10 ਮਿੰਟਾਂ ਵਿੱਚ 70 ਫ਼ੀਸਦੀ ਚਾਰਜ ਹੋਣ ਵਾਲੀ ਇਲੈਕਟ੍ਰਿਕ ਕਾਰ, ਇਹ ਕਿਵੇਂ ਸੰਭਵ ਹੋਇਆ

- ਲੇਖਕ, ਡੇਵਿਡ ਗ੍ਰੇਗਰੀ ਕੁਮਾਰ
- ਰੋਲ, ਵੈਸਟ ਮਿਡਲੈਂਡਜ਼ ਵਿਗਿਆਨ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਮੈਂ ਇੱਕ ਅਜਿਹੀ ਇਲੈਕਟ੍ਰਿਕ ਕਾਰ ਵਿੱਚ ਘੁੰਮ ਰਿਹਾ ਹਾਂ ਜੋ ਮਹਿਜ਼ 10 ਮਿੰਟਾਂ ਵਿੱਚ ਆਪਣੀ ਬੈਟਰੀ 10% ਤੋਂ 80% ਤੱਕ ਚਾਰਜ ਕਰ ਸਕਦੀ ਹੈ।
ਇਹ ਅਤਿ-ਆਧੁਨਿਕ ਤਕਨੀਕ ਨਾਲ ਭਰਪੂਰ ਹੈ, ਪਰ ਬ੍ਰਿਟੇਨ ਵਿਚਲੀ ਹੀਟਵੇਵ ਦੇ ਚਲਦਿਆਂ ਮੈਨੂੰ ਡਰ ਲੱਗ ਰਿਹਾ ਹੈ ਕਿ ਇਸ ਦੇ ਵਿੰਗ ਮਿਰਰ ਪਿਘਲ ਨਾ ਜਾਣ।
ਤਕਨੀਕੀ ਸ਼ਬਦਾਂ ਵਿੱਚ ਇਹ ਸ਼ੈੱਲ ਟ੍ਰਿਪਲ 10 ਚੈਲੇਂਜ ਕੰਸੈਪਟ ਕਾਰ ਹੈ, ਸੌਖੇ ਸ਼ਬਦਾਂ ਵਿੱਚ ਹੈ ਕਿ ਇਹ ਇੱਕ ਅਜਿਹੀ ਕਾਰ ਹੈ ਜੋ 18 ਮਹੀਨਿਆਂ ਵਿੱਚ ਬਿਲਕੁਲ ਜ਼ੀਰੋ ਤੋਂ ਬਣਾਈ ਗਈ ਹੈ, ਜਿਸ ਵਿੱਚ ਵੱਧ ਤੋਂ ਵੱਧ ਨਵੀਂ ਇਲੈਕਟ੍ਰਿਕ ਵਾਹਨ (EV) ਤਕਨਾਲੋਜੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਇਹ ਇੱਕ ਪ੍ਰੋਜੈਕਟ ਹੈ ਜੋ ਇਹ ਦਿਖਾਉਣ ਲਈ ਬਣਾਇਆ ਗਿਆ ਹੈ ਕਿ ਨਵੀਂ ਪੀੜ੍ਹੀ ਦੇ ਇਲੈਕਟ੍ਰਿਕ ਵਾਹਨਾਂ ਲਈ ਕੀ ਸੰਭਵ ਹੋ ਸਕਦਾ ਹੈ।
ਨਤੀਜਾ ਇੱਕ ਅਜਿਹੀ ਕਾਰ ਹੈ ਜੋ ਬਹੁਤ ਤੇਜ਼ੀ ਨਾਲ ਚਾਰਜ ਹੁੰਦੀ ਹੈ, ਆਪਣੀ ਆਕਾਰ ਵਿੱਚ ਅੱਧੀ ਬੈਟਰੀ ਤੋਂ ਬਹੁਤ ਜ਼ਿਆਦਾ ਰੇਂਜ ਕੱਢਦੀ ਹੈ ਅਤੇ ਇਸਦਾ ਜੀਵਨ ਭਰ ਲਈ ਕਾਰਬਨ ਫੁੱਟਪ੍ਰਿੰਟ ਬਹੁਤ ਘੱਟ ਹੁੰਦਾ ਹੈ।
ਇਸ ਵਿੱਚ ਬਹੁਤ ਸਾਰੀਆਂ ਅਤਿ-ਆਧੁਨਿਕ ਤਕਨੀਕਾਂ ਹਨ ਪਰ ਸ਼ਾਇਦ ਸਭ ਤੋਂ ਵੱਡੀ ਤਬਦੀਲੀ ਬੈਟਰੀ ਵਿੱਚ ਹੈ।
ਕਿਹੜੀ ਨਵੀਂ ਤਕਨੀਕ ਨਾਲ ਚੱਲਦੀ ਹੈ ਇਹ ਕਾਰ?

ਕਾਰ ਦੀ ਮੋਟਰ ਦੇ ਹਿੱਸੇ ਅਤੇ ਸਾਰੀ ਬੈਟਰੀ ਸ਼ੈੱਲ ਦੇ ਨਵੇਂ ਬੈਟਰੀ ਕੂਲੈਂਟ ਤਰਲ ਵਿੱਚ ਡੁੱਬੀ ਹੋਈ ਹੈ। ਇਹ ਹਰ ਚੀਜ਼ ਨੂੰ ਵਧੀਆ ਅਤੇ ਠੰਢਾ ਰੱਖਦਾ ਹੈ ਅਤੇ ਇਸਦਾ ਮਤਲਬ ਹੈ ਕਿ ਤੁਸੀਂ ਇਸ ਤੋਂ ਬਹੁਤ ਜ਼ਿਆਦਾ ਕੰਮ ਲੈ ਸਕਦੇ ਹੋ।
ਇੱਕ ਟੈਸਟ ਕਾਰ ਦੇ ਪਿੱਛੇ ਬੈਠੇ, ਆਰਐੱਮਐੱਲ ਗਰੁੱਪ ਦੇ ਡੇਨਿਸ ਗੋਰਮੈਨ ਨੇ ਮੈਨੂੰ ਬੈਟਰੀ ਬਾਰੇ ਹੋਰ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ, "ਅਸੀਂ ਇੱਥੇ ਜੋ ਕੀਤਾ ਹੈ ਉਹ ਬਹੁਤ ਚਲਾਕੀ ਵਾਲਾ ਸਿਧਾਂਤ ਹੈ, ਅਸੀਂ ਸ਼ੈੱਲ ਦਾ ਫਲੁਇਡ ਸਾਰੇ ਸੈੱਲਾਂ ਵਿੱਚੋਂ ਲੰਘਾ ਰਹੇ ਹਾਂ, ਇਸ ਨਾਲ ਬੈਟਰੀ ਬਹੁਤ ਤੇਜ਼ੀ ਨਾਲ ਚਾਰਜ ਹੋ ਜਾਂਦੀ ਹੈ, ਪਰ ਇਹ ਆਪਣੀਆਂ ਸੁਰੱਖਿਅਤ ਹੱਦਾਂ ਵਿੱਚ ਵੀ ਰਹਿੰਦੀ ਹੈ।"

ਬੈਟਰੀ ਦੇ ਆਲੇ-ਦੁਆਲੇ, ਟੀਮ ਨੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ ਰੀਸਾਈਕਲ ਕੀਤੀਆਂ ਚੀਜ਼ਾਂ ਨੂੰ ਇਕੱਠਾ ਕੀਤਾ ਹੈ ਅਤੇ ਕਾਰ ਦੇ ਭਾਰ ਨੂੰ ਘਟਾਉਣ ਲਈ ਵੀ ਵੱਡੇ ਯਤਨ ਕੀਤੇ ਹਨ, ਜਿਸ ਨਾਲ ਇਸਨੂੰ ਇਸ ਸ਼੍ਰੇਣੀ ਦੀ ਕਾਰ ਤੋਂ ਉਮੀਦ ਕੀਤੀ ਜਾਣ ਵਾਲੀ ਰੇਂਜ ਮਿਲਦੀ ਹੈ - ਲਗਭਗ 200 ਕਿਲੋਮੀਟਰ, ਪਰ ਇਸ ਦੀ ਬੈਟਰੀ ਦਾ ਸਾਈਜ਼ ਅੱਧਾ ਹੈ।
ਬੇਸ਼ੱਕ ਇਸ ਸਾਰੀ ਤਕਨਾਲੋਜੀ ਨੂੰ ਇਕੱਠਾ ਕਰਨਾ ਅਤੇ ਇਸਨੂੰ ਕਾਰ ਵਿੱਚ ਕੰਮ ਵਿੱਚ ਲਿਆਉਣਾ ਸੌਖਾ ਨਹੀਂ ਹੈ। ਵਾਰਵਿਕਸ਼ਾਇਰ ਦੇ ਨੂਨੇਟਨ ਵਿੱਚ ਹੋਰੀਬਾ-ਮੀਰਾ ਟੈਸਟਿੰਗ ਸਹੂਲਤ ਦੇ ਮਾਹਰ ਇਸ ਤਰ੍ਹਾਂ ਦੇ ਪ੍ਰੋਜੈਕਟ ਨੂੰ ਆਪਣੀ ਇੰਜੀਨੀਅਰਿੰਗ ਮੁਹਾਰਤ ਨਾਲ ਸੰਭਵ ਬਣਾਉਂ ਦੇ ਹਨ।
ਹੋਰੀਬਾ-ਮੀਰਾ ਤੋਂ ਬੇਨ ਗੇਲ ਨੇ ਦੱਸਿਆ ਕਿ ਸੋਚਣ ਲਈ ਬਹੁਤ ਕੁਝ ਸੀ।

ਉਹ ਦੱਸਦੇ ਹਨ, "ਮਿਸਾਲ ਵਜੋਂ ਤਾਂ ਇਹ ਨਵਾਂ ਤਰਲ ਪਦਾਰਥ ਰਬੜ ਦੀਆਂ ਹੋਜ਼ਾਂ ਨਾਲ ਕਿਵੇਂ ਸੰਪਰਕ ਬਣਾਉਂਦਾ ਹੈ? ਇਸ ਸਭ ਦੇ ਆਲੇ-ਦੁਆਲੇ ਸਿੱਖਣ ਦੀ ਲੋੜ ਹੈ ਅਤੇ ਇਹ ਇਸ ਸੰਕਲਪ ਦੇ ਵਿਕਾਸ ਦਾ ਹਿੱਸਾ ਹੈ। ਪਰ ਇਸਦੀ ਸੰਭਾਵਨਾ ਨੂੰ ਦਿਖਾਉਣਾ ਹੀ ਅਸਲ ਉਤਸ਼ਾਹ ਹੈ।"
ਜੇਕਰ ਹੁਣ ਟੀਮ ਨੇ ਆਪਣਾ ਟੀਚਾ ਪ੍ਰਾਪਤ ਕਰ ਲਿਆ ਹੈ। ਤਾਂ ਹੁਣ ਅਸੀਂ ਇਸ ਤਕਨੀਕ, ਅਤੇ ਇਸ ਤਰਲ ਰਾਹੀਂ ਠੰਢੀ ਕੀਤੀ ਬੈਟਰੀ ਨੂੰ ਸ਼ੋਅਰੂਮਾਂ ਵਿੱਚ ਖਰੀਦਣ ਲਈ ਕਦੋਂ ਵੇਖ ਸਕਦੇ ਹਾਂ?
ਸ਼ੈੱਲ ਦੇ ਟੋਬੀ ਰੋਕਸਟ੍ਰੋਹ ਨੇ ਕਿਹਾ, "ਕਾਰ ਨਿਰਮਾਤਾਵਾਂ ਵੱਲੋਂ ਇਸ ਵਿੱਚ ਬਹੁਤ ਦਿਲਚਸਪੀ ਦਿਖਾਈ ਦੇ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਨੈਕਸਟ ਜੈਨੇਰੇਸ਼ਨ ਬਾਜ਼ਾਰ ਵਿੱਚ ਇਸ ਤਰ੍ਹਾਂ ਦਾ ਵਾਹਨ ਦੇਖੇਗੀ।"

ਕਾਰ ਵਿੱਚ ਬੈਠਕੇ ਅਤੇ ਘੁੰਮ ਕੇ ਇੱਕ ਆਮ ਵਿਕਣ ਵਾਲੀ ਕਾਰ ਵਾਂਗ ਮਹਿਸੂਸ ਹੁੰਦਾ ਹੈ। ਇਸ ਵਿੱਚ ਚੰਗੀਆਂ ਸਕਰੀਨਾਂ ਹਨ ਅਤੇ ਬੈਟਰੀ ਛੋਟੀ ਹੋਣ ਕਰਕੇ ਪਿੱਛੇ ਲੱਤਾਂ ਲਈ ਬਹੁਤ ਥਾਂ ਹੈ।
ਅਫ਼ਸੋਸ ਦੀ ਗੱਲ ਹੈ ਕਿ ਅਸੀਂ ਅੱਜ ਦੇ ਬਹੁਤ ਤੇਜ਼ ਸੂਰਜ ਵਿੱਚ ਬਹੁਤਾ ਸਮਾਂ ਨਹੀਂ ਰਹਿ ਸਕਦੇ ਜੇਕਰ ਸਪੇਸ-ਏਜਡ 3ਡੀ ਪ੍ਰਿੰਟਰ ਨਾਲ ਬਣਾਏ ਵਿੰਗ ਮਿਰਰ ਪਿਘਲਣੇ ਸ਼ੁਰੂ ਹੋ ਜਾਣ, ਕਿਉਂਕਿ ਇਹ ਕਾਰ ਇੱਕ ਪ੍ਰਟੋਟਾਈਪ ਹੈ, ਭਾਵ ਇਹ ਤਜਰਬੇ ਲਈ ਬਣਾਈ ਗਈ ਹੈ।
ਇਹ ਮੁੱਦਾ ਅਸਲ ਕਾਰਾਂ ਵਿੱਚ ਨਹੀਂ ਹੋਵੇਗਾ ਜਿਨ੍ਹਾਂ ਦੇ ਬਾਜ਼ਾਰ ਵਿੱਚ ਆਉਣ ਦੀ ਸ਼ੈੱਲ, ਹੋਰੀਬਾ-ਮੀਰਾ ਅਤੇ ਸਾਰੇ ਮਿਡਲੈਂਡ ਇੰਜੀਨਿਅਰਾਂ ਨੂੰ ਉਮੀਦ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





















