੀਂ ਭਵਿੱਖ ਵਿੱਚ ਹੋਣ ਵਾਲੀਆਂ ਚੀਜ਼ਾਂ ਨੂੰ ਬੁਨਿਆਦੀ ਤੌਰ 'ਤੇ ਬਦਲ ਸਕਦੇ ਹਾਂ, ਭਾਵੇਂ ਉਹ ਉਨ੍ਹਾਂ ਦੇ ਤਜਰਬਿਆਂ ਦੇ ਸੰਦਰਭ ਵਿੱਚ ਹੋਵੇ ਜਾਂ ਖੋਜ ਅਤੇ ਇਲਾਜ ਦੇ ਖੇਤਰ ਵਿੱਚ।"

ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ, "ਇਹ ਠੀਕ ਹੈ ਕਿ ਪ੍ਰਜਨਨ ਸਮਰੱਥਾ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਸਮੇਂ ਮਰਦਾਂ ਨੂੰ ਵੀ ਔਰਤਾਂ ਦੇ ਬਰਾਬਰ ਸਹਾਇਤਾ, ਜਾਣਕਾਰੀ ਅਤੇ ਦੇਖਭਾਲ ਮਿਲੇ।"

ਵਿਭਾਗ ਨੇ ਕਿਹਾ ਕਿ ਉਹ ਐੱਨਐੱਚਐੱਸ ਇੰਗਲੈਂਡ ਨਾਲ ਮਿਲ ਕੇ ਕੰਮ ਕਰਦਾ ਰਹੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਰਦਾਂ ਦੀ ਪ੍ਰਜਨਨ ਸਮਰੱਥਾ ਨੂੰ "ਸੇਵਾਵਾਂ ਦੀ ਯੋਜਨਾ ਅਤੇ ਪ੍ਰਦਾਨਗੀ ਵਿੱਚ ਢੰਗ ਨਾਲ ਦਰਸਾਇਆ ਜਾਵੇ।"

ਇੱਕ ਮੌਕੇ 'ਤੇ ਲਿਊਕ ਦੇ ਅੰਡਕੋਸ਼ਾਂ ਦਾ ਅਲਟ੍ਰਾਸਾਊਂਡ ਸਕੈਨ ਕੀਤਾ ਗਿਆ, ਪਰ ਉਸ ਨੂੰ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਇਸ ਬਾਰੇ ਕੋਈ ਜਵਾਬ ਨਹੀਂ ਮਿਲਿਆ, ਜਦੋਂ ਤੱਕ ਉਨ੍ਹਾਂ ਨੇ ਖ਼ੁਦ ਕਲੀਨਿਕ ਨੂੰ ਇਸ ਦੀ ਯਾਦ ਨਹੀਂ ਦਿਵਾਈ।

ਸਮੀਖਿਆ ਤੋਂ ਪਤਾ ਲੱਗਿਆ ਕਿ ਉਸ ਨੂੰ ਵੈਰੀਕੋਸੀਲ ਸੀ, ਅੰਡਥੈਲੀ (ਸਕ੍ਰੋਟਮ) ਦੀਆਂ ਨਾੜੀਆਂ ਵਿੱਚ ਸੋਜ, ਜੋ ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਉਨ੍ਹਾਂ ਦਾ ਇਲਾਜ ਕੀਤਾ ਗਿਆ, ਪਰ ਜੋੜੇ ਦੀਆਂ ਪ੍ਰਜਨਨ ਸਮੱਸਿਆਵਾਂ ਜਾਰੀ ਰਹੀਆਂ।

ਇਸ ਤੋਂ ਬਾਅਦ ਵੀ, ਇੱਕ ਨਿੱਜੀ ਐਂਡਰੋਲੋਜਿਸਟ ਨੂੰ ਪੈਸੇ ਦੇ ਕੇ ਮਿਲਣ ਤੋਂ ਬਾਅਦ, ਲਿਊਕ ਨੂੰ ਜੀਵਨ-ਸ਼ੈਲੀ ਅਤੇ ਖੁਰਾਕ ਬਾਰੇ ਵਿਸਥਾਰਪੂਰਵਕ ਇੱਕ-ਤੋਂ-ਇੱਕ ਸਲਾਹ ਮਿਲਣ ਵਿੱਚ ਹੋਰ ਨੌਂ ਮਹੀਨੇ ਲੱਗੇ।

ਲਿਊਕ ਕਹਿੰਦੇ ਹਨ, "ਇਹ ਬਹੁਤ ਹੀ ਔਖਾ ਅਤੇ ਇਕੱਲੇਪਨ ਭਰਿਆ ਸਮਾਂ ਰਿਹਾ ਹੈ। ਪਹਿਲਾਂ ਇਹ ਝਟਕਾ ਲੱਗਦਾ ਹੈ ਕਿ ਸਮੱਸਿਆ ਵਿੱਚ ਮਰਦ ਵਾਲਾ ਕਾਰਕ ਵੀ ਸ਼ਾਮਲ ਹੈ, ਜੋ ਮਰਦਾਨਗੀ ਨਾਲ ਜੁੜੀਆਂ ਕਈ ਰਵਾਇਤੀ ਧਾਰਨਾਵਾਂ ਦੇ ਉਲਟ ਹੈ।"

"ਪਰ ਇਸ ਤੋਂ ਬਾਅਦ ਇੱਕ ਹੋਰ ਪੱਧਰ ਵੀ ਹੈ, ਇਹ ਮਹਿਸੂਸ ਕਰਨਾ ਕਿ ਪ੍ਰਣਾਲੀ ਨੇ ਤੁਹਾਨੂੰ ਪੂਰੀ ਤਰ੍ਹਾਂ ਬਾਹਰ ਰੱਖਿਆ ਹੈ ਅਤੇ ਨਜ਼ਰਅੰਦਾਜ਼ ਕੀਤਾ ਹੈ।"

ਹੁਣ ਇਹ ਜੋੜਾ ਆਈਸੀਐੱਸਆਈ ਦੀ ਵਰਤੋਂ ਕਰਦੇ ਹੋਏ ਆਈਵੀਐੱਫ ਦੇ ਇੱਕ ਹੋਰ ਚੱਕਰ ਦੇ ਵਿਚਕਾਰ ਹੈ।

ਇਸ ਤਕਨੀਕ ਵਿੱਚ ਇੱਕ ਬਹੁਤ ਹੀ ਬਾਰੀਕ ਸੂਈ ਦੀ ਮਦਦ ਨਾਲ ਇੱਕ ਹੀ ਸ਼ੁਕਰਾਣੂ ਨੂੰ ਸਿੱਧਾ ਅੰਡੇ ਵਿੱਚ ਦਾਖ਼ਲ ਕੀਤਾ ਜਾਂਦਾ ਹੈ, ਬਜਾਇ ਇਸ ਦੇ ਕਿ ਪ੍ਰਯੋਗਸ਼ਾਲਾ ਦੀ ਡਿਸ਼ ਵਿੱਚ ਹਜ਼ਾਰਾਂ ਸ਼ੁਕਰਾਣੂਆਂ ਦੇ ਸੰਪਰਕ ਵਿੱਚ ਅੰਡੇ ਨੂੰ ਰੱਖ ਕੇ ਕੁਦਰਤੀ ਨਿਸੇਚਨ ਹੋਣ ਦਿੱਤਾ ਜਾਵੇ।

ਸ਼ੁਤਰਮੁਰਗ ਵਾਲਾ ਪਲ਼

ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਸਥਿਤੀ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ, ਪਰ ਇਹ ਬਦਲਾਅ ਬਹੁਤ ਹੌਲੀ ਰਫ਼ਤਾਰ ਨਾਲ ਹੋ ਰਿਹਾ ਹੈ।

ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲਾਂ ਅਤੇ ਕਲੀਵਲੈਂਡ ਕਲੀਨਿਕ ਲੰਡਨ ਦੇ ਯੂਰੋਲੋਜੀਕਲ ਸਰਜਨ ਪ੍ਰੋਫੈਸਰ ਹੁਸੈਨ ਅਲਨੱਜਾਰ ਕਹਿੰਦੇ ਹਨ, "ਚੀਜ਼ਾਂ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀਆਂ ਹਨ, ਪਰ ਅਸੀਂ ਅਜੇ ਵੀ ਕਾਫ਼ੀ ਪਿੱਛੇ ਹਾਂ।"

ਉਦਾਹਰਨ ਵਜੋਂ, ਜੇਕਰ ਸ਼ੁਰੂਆਤੀ ਵੀਰਜ ਜਾਂਚ (ਸੀਮਨ ਐਨਾਲਿਸਿਸ) ਵਿੱਚ ਕਿਸੇ ਸੰਭਾਵਿਤ ਸਮੱਸਿਆ ਦਾ ਸੰਕੇਤ ਮਿਲਦਾ ਹੈ, ਤਾਂ ਹੁਣ ਇਹ ਕੁਝ ਵੱਧ ਆਮ ਹੋ ਰਿਹਾ ਹੈ ਕਿ ਮਰਦ ਆਪਣੀ ਮਹਿਲਾ ਸਾਥੀ ਤੋਂ ਪਹਿਲਾਂ ਕਿਸੇ ਮਾਹਰ ਨੂੰ ਮਿਲੇ।

ਉਹ ਅੱਗੇ ਕਹਿੰਦੇ ਹਨ, "ਮੇਰਾ ਮਤਲਬ ਇਹੀ ਹੈ ਕਿ ਚੀਜ਼ਾਂ ਬਦਲ ਰਹੀਆਂ ਹਨ, ਪਰ ਇਹ ਬਹੁਤ ਹੌਲੀ-ਹੌਲੀ ਹੋ ਰਿਹਾ ਹੈ। ਕੁੱਲ ਮਿਲਾ ਕੇ, ਬਾਂਝਪਨ ਦੇ ਮਾਮਲਿਆਂ ਵਿੱਚ ਅਜੇ ਵੀ ਔਰਤਾਂ ਦੀ ਪਹਿਲਾਂ ਜਾਂਚ ਹੋਣ ਦੀ ਸੰਭਾਵਨਾ ਕਾਫ਼ੀ ਵੱਧ ਹੈ।"

ਉੱਤਰੀ ਯਾਰਕਸ਼ਾਇਰ ਦੇ 34 ਸਾਲਾ ਜੇਮਜ਼ ਵਰਗੇ ਮਰਦਾਂ ਲਈ, ਇਸ ਹੌਲੀ ਰਫ਼ਤਾਰ ਨਾਲ ਹੋ ਰਹੇ ਬਦਲਾਅ ਨੇ ਉਨ੍ਹਾਂ ਦੇ ਤਜਰਬੇ ਨੂੰ ਪ੍ਰਭਾਵਿਤ ਕੀਤਾ ਹੈ।

ਜੇਮਜ਼ ਅਤੇ ਉਨ੍ਹਾਂ ਦੀ ਪਤਨੀ ਨੂੰ ਗਰਭਧਾਰਣ ਕਰਨ ਵਿੱਚ ਮੁਸ਼ਕਲ ਆਈ ਤਾਂ ਉਨ੍ਹਾਂ ਨੇ ਉਹ ਕੀਤਾ, ਜਿਸ ਨੂੰ ਉਹ ਖੁਦ "ਸ਼ੁਤਰਮੁਰਗ ਵਾਲਾ ਪਲ਼" ਕਹਿੰਦਾ ਹੈ, ਕਈ ਮਹੀਨਿਆਂ ਤੱਕ ਉਨ੍ਹਾਂ ਨੇ ਹਕੀਕਤ ਤੋਂ ਅੱਖਾਂ ਬੰਦ ਰੱਖੀਆਂ, ਜਦੋਂ ਕਿ ਉਨ੍ਹਾਂ ਦੀ ਪਤਨੀ ਸਾਰੀਆਂ ਜਾਂਚਾਂ ਅਤੇ ਟੈਸਟਾਂ ਵਿੱਚੋਂ ਲੰਘਦੀ ਰਹੀ।

ਉਹ ਕਹਿੰਦੇ ਹਨ, "ਹਰ ਰੋਜ਼ ਮੈਂ ਉਸ ਪਲ਼ ਅਤੇ ਉਸ ਵੇਲੇ ਦੇ ਵਿਅਰਥ ਜਾਣ ਬਾਰੇ ਸੋਚਦਾ ਹਾਂ।"

ਜਦੋਂ ਉਨ੍ਹਾਂ ਦੀ ਵੀਰਜ ਜਾਂਚ ਦੇ ਨਤੀਜੇ ਆਖ਼ਰਕਾਰ ਆਏ, ਉਸ ਸਮੇਂ ਜੇਮਜ਼ ਕੰਮ ਲਈ ਇੱਕ ਨਿਰਮਾਣ ਸਥਾਨ 'ਤੇ ਗਿਆ ਹੋਇਆ ਸੀ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਦੇ ਸ਼ੁਕਰਾਣੂ "ਕਮਜ਼ੋਰ, ਹੌਲੀ ਗਤੀ ਵਾਲੇ ਅਤੇ ਅਸਧਾਰਨ ਬਣਤਰ ਵਾਲੇ" ਹਨ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਲਈ ਕੁਦਰਤੀ ਤਰੀਕੇ ਨਾਲ ਗਰਭਧਾਰਣ ਕਰਵਾਉਣਾ ਬਹੁਤ ਔਖਾ ਹੋਵੇਗਾ।

ਉਸ ਦਿਨ ਲਗਭਗ ਤਿੰਨ ਘੰਟਿਆਂ ਦੀ ਕਾਰ ਰਾਹੀਂ ਘਰ ਵਾਪਸੀ ਦਾ ਸਫ਼ਰ "ਧੁੰਦਲਾ ਜਿਹਾ ਅਤੇ ਬਹੁਤ ਦਰਦਨਾਕ" ਸੀ।

ਉਸ ਦੀ ਜਾਂਚ ਅਤੇ ਬਿਮਾਰੀ ਦੀ ਪਛਾਣ ਵਿੱਚ ਵੀ ਦੇਰੀ ਹੋਈ।

ਪੂਰੀ ਸਰੀਰਕ ਜਾਂਚ ਅਤੇ ਹੋਰ ਉੱਨਤ ਹਾਰਮੋਨਲ ਟੈਸਟ ਕਰਵਾਉਣ ਤੋਂ ਪਹਿਲਾਂ ਉਸ ਨੂੰ ਹੋਰ ਦੋ ਸਾਲ ਉਡੀਕ ਕਰਨੀ ਪਈ ਅਤੇ ਇਸ ਲਈ ਇੱਕ ਨਿੱਜੀ ਯੂਰੋਲੋਜਿਸਟ ਨਾਲ ਸਲਾਹ ਵੀ ਲੈਣੀ ਪਈ।

ਸਾਲਾਂ ਤੱਕ ਕੋਸ਼ਿਸ਼ਾਂ ਕਰਨ ਅਤੇ ਆਈਵੀਐੱਫ ਦੇ ਕਈ ਚੱਕਰਾਂ ਵਿੱਚੋਂ ਲੰਘਣ ਦੇ ਬਾਵਜੂਦ, ਆਖ਼ਰਕਾਰ ਇਸ ਜੋੜੇ ਦਾ ਪ੍ਰਜਨਨ ਇਲਾਜ ਸਫ਼ਲ ਨਹੀਂ ਹੋਇਆ।

ਜੇਮਜ਼ ਕਹਿੰਦਾ ਹੈ, "ਤੁਸੀਂ ਉਸ ਵਿਅਕਤੀ ਦੇ ਜੀਵਨ ਸਾਥੀ ਹੁੰਦੇ ਹੋ ਜਿਸ ਨੂੰ ਤੁਸੀਂ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਦੇ ਹੋ, ਪਰ ਤੁਸੀਂ ਆਪਣੇ ਆਪ ਨੂੰ ਉਸ ਦੇ ਦਰਦ ਦਾ ਕਾਰਨ ਸਮਝਣ ਲੱਗ ਪੈਂਦੇ ਹੋ। ਤੁਹਾਨੂੰ ਲੱਗਦਾ ਹੈ ਕਿ ਬੱਚਾ ਨਾ ਹੋਣ ਦਾ ਕਾਰਨ ਤੁਸੀਂ ਹੀ ਹੋ।"

ਸ਼ੌਨ ਆਪਣੀ ਪਾਰਟਨਰ ਅਤੇ ਦੋ ਛੋਟੇ ਬੱਚਿਆਂ ਨਾਲ
ਤਸਵੀਰ ਕੈਪਸ਼ਨ, ਸ਼ੌਨ (ਤਸਵੀਰ ਵਿੱਚ) ਨੇ ਮੇਲ ਫਰਟੀਲਿਟੀ ਪੋਡਕਾਸਟ ਦੀ ਸਹਿ-ਸਥਾਪਨਾ ਕੀਤੀ ਅਤੇ ਉਹਨਾਂ ਮਰਦਾਂ ਲਈ ਇੱਕ ਸਹਾਇਤਾ ਨੈੱਟਵਰਕ ਵੀ ਸ਼ੁਰੂ ਕੀਤਾ ਜੋ ਫਰਟੀਲਿਟੀ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ

ਮਰਦਾਂ ਵਿੱਚ ਬਾਂਝਪਨ ਨੂੰ ਅਕਸਰ ਮਰਦਾਨਗੀ ਅਤੇ ਜਿਨਸੀ ਸਮਰੱਥਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜਿਸ ਕਾਰਨ ਕੁਝ ਮਰਦਾਂ ਲਈ ਇਸ ਸਮੱਸਿਆ ਨੂੰ ਸਵੀਕਾਰ ਕਰਨਾ ਜਾਂ ਇਸ ਬਾਰੇ ਗੱਲ ਕਰਨਾ ਹੋਰ ਵੀ ਔਖਾ ਹੋ ਜਾਂਦਾ ਹੈ।

ਪ੍ਰੋਫੈਸਰ ਪੇਸੀ ਨੂੰ ਇੱਕ ਬਾਰਬਿਕਿਊ ਸਮਾਗਮ ਦੀ ਗੱਲ ਯਾਦ ਹੈ, ਜਿੱਥੇ "ਸਾਰੀਆਂ ਔਰਤਾਂ ਇੱਕ ਪਾਸੇ ਬੈਠ ਕੇ ਆਈਵੀਐੱਫ ਬਾਰੇ ਗੱਲ ਕਰ ਰਹੀਆਂ ਸਨ ਅਤੇ ਸਾਰੇ ਮਰਦ ਦੂਜੇ ਪਾਸੇ ਫੁੱਟਬਾਲ ਬਾਰੇ ਗੱਲ ਕਰ ਰਹੇ ਸਨ।"

ਜੇਮਜ਼ ਨੇ ਆਪਣੀਆਂ ਪ੍ਰਜਨਨ ਸਮੱਸਿਆਵਾਂ ਨੂੰ ਆਪਣੀ ਮਰਦਾਨਗੀ ਲਈ ਚੁਣੌਤੀ ਨਹੀਂ ਮੰਨਿਆ, ਪਰ ਇਸ ਮਸਲੇ ਨਾਲ ਜੁੜੇ ਸਮਾਜਿਕ ਕਲੰਕ ਕਾਰਨ ਉਸ ਲਈ ਉਸ ਸਮੇਂ ਸਹਾਇਤਾ ਪ੍ਰਾਪਤ ਕਰਨੀ ਬਹੁਤ ਔਖੀ ਰਹੀ।

ਉਹ ਕਹਿੰਦੇ ਹਨ, "ਇਹ ਸਿਰਫ਼ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਹੁੰਦੇ ਹੋ ਜੋ ਇਸ ਸਭ ਨਾਲ ਜੂਝ ਰਹੇ ਹੁੰਦੇ ਹੋ। ਇਸ ਲਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਕ ਟਾਪੂ ਵਾਂਗ ਇਕੱਲੇ ਹੋ ਅਤੇ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ। ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਜਾਣਾ ਹੈ, ਕਿਸ ਕੋਲ ਮਦਦ ਮੰਗਣੀ ਹੈ ਜਾਂ ਕੀ ਕਹਿਣਾ ਹੈ।"

ਬਰਤਾਨੀਆ ਦੇ ਕਾਨੂੰਨ ਅਨੁਸਾਰ, ਪ੍ਰਜਨਨ ਸਮਰੱਥਾ ਨਾਲ ਸੰਬੰਧਿਤ ਕਲੀਨਿਕਾਂ ਲਈ ਇਲਾਜ ਤੋਂ ਪਹਿਲਾਂ ਕਾਊਂਸਲਿੰਗ ਦੀ ਪੇਸ਼ਕਸ਼ ਕਰਨਾ ਲਾਜ਼ਮੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਮੁਫ਼ਤ ਹੋਵੇ ਜਾਂ ਲਗਾਤਾਰ ਦਿੱਤੀ ਜਾਵੇ।

ਪ੍ਰਜਨਨ ਇਲਾਜ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਐੱਚਐੱਫਈਏ ਦਾ ਕਹਿਣਾ ਹੈ ਕਿ ਮਰਦਾਂ ਲਈ, ਭਾਵੇਂ ਆਨਲਾਈਨ ਹੋਣ ਜਾਂ ਅਸਲ ਜ਼ਿੰਦਗੀ ਵਿੱਚ ਸਹਾਇਤਾ ਸਮੂਹ ਔਰਤਾਂ ਦੇ ਮੁਕਾਬਲੇ ਕਾਫ਼ੀ ਘੱਟ ਹਨ।

ਹਾਲਾਂਕਿ, ਕੁਝ ਸੰਕੇਤ ਮਿਲ ਰਹੇ ਹਨ ਕਿ ਹੁਣ ਇਹ ਸਥਿਤੀ ਬਦਲਣੀ ਸ਼ੁਰੂ ਹੋ ਸਕਦੀ ਹੈ।

ਸਿਆਰਨ ਆਪਣੀ ਪਾਰਟਨਰ ਅਤੇ ਆਪਣੇ ਬੱਚਿਆਂ ਨਾਲ
ਤਸਵੀਰ ਕੈਪਸ਼ਨ, ਸਿਆਰਨ ਨੂੰ 2012 ਵਿੱਚ ਪ੍ਰਜਨਨ ਸਮੱਸਿਆਵਾਂ ਹੋਣ ਬਾਰੇ ਦੱਸਿਆ ਗਿਆ ਸੀ

43 ਸਾਲਾ ਸ਼ੌਨ ਗ੍ਰੀਨਅਵੇ ਨੂੰ 2018 ਵਿੱਚ ਐਜ਼ੂਸਪਰਮੀਆ ਦੀ ਬਾਰੇ ਪਤਾ ਸੀ, ਇਹ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਵੀਰਜ ਵਿੱਚ ਕੋਈ ਵੀ ਸ਼ੁਕਰਾਣੂ ਮੌਜੂਦ ਨਹੀਂ ਹੁੰਦੇ।

ਇਸ ਦਾ ਕਾਰਨ ਸਪੱਸ਼ਟ ਨਹੀਂ ਹੈ, ਹਾਲਾਂਕਿ ਕਿਸ਼ੋਰ ਅਵਸਥਾ ਵਿੱਚ ਉਸ ਨੂੰ ਗੰਭੀਰ ਕੰਨਪੇੜੇ (ਮੰਪਸ) ਹੋਏ ਸਨ, ਇੱਕ ਅਜਿਹਾ ਵਾਇਰਸ ਜਿਸ ਦਾ ਸੰਬੰਧ ਮਰਦਾਂ ਵਿੱਚ ਬਾਂਝਪਨ ਨਾਲ ਜੋੜਿਆ ਜਾਂਦਾ ਹੈ।

ਆਖ਼ਰਕਾਰ ਉਸ ਅਤੇ ਉਸ ਦੀ ਪਤਨੀ ਨੇ ਸ਼ੁਕਰਾਣੂ ਦਾਨ (ਸਪਰਮ ਡੋਨੇਸ਼ਨ) ਰਾਹੀਂ ਬੱਚੇ ਪੈਦਾ ਕੀਤੇ, ਪਰ ਸ਼ੌਨ ਕਹਿੰਦਾ ਹੈ ਕਿ ਉਨ੍ਹਾਂ ਨੇ ਇਸ ਪੂਰੇ ਤਜਰਬੇ ਦਾ ਵੱਡਾ ਹਿੱਸਾ ਇਕੱਲੇ ਹੀ ਝੱਲਿਆ।

ਉਹ ਕਹਿੰਦੇ ਹਨ, "ਬਿਲਕੁਲ ਵੀ ਕੋਈ ਸਹਾਇਤਾ ਨਹੀਂ ਸੀ ਅਤੇ ਕੋਈ ਵੀ ਆਪਣੇ ਨਿੱਜੀ ਤਜਰਬੇ ਦੇ ਆਧਾਰ 'ਤੇ ਇਸ ਬਾਰੇ ਗੱਲ ਨਹੀਂ ਕਰ ਰਿਹਾ ਸੀ। ਇਸ ਲਈ ਮੈਂ ਫ਼ੈਸਲਾ ਕੀਤਾ ਕਿ ਮੈਂ ਆਪਣੀ ਕਹਾਣੀ ਸਾਂਝੀ ਕਰਾਂਗਾ।"

ਆਪਣੇ ਦੋਸਤ 40 ਸਾਲਾ ਸਿਆਰਨ ਹੈਨਿੰਗਟਨ ਨਾਲ ਮਿਲ ਕੇ ਉਸ ਨੇ ਮੇਲ ਫਰਟੀਲਿਟੀ ਪੌਡਕਾਸਟ ਅਤੇ ਪ੍ਰਜਨਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਮਰਦਾਂ ਲਈ ਇੱਕ ਸਹਾਇਤਾ ਨੈੱਟਵਰਕ ਦੀ ਸਹਿ-ਸਥਾਪਨਾ ਕੀਤੀ, ਜਿਸ ਵਿੱਚ ਵਟਸਐਪ ਗਰੁੱਪ ਅਤੇ ਰੂ-ਬ-ਰੂ ਮਿਲਣ-ਜੁਲਣ ਦੇ ਪ੍ਰੋਗਰਾਮ ਸ਼ਾਮਲ ਹਨ।

ਉਹ ਕਹਿੰਦੇ ਹਨ ਕਿ ਅੱਜ ਮਰਦਾਂ ਵਿੱਚ ਬਾਂਝਪਨ ਬਾਰੇ ਹੋ ਰਹੀ ਗੱਲਬਾਤ ਉਸੇ ਪੜਾਅ 'ਤੇ ਹੈ ਜਿੱਥੇ ਲਗਭਗ ਇੱਕ ਦਹਾਕਾ ਪਹਿਲਾਂ ਮਾਨਸਿਕ ਸਿਹਤ ਬਾਰੇ ਚਰਚਾ ਸੀ, ਅਜੇ ਵੀ ਇੱਕ ਵਰਜਿਤ ਵਿਸ਼ਾ, ਪਰ ਹੌਲੀ-ਹੌਲੀ ਇਸ ਬਾਰੇ ਹੋਰ ਖੁੱਲ੍ਹ ਕੇ ਗੱਲ ਹੋਣ ਲੱਗੀ ਹੈ।

ਸਿਆਰਨ, ਜਿਸ ਨੂੰ 2012 ਵਿੱਚ ਵੀ ਪ੍ਰਜਨਨ ਸਮੱਸਿਆਵਾਂ ਹੋਣ ਬਾਰੇ ਦੱਸਿਆ ਗਿਆ ਸੀ, ਕਹਿੰਦੇ ਹਨ, "ਇਸ ਨਾਲ ਇੰਨਾ ਡੂੰਘਾ ਸਮਾਜਿਕ ਕਲੰਕ ਜੁੜਿਆ ਹੋਇਆ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਉਨ੍ਹਾਂ ਵਿਸ਼ਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਵੱਲ ਤੁਸੀਂ ਉਦੋਂ ਤੱਕ ਧਿਆਨ ਨਹੀਂ ਦਿੰਦੇ ਜਦੋਂ ਤੱਕ ਤੁਹਾਨੂੰ ਖ਼ੁਦ ਇਸ ਦਾ ਸਾਹਮਣਾ ਨਾ ਕਰਨਾ ਪਵੇ।"

ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੀ ਸਥਿਤੀ ਨੂੰ "ਆਪਣੇ ਕੰਟ੍ਰੋਲ ਵਿੱਚ ਲੈਣ" ਅਤੇ ਜੀਵਨ-ਸ਼ੈਲੀ ਵਿੱਚ ਬਦਲਾਅ ਕਰਨ ਵਿੱਚ ਦੋ ਸਾਲ ਲੱਗ ਗਏ, ਜਿਸ ਵਿੱਚ ਆਪਣੀ ਖੁਰਾਕ ਵਿੱਚ ਸੁਧਾਰ ਕਰਨਾ, ਸ਼ਰਾਬ ਛੱਡਣਾ ਅਤੇ ਕਸਰਤ ਦੇ ਤਰੀਕੇ ਵਿੱਚ ਤਬਦੀਲੀ ਕਰਨਾ ਸ਼ਾਮਲ ਸੀ।

ਆਈਵੀਐੱਫ ਦੇ ਸੱਤ ਚੱਕਰਾਂ ਅਤੇ ਦੋ ਗਰਭਪਾਤਾਂ ਤੋਂ ਬਾਅਦ, ਆਖ਼ਰਕਾਰ ਉਨ੍ਹਾਂ ਦੀ ਪਤਨੀ ਜੈਨੀਫ਼ਰ ਨੇ ਇੱਕ ਪੁੱਤਰ ਅਤੇ ਇੱਕ ਧੀ ਨੂੰ ਜਨਮ ਦਿੱਤਾ।

ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਤਣਾਅ, ਨੀਂਦ ਦੀ ਕਮੀ, ਸਿਗਰਟਨੋਸ਼ੀ, ਸ਼ਰਾਬ ਅਤੇ ਖੁਰਾਕ, ਇਹ ਸਭ ਸ਼ੁਕਰਾਣੂਆਂ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਪਰ ਪ੍ਰੋਫੈਸਰ ਪੇਸੀ ਦਾ ਕਹਿਣਾ ਹੈ ਕਿ ਛੋਟੇ ਸਮੇਂ ਲਈ ਕੀਤੇ ਗਏ ਜਾਂ ਅਸਥਾਈ ਜੀਵਨ-ਸ਼ੈਲੀ ਬਦਲਾਅ ਦਾ ਬਹੁਤ ਘੱਟ ਅਸਰ ਪੈਂਦਾ ਹੈ।

ਉਹ ਕਹਿੰਦੇ ਹਨ, "ਜੀਵਨ-ਸ਼ੈਲੀ ਵਿੱਚ ਕੋਈ ਵੀ ਬਦਲਾਅ ਲਗਾਤਾਰ ਬਣਾਈ ਰੱਖਣਾ ਪੈਂਦਾ ਹੈ। ਸ਼ੁਰੂ ਤੋਂ ਅੰਤ ਤੱਕ ਸ਼ੁਕਰਾਣੂ ਬਣਨ ਵਿੱਚ ਤਿੰਨ ਮਹੀਨੇ ਲੱਗਦੇ ਹਨ। ਇਸ ਲਈ ਜੇ ਤੁਸੀਂ ਸ਼ੁੱਕਰਵਾਰ ਰਾਤ ਨੂੰ ਸ਼ਰਾਬ ਪੀਣੀ ਛੱਡ ਦਿੰਦੇ ਹੋ, ਤਾਂ ਸੋਮਵਾਰ ਸਵੇਰ ਤੱਕ ਸੁਧਾਰ ਦੀ ਉਮੀਦ ਨਾ ਕਰੋ।"

ਸਾਰੇ ਮਰਦ ਇਸ ਸਲਾਹ 'ਤੇ ਅਮਲ ਨਹੀਂ ਕਰਦੇ।

ਸ਼ੌਨ ਕਹਿੰਦੇ ਹਨ ਕਿ ਉਨ੍ਹਾਂ ਨੇ ਕੁਝ ਔਰਤਾਂ ਨਾਲ ਗੱਲ ਕੀਤੀ ਹੈ, "ਵੈਸੇ, ਕਦੇ ਵੀ ਮਰਦਾਂ ਨਾਲ ਨਹੀਂ" ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਸਾਥੀਆਂ ਨੇ ਸਿਗਰਟ, ਸ਼ਰਾਬ ਅਤੇ ਨਸ਼ੀਲੇ ਪਦਾਰਥ ਛੱਡਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਸ ਨਾਲ ਬੱਚੇ ਹੋਣ ਦੀਆਂ ਸੰਭਾਵਨਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।

ਉਹ ਕਹਿੰਦਾ ਹੈ, "ਸਾਨੂੰ ਪਤਾ ਹੈ ਕਿ ਸਿਹਤ ਪ੍ਰਣਾਲੀ ਨੂੰ ਸਮੇਂ ਦੇ ਨਾਲ ਕਦਮ ਮਿਲਾਉਣ ਦੀ ਲੋੜ ਹੈ, ਪਰ ਆਖ਼ਰਕਾਰ ਇਹ ਦੋਵਾਂ ਪਾਸਿਆਂ ਦੀ ਜ਼ਿੰਮੇਵਾਰੀ ਹੈ। ਅਤੇ ਕੁਝ ਮਰਦਾਂ ਨੂੰ ਅਤੇ ਕੁਝ ਔਰਤਾਂ ਨੂੰ ਵੀ, ਇਸ ਮਾਮਲੇ ਵਿੱਚ ਅੱਗੇ ਆਉਣ ਦੀ ਲੋੜ ਹੈ।"

2022 ਵਿੱਚ ਯੂਨੀਵਰਸਿਟੀ ਆਫ਼ ਡੰਡੀ ਦੇ ਖੋਜਕਾਰਾਂ ਵੱਲੋਂ ਕੀਤੇ ਗਏ ਇੱਕ ਛੋਟੇ ਅਧਿਐਨ ਵਿੱਚ ਪਤਾ ਲੱਗਿਆ ਕਿ ਲਗਭਗ ਹਰ ਛੇ ਵਿੱਚੋਂ ਇੱਕ ਯੂਰਪੀ ਪ੍ਰਜਨਨ ਸਮਰੱਥਾ ਮਾਹਰ ਨੇ ਕਿਹਾ ਕਿ ਉਨ੍ਹਾਂ ਨੂੰ ਮਰਦਾਂ ਨੂੰ ਸ਼ੁਕਰਾਣੂ ਜਾਂਚ (ਸਪਰਮ ਟੈਸਟ) ਕਰਵਾਉਣ ਲਈ ਨਿਯਮਿਤ ਤੌਰ 'ਤੇ ਮਨਾਉਣ ਵਿੱਚ ਮੁਸ਼ਕਲ ਆਉਂਦੀ ਹੈ।

ਵਿਸ਼ਵ ਪੱਧਰ 'ਤੇ, ਕੁਝ ਮਰਦ ਵੀਰਜ ਦਾ ਨਮੂਨਾ ਦੇਣ ਵਿੱਚ ਅਸਹਿਜ ਮਹਿਸੂਸ ਕਰਦੇ ਸਨ, ਜਦਕਿ ਕੁਝ ਹੋਰ ਇਹ ਮੰਨ ਲੈਂਦੇ ਸਨ ਕਿ ਉਨ੍ਹਾਂ ਨੂੰ ਪ੍ਰਜਨਨ ਸਮੱਸਿਆ ਨਹੀਂ ਹੋ ਸਕਦੀ, ਕਿਉਂਕਿ ਉਹ ਜਿਨਸੀ ਤੌਰ 'ਤੇ ਸਰਗਰਮ ਸਨ ਜਾਂ ਪਹਿਲਾਂ ਉਨ੍ਹਾਂ ਦੇ ਬੱਚੇ ਹੋ ਚੁੱਕੇ ਸਨ।

ਬਦਲਾਅ ਦੇ ਸੰਕੇਤ

ਕੁਝ ਸੰਕੇਤ ਮਿਲ ਰਹੇ ਹਨ ਕਿ ਇਸ ਮਾਮਲੇ ਬਾਰੇ ਜਾਗਰੂਕਤਾ ਵਿੱਚ ਹੁਣ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ।

ਬ੍ਰਿਟਿਸ਼ ਫਰਟੀਲਿਟੀ ਸੋਸਾਇਟੀ ਅਤੇ ਕਾਰਡਿਫ ਯੂਨੀਵਰਸਿਟੀ ਵੱਲੋਂ ਇੰਗਲੈਂਡ ਦੇ ਸਕੂਲਾਂ ਲਈ ਤਿਆਰ ਕੀਤੀਆਂ ਗਈਆਂ ਨਵੀਆਂ ਪੀਐੱਸਐੱਚਈ ਪਾਠ-ਯੋਜਨਾਵਾਂ ਵਿੱਚ ਹੁਣ ਮਰਦਾਂ ਦੀ ਪ੍ਰਜਨਨ ਸਮਰੱਥਾ ਨਾਲ ਜੁੜੇ ਖ਼ਤਰਿਆਂ, ਜਿਵੇਂ ਕਿ ਮਾੜੀ ਖੁਰਾਕ, ਸਿਗਰਟਨੋਸ਼ੀ ਅਤੇ ਸਟੀਰੌਇਡ ਦੀ ਵਰਤੋਂ ਨੂੰ ਵੀ ਉਹੀ ਮਹੱਤਤਾ ਦਿੱਤੀ ਗਈ ਹੈ ਜੋ ਔਰਤਾਂ ਨਾਲ ਸੰਬੰਧਿਤ ਖ਼ਤਰਿਆਂ ਨੂੰ ਦਿੱਤੀ ਜਾਂਦੀ ਹੈ।

ਇਸ ਤੋਂ ਇਲਾਵਾ, ਇਸ ਸਾਲ ਲੰਡਨ ਦੇ ਓਲੰਪੀਆ ਵਿੱਚ ਲੱਗੇ ਵਿਸ਼ਾਲ ਫਰਟੀਲਿਟੀ ਸ਼ੋਅ, ਜਿਸ ਵਿੱਚ ਦੋ ਦਿਨਾਂ ਦੌਰਾਨ ਲਗਭਗ 2,000 ਲੋਕਾਂ ਨੇ ਹਿੱਸਾ ਲਿਆ, ਦੇ ਪ੍ਰਬੰਧਕਾਂ ਨੇ ਕਿਹਾ ਕਿ ਪਹਿਲੀ ਵਾਰ ਮਰਦਾਂ ਵਿੱਚ ਬਾਂਝਪਨ ਨੂੰ ਮੁੱਖ ਕੇਂਦਰ ਬਣਾਇਆ ਜਾਵੇਗਾ।

ਉੱਥੇ ਉੱਚ ਤਕਨੀਕ ਵਾਲੀਆਂ ਸ਼ੁਕਰਾਣੂ ਜਾਂਚ ਕਿੱਟਾਂ ਦੀ ਪੇਸ਼ਕਸ਼ ਕਰਨ ਵਾਲੇ ਸਟਾਲ, ਅੰਡੇ (ਐੱਗ) ਫ੍ਰੀਜ਼ ਕਰਨ ਅਤੇ ਗਰਭ ਅਵਸਥਾ ਲਈ ਪੋਸ਼ਣ ਸਪਲੀਮੈਂਟ ਵਰਗੀਆਂ ਪਹਿਲਾਂ ਤੋਂ ਸਥਾਪਿਤ ਸੇਵਾਵਾਂ ਦੇ ਨਾਲ ਲੱਗੇ ਹੋਏ ਸਨ, ਜਦਕਿ ਸੈਮੀਨਾਰਾਂ ਵਿੱਚ ਸ਼ੁਕਰਾਣੂਆਂ ਦੀ ਗੁਣਵੱਤਾ ਅਤੇ ਮਰਦਾਂ ਲਈ ਉਪਲਬਧ ਨਵੀਨਤਮ ਇਲਾਜ ਵਿਕਲਪਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਸ਼ੋਅ ਦੀ ਕੰਟੈਂਟ ਡਾਇਰੈਕਟਰ ਸੋਫੀ ਸੁਲੇਹਰੀਆ ਨੇ ਕਿਹਾ, "ਇਹ ਸਿਰਫ਼ ਰਸਮੀ ਤੌਰ 'ਤੇ ਜੋੜੀ ਗਈ ਕੋਈ ਚੀਜ਼ ਨਹੀਂ ਹੈ। ਇਹ ਕੋਈ ਪਾਸੇ ਦੀ ਗੱਲਬਾਤ ਨਹੀਂ ਹੈ।"

"ਇਹ ਇਸ ਗੱਲ ਨੂੰ ਮੰਨਣ ਬਾਰੇ ਹੈ ਕਿ ਮਰਦਾਂ ਦੀ ਪ੍ਰਜਨਨ ਸਮਰੱਥਾ ਕੋਈ ਛੋਟਾ ਜਾਂ ਸੀਮਤ ਵਿਸ਼ਾ ਨਹੀਂ ਹੈ। ਇਹ ਪ੍ਰਜਨਨ ਸਿਹਤ ਦਾ ਇੱਕ ਬੁਨਿਆਦੀ ਹਿੱਸਾ ਹੈ ਅਤੇ ਇਹ ਉਸੇ ਤਰ੍ਹਾਂ ਦੀ ਦਿੱਖ, ਉਸੇ ਤਰ੍ਹਾਂ ਦਾ ਨਿਵੇਸ਼ ਅਤੇ ਉਸੇ ਤਰ੍ਹਾਂ ਦੀ ਸੰਵੇਦਨਸ਼ੀਲਤਾ ਦਾ ਹੱਕਦਾਰ ਹੈ।"

ਇਸ ਖੇਤਰ ਵਿੱਚ ਕੰਮ ਕਰ ਰਹੇ ਡਾਕਟਰ ਵੀ ਕਹਿੰਦੇ ਹਨ ਕਿ ਉਹ ਬਦਲਾਅ ਦੇ ਸੰਕੇਤ ਦੇਖ ਰਹੇ ਹਨ ਅਤੇ ਇਹ ਬਦਲਾਅ ਸਿਰਫ਼ ਪਰਿਵਾਰ ਸ਼ੁਰੂ ਕਰਨ ਦੇ ਮਾਮਲੇ ਤੋਂ ਕਿਤੇ ਵੱਧ ਮਹੱਤਵ ਰੱਖਦਾ ਹੈ।

ਡਾਕਟਰ ਕ੍ਰਾਇਓਜੇਨਿਕ ਸਟੋਰੇਜ ਤੋਂ ਭਰੂਣ ਦੇ ਨਮੂਨੇ ਕੱਢਦੇ ਹੋਏ

ਤਸਵੀਰ ਸਰੋਤ, Universal Images Group via Getty Images

ਤਸਵੀਰ ਕੈਪਸ਼ਨ, ਇੰਗਲੈਂਡ ਦੇ ਸਕੂਲਾਂ ਲਈ ਨਵੀਆਂ ਪੀਐਸਐਚਈ ਪਾਠਕ੍ਰਮਾਂ ਵਿੱਚ ਮਰਦਾਂ ਦੀ ਜਣਨ ਸ਼ਕਤੀ ਦੇ ਜੋਖਮਾਂ ਦਾ ਵਰਣਨ ਕੀਤਾ ਗਿਆ ਹੈ

ਪ੍ਰੋਫੈਸਰ ਅਲਨੱਜਾਰ, ਜੋ ਬ੍ਰਿਟਿਸ਼ ਐਸੋਸੀਏਸ਼ਨ ਆਫ਼ ਯੂਰੋਲੋਜੀਕਲ ਸਰਜਨਜ਼ ਵੱਲੋਂ ਵੀ ਗੱਲ ਕਰਦੇ ਹਨ, ਦੇ ਅਨੁਸਾਰ ਵੱਧ ਰਹੇ ਸਬੂਤ ਇਹ ਦਰਸਾਉਂਦੇ ਹਨ ਕਿ ਮਰਦਾਂ ਵਿੱਚ ਬਾਂਝਪਨ ਮੋਟਾਪੇ, ਸਿਗਰਟਨੋਸ਼ੀ ਜਾਂ ਹਾਰਮੋਨ ਨਾਲ ਸੰਬੰਧਿਤ ਅਸਧਾਰਨਤਾਵਾਂ ਵਰਗੀਆਂ ਵੱਡੀਆਂ ਸਿਹਤ ਸਮੱਸਿਆਵਾਂ ਦਾ ਸੰਕੇਤ ਹੋ ਸਕਦਾ ਹੈ।

ਉਹ ਕਹਿੰਦੇ ਹਨ, "ਜ਼ਿਆਦਾ ਸਿਹਤਮੰਦ ਮਰਦਾਂ ਦੀ ਪ੍ਰਜਨਨ ਸਿਹਤ ਆਮ ਤੌਰ 'ਤੇ ਬਿਹਤਰ ਹੁੰਦੀ ਹੈ, ਅਤੇ ਕਈ ਵਾਰ ਅਸਧਾਰਨ ਸ਼ੁਕਰਾਣੂ ਜਾਂਚ ਇਹ ਪਹਿਲਾ ਸੰਕੇਤ ਹੋ ਸਕਦੀ ਹੈ ਕਿ ਹੋਰ ਡਾਕਟਰੀ ਜਾਂਚ ਦੀ ਲੋੜ ਹੈ।"

"ਇਸ ਲਈ ਮੇਰਾ ਮੰਨਣਾ ਹੈ ਕਿ ਮਰਦਾਂ ਵਿੱਚ ਬਾਂਝਪਨ ਨੂੰ ਸਿਰਫ਼ ਗਰਭਧਾਰਣ ਦੀ ਸਮੱਸਿਆ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ; ਇਸ ਨੂੰ ਮਰਦਾਂ ਦੀ ਸਿਹਤ ਨਾਲ ਜੁੜੀ ਇੱਕ ਮਹੱਤਵਪੂਰਨ ਸਮੱਸਿਆ ਵਜੋਂ ਵੀ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਹ ਸ਼ੁਰੂਆਤੀ ਦਖ਼ਲਅੰਦਾਜ਼ੀ ਦਾ ਇੱਕ ਮੌਕਾ ਵੀ ਹੈ।"

ਜੇਮਜ਼ ਵਰਗੇ ਮਰਦਾਂ ਲਈ, ਜਿਨ੍ਹਾਂ ਦੀ ਜ਼ਿੰਦਗੀ ਬਾਂਝਪਨ ਦੇ ਤਜਰਬੇ ਨਾਲ ਪ੍ਰਭਾਵਿਤ ਹੋਈ ਹੈ, ਅਜਿਹੀ ਤਰੱਕੀ ਜਿੰਨੀ ਜਲਦੀ ਹੋਵੇ ਉੱਨੀ ਹੀ ਚੰਗੀ ਹੈ।

ਉਹ ਕਹਿੰਦਾ ਹੈ, "ਅਸੀਂ ਉਸ ਸਮਾਜਿਕ ਕਲੰਕ ਨੂੰ ਖ਼ਤਮ ਨਹੀਂ ਕਰ ਸਕਦੇ ਜੋ ਅਜੇ ਵੀ ਮੌਜੂਦ ਹੈ, ਜੇਕਰ ਅਸੀਂ ਆਪਣਾ ਸਿਰ ਰੇਤ ਵਿੱਚ ਦੱਬ ਕੇ ਇਸ ਨੂੰ ਨਜ਼ਰਅੰਦਾਜ਼ ਕਰਦੇ ਰਹਾਂਗੇ। ਸਾਨੂੰ ਇਸ ਬਾਰੇ ਖੁੱਲ੍ਹ ਕੇ ਗੱਲ ਕਰਨੀ ਪਵੇਗੀ ਅਤੇ ਇਸ ਨੂੰ ਸਾਹਮਣੇ ਲਿਆਉਣਾ ਪਵੇਗਾ।"

"ਜਿਵੇਂ ਹੀ ਅਸੀਂ ਇਸ ਬਾਰੇ ਹੋਰ ਖੁੱਲ੍ਹੇ ਹੋਵਾਂਗੇ, ਤਾਂ ਘੱਟ ਲੋਕ ਇਸ ਨੂੰ ਵਰਜਿਤ ਵਿਸ਼ਾ ਸਮਝਣਗੇ, ਜਾਂ ਇਹ ਸੋਚਣਗੇ ਕਿ ਇਸ ਬਾਰੇ ਗੱਲ ਕਰਨ ਨਾਲ ਕੋਈ ਵਿਅਕਤੀ ਘੱਟ ਮਰਦਾਨਾ ਹੋ ਜਾਂਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)