'ਡਾਕਟਰ ਦੀ ਗਲਤੀ ਕਾਰਨ ਮੇਰੇ ਪੁੱਤਰ ਦੇ ਲਿੰਗ ਦਾ ਇੱਕ ਵੱਡਾ ਹਿੱਸਾ ਹਟਾਉਣਾ ਪਿਆ, ਹੁਣ ਸਿਰਫ਼ ਅੰਡਕੋਸ਼ ਹੀ ਬਚੇ ਹਨ'

ਤਸਵੀਰ ਸਰੋਤ, Getty Images
(ਚੇਤਾਵਨੀ: ਇਸ ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ।)
ਤਮਿਲਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੇ ਕਰਾਈਕੁਡੀ ਵਿੱਚ ਇੱਕ ਨਿੱਜੀ ਹਸਪਤਾਲ ਦੇ ਡਾਕਟਰਾਂ 'ਤੇ ਗਲਤ ਇਲਾਜ ਕਰਨ ਦਾ ਇਲਜ਼ਾਮ ਲੱਗਿਆ ਹੈ।
ਇੱਕ 10 ਸਾਲ ਦੇ ਮੁੰਡੇ ਦੇ ਮਾਤਾ-ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ ਡਾਕਟਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਪੁੱਤਰ ਦੇ ਪ੍ਰਾਈਵੇਟ ਪਾਰਟ (ਲਿੰਗ) ਦਾ ਇੱਕ ਹਿੱਸਾ ਹਟਾਉਣ ਲਈ ਸਰਜਰੀ (ਪੇਨੇਕਟੋਮੀ) ਕਰਨੀ ਪਈ।
ਮਾਤਾ-ਪਿਤਾ ਨੇ ਪਿਛਲੇ ਮਹੀਨੇ ਇਸ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਹਾਲਾਂਕਿ, ਇਸ ਤੋਂ ਬਾਅਦ ਵੀ ਮੁੰਡੇ ਦੇ ਮਾਤਾ-ਪਿਤਾ, ਟਰੇਡ ਯੂਨੀਅਨਾਂ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਕਾਰਕੁਨਾਂ ਨੇ 7 ਜੁਲਾਈ ਨੂੰ ਕਰਾਈਕੁਡੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਇਲਜ਼ਾਮ ਸੀ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਇੱਕ ਮਹੀਨੇ ਬਾਅਦ ਵੀ ਸਬੰਧਤ ਡਾਕਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਪੁਲਿਸ ਨੇ ਬੀਬੀਸੀ ਤਮਿਲ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਹੈਲਥ ਜੁਆਇੰਟ ਡਾਇਰੈਕਟਰ 'ਡਾਕਟਰੀ ਲਾਪਰਵਾਹੀ' ਦੇ ਇਲਜ਼ਾਮਾਂ ਦੀ ਜਾਂਚ ਕਰ ਰਹੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਜਾਂਚ ਦੀ ਅੰਤਿਮ ਰਿਪੋਰਟ ਮਿਲਣ ਤੋਂ ਬਾਅਦ ਸਬੰਧਤ ਡਾਕਟਰਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਮਾਮਲਾ?

ਤਸਵੀਰ ਸਰੋਤ, Getty Images
ਸ਼ਿਵਗੰਗਾ ਜ਼ਿਲ੍ਹੇ ਦੇ ਕਰਾਈਕੁਡੀ ਵਿੱਚ ਰਹਿਣ ਵਾਲੇ ਇੱਕ ਜੋੜੇ ਦਾ 10 ਸਾਲ ਦਾ ਪੁੱਤਰ ਹੈ।
ਮੁੰਡੇ ਦੀ ਮਾਂ ਨੇ ਕਿਹਾ, "ਡਾਕਟਰ ਦੇ ਗਲਤ ਇਲਾਜ ਕਾਰਨ ਮੇਰੇ ਪੁੱਤਰ ਦੇ ਲਿੰਗ ਦਾ ਇੱਕ ਵੱਡਾ ਹਿੱਸਾ ਹਟਾਉਣਾ ਪਿਆ। ਇਸ ਕਾਰਨ ਉਸ ਦੇ ਭਵਿੱਖ ਨੂੰ ਲੈਕੇ ਬਹੁਤ ਚਿੰਤਾ ਖੜ੍ਹੀ ਹੋ ਗਈ ਹੈ।"
ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਮੁੰਡੇ ਦੀ ਮਾਂ ਨੇ ਕਿਹਾ, "ਸਾਡਾ ਇਕਲੌਤਾ ਪੁੱਤਰ ਹੈ। ਉਸ ਦੇ ਲਿੰਗ ਵਿੱਚ ਲਗਾਤਾਰ ਖੁਰਕ ਹੋ ਰਹੀ ਸੀ। ਇਸ ਲਈ ਮਈ ਮਹੀਨੇ ਵਿੱਚ ਅਸੀਂ ਉਸ ਨੂੰ ਇਲਾਜ ਲਈ ਕਰਾਈਕੁਡੀ ਦੇ ਇੱਕ ਨਿੱਜੀ ਹਸਪਤਾਲ ਲੈ ਗਏ।"
ਉਨ੍ਹਾਂ ਕਿਹਾ ਕਿ "ਉਸ ਦਾ (ਮੁੰਡੇ ਦਾ) ਜਨਮ ਵੀ ਉਸੇ ਹਸਪਤਾਲ ਵਿੱਚ ਹੋਇਆ ਸੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਸਰਜਰੀ ਕਰਕੇ ਉਸ ਦੇ ਲਿੰਗ ਦੀ ਫੋਰਸਕਿਨ (ਉੱਪਰਲੀ ਚਮੜੀ) ਹਟਾ ਦਿੱਤੀ।"
ਉਨ੍ਹਾਂ ਨੇ ਅੱਗੇ ਕਿਹਾ, "ਡਾਕਟਰਾਂ ਨੇ ਸਾਨੂੰ ਕਿਹਾ ਕਿ ਚਿੰਤਾ ਨਾ ਕਰੋ, ਇਹ ਇੱਕ ਸਧਾਰਨ ਰੁਟੀਨ ਸਰਜਰੀ ਸੀ; ਪਰ ਇਸ ਨੂੰ ਜਲਦੀ ਕਰਨਾ ਜ਼ਰੂਰੀ ਸੀ। ਅਸੀਂ ਸਰਜਰੀ ਲਈ ਤਿਆਰ ਹੋ ਗਏ। ਮੇਰੇ ਪੁੱਤਰ ਦੀ ਸਰਜਰੀ 21 ਮਈ ਨੂੰ ਹੋਈ।"
"ਹਾਲਾਂਕਿ, ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਜਿਸ ਡਾਕਟਰ ਨੇ ਸਰਜਰੀ ਕੀਤੀ ਸੀ, ਉਹ ਕਰਾਈਕੁਡੀ ਦੇ ਹੀ ਕਿਸੇ ਹੋਰ ਨਿੱਜੀ ਹਸਪਤਾਲ ਤੋਂ ਸੀ।"
ਮੁੰਡੇ ਦੀ ਮਾਂ ਨੇ ਕਿਹਾ, "ਅਗਲੇ ਦਿਨ ਸਾਨੂੰ ਬੱਚੇ ਨੂੰ ਘਰ ਲਿਜਾਣ ਲਈ ਕਿਹਾ ਗਿਆ। ਡਾਕਟਰ ਨੇ ਇਹ ਵੀ ਕਿਹਾ ਕਿ ਉਹ ਇੱਕ ਹਫ਼ਤੇ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ। ਪਰ ਘਰ ਆਉਣ ਦੇ ਕੁਝ ਹੀ ਦਿਨਾਂ ਬਾਅਦ ਬੱਚੇ ਦੇ ਲਿੰਗ ਵਿੱਚ ਬਹੁਤ ਤੇਜ਼ ਦਰਦ ਹੋਣ ਲੱਗਾ ਅਤੇ ਉਸ ਨੂੰ ਪਿਸ਼ਾਬ ਕਰਨ ਵਿੱਚ ਵੀ ਬਹੁਤ ਤਕਲੀਫ਼ ਹੋਣ ਲੱਗੀ।"
"ਬੱਚੇ ਦਾ ਲਿੰਗ ਕਾਲਾ ਪੈ ਗਿਆ ਸੀ। ਪਿਸ਼ਾਬ ਕਰਦੇ ਸਮੇਂ ਉਸ ਨੂੰ ਅਸਹਿ ਦਰਦ ਹੋ ਰਿਹਾ ਸੀ, ਉਹ ਦਰਦ ਨਾਲ ਤੜਫ਼ ਰਿਹਾ ਸੀ। ਜਦੋਂ ਅਸੀਂ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਤਾਂ ਉਨ੍ਹਾਂ ਨੇ ਦੱਸਿਆ ਕਿ ਲਿੰਗ ਵਿੱਚ ਇਨਫੈਕਸ਼ਨ ਹੋ ਗਈ ਹੈ।"
ਬੱਚੇ ਦੀ ਮਾਂ ਨੇ ਇਲਜ਼ਾਮ ਲਗਾਇਆ ਕਿ "ਸਾਨੂੰ ਕਿਹਾ ਗਿਆ ਕਿ ਬੱਚੇ ਨੂੰ ਉਸੇ ਡਾਕਟਰ ਦੇ ਨਿੱਜੀ ਹਸਪਤਾਲ ਲੈ ਜਾਓ, ਜਿਸ ਨੇ ਸਰਜਰੀ ਕੀਤੀ ਸੀ। ਸਾਨੂੰ ਨਿਰਾਸ਼ਾ ਵਿੱਚ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਚੱਕਰ ਲਗਵਾਏ ਗਏ।"
ਉਨ੍ਹਾਂ ਨੇ ਅੱਗੇ ਕਿਹਾ, "ਇਸ ਤੋਂ ਬਾਅਦ, 27 ਮਈ ਨੂੰ ਕਰਾਈਕੁਡੀ ਦੇ ਇੱਕ ਹੋਰ ਨਿੱਜੀ ਹਸਪਤਾਲ ਵਿੱਚ ਮੇਰੇ ਪੁੱਤਰ ਦੀ ਇੱਕ ਹੋਰ ਸਰਜਰੀ ਹੋਈ। ਡਾਕਟਰ ਨੇ ਕਿਹਾ ਸੀ ਕਿ ਉਹ 2 ਦਿਨਾਂ ਵਿੱਚ ਠੀਕ ਹੋ ਜਾਵੇਗਾ, ਚਿੰਤਾ ਨਾ ਕਰੋ। ਪਰ 28 ਮਈ ਦੀ ਸਵੇਰ ਉਨ੍ਹਾਂ ਨੇ ਅਚਾਨਕ ਸਾਨੂੰ ਕਿਹਾ ਕਿ ਆਪਣੇ ਪੁੱਤਰ ਨੂੰ ਤੁਰੰਤ ਮਦੁਰੈ ਲੈ ਜਾਓ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਨਫੈਕਸ਼ਨ ਫੈਲ ਗਿਆ ਹੈ।"
"ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਸੀਂ ਬੱਚੇ ਨੂੰ ਮਦੁਰੈ ਦੇ ਇੱਕ ਖਾਸ ਹਸਪਤਾਲ ਲੈ ਜਾਈਏ। ਪਰ ਸਾਡਾ ਉਨ੍ਹਾਂ ਤੋਂ ਭਰੋਸਾ ਉੱਠ ਚੁੱਕਾ ਸੀ। ਇਸ ਲਈ ਅਸੀਂ ਬੱਚੇ ਨੂੰ ਇੱਕ ਹੋਰ ਨਿੱਜੀ ਹਸਪਤਾਲ ਲੈ ਗਏ ਅਤੇ ਉੱਥੇ ਐਮਰਜੈਂਸੀ ਵਿਭਾਗ ਵਿੱਚ ਦਾਖ਼ਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ।"

ਬੱਚੇ ਦੀ ਮਾਂ ਨੇ ਬੀਬੀਸੀ ਤਮਿਲ ਨੂੰ ਦੱਸਿਆ, "ਮੇਰੇ ਪੁੱਤਰ ਦੀ ਜਾਂਚ ਕਰਨ ਵਾਲੇ ਡਾਕਟਰ ਨੇ ਕਿਹਾ ਕਿ ਉਸ ਦੇ ਲਿੰਗ ਦਾ ਕੁਝ ਹਿੱਸਾ ਕਾਲਾ ਪੈ ਗਿਆ ਹੈ ਅਤੇ ਉਸ ਵਿੱਚ ਇਨਫੈਕਸ਼ਨ ਹੈ। ਇਸ ਲਈ ਉਸ ਦੇ ਲਿੰਗ ਦਾ ਇੱਕ ਵੱਡਾ ਹਿੱਸਾ ਹਟਾਉਣ ਲਈ ਤੁਰੰਤ ਸਰਜਰੀ ਕਰਨੀ ਪਵੇਗੀ। ਜੇਕਰ ਅਜਿਹਾ ਨਾ ਕੀਤਾ ਗਿਆ, ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।"
ਉਨ੍ਹਾਂ ਅੱਗੇ ਕਿਹਾ, "ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਸੀ। ਅਸੀਂ ਸਰਜਰੀ ਲਈ ਤਿਆਰ ਹੋ ਗਏ ਕਿਉਂਕਿ ਬੱਚੇ ਦੀ ਜਾਨ ਬਚਾਉਣਾ ਜ਼ਰੂਰੀ ਸੀ।"
ਇਸ ਤੋਂ ਬਾਅਦ, ਬੱਚੇ ਦੇ ਮਾਤਾ-ਪਿਤਾ ਨੇ 6 ਜੂਨ ਨੂੰ ਕਰਾਈਕੁਡੀ ਦੇ ਦੋ ਨਿੱਜੀ ਹਸਪਤਾਲਾਂ ਦੇ ਦੋ ਡਾਕਟਰਾਂ ਖ਼ਿਲਾਫ਼ ਪੁਲਿਸ ਅਤੇ ਸ਼ਿਵਗੰਗਾ ਜ਼ਿਲ੍ਹਾ ਮੈਜਿਸਟ੍ਰੇਟ ਕੋਲ ਸ਼ਿਕਾਇਤ ਦਰਜ ਕਰਵਾਈ।
ਪਿਛਲੇ ਮਹੀਨੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਤਮਿਲਨਾਡੂ ਸ਼ਾਖਾ ਦੇ ਪ੍ਰਧਾਨ ਡਾਕਟਰ ਸ੍ਰੀਧਰ ਨੇ, ਇਲਾਜ ਕਰਨ ਵਾਲੇ ਡਾਕਟਰਾਂ ਨਾਲ ਮਿਲ ਕੇ, ਇਸ ਸ਼ਿਕਾਇਤ ਬਾਰੇ ਸਪਸ਼ਟੀਕਰਨ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਸੀ, "ਬੱਚੇ ਦੀ ਸਰਜਰੀ ਇੱਕ ਆਮ ਅਤੇ ਰੁਟੀਨ ਸਰਜਰੀ ਸੀ। ਪਰ ਉਸ ਨੂੰ ਜੋ ਸਮੱਸਿਆ ਹੋਈ ਹੈ, ਉਹ 10 ਲੱਖ ਮਰੀਜ਼ਾਂ ਵਿੱਚੋਂ ਕਿਸੇ ਇੱਕ ਨੂੰ ਹੀ ਹੁੰਦੀ ਹੈ। ਇਹ ਇੱਕ ਦੁਰਲੱਭ ਘਟਨਾ ਹੈ। ਇਹ ਇੱਕ ਮੈਡੀਕਲ ਦੁਰਘਟਨਾ ਹੈ। ਸੰਬੰਧਤ ਡਾਕਟਰ ਇਸ ਬੱਚੇ ਦੇ ਇਲਾਜ ਲਈ ਹਰ ਲੋੜੀਂਦੀ ਮਦਦ ਦੇਣ ਲਈ ਤਿਆਰ ਹਨ।"
ਡਾਕਟਰ ਸ੍ਰੀਧਰ ਨੇ ਅੱਗੇ ਕਿਹਾ, "ਮੁੰਡੇ ਦੀ ਹਾਲਤ ਜਲਦ ਹੀ ਸੁਧਰ ਜਾਵੇਗੀ। ਮੈਡੀਕਲ ਐਸੋਸੀਏਸ਼ਨ ਨੂੰ ਮੁੰਡੇ ਦੇ ਮਾਤਾ-ਪਿਤਾ ਨੂੰ ਹੋਈ ਮਾਨਸਿਕ ਪਰੇਸ਼ਾਨੀ ਦਾ ਅਫ਼ਸੋਸ ਹੈ। ਮੁੰਡੇ ਦਾ ਪੂਰਾ ਲਿੰਗ ਨਹੀਂ ਹਟਾਇਆ ਗਿਆ ਹੈ। ਉਸ ਦਾ ਸਿਰਫ਼ ਇੱਕ ਹਿੱਸਾ ਹਟਾਇਆ ਗਿਆ ਹੈ ਅਤੇ ਪਲਾਸਟਿਕ ਸਰਜਰੀ ਰਾਹੀਂ ਮਾਈਕ੍ਰੋ-ਸਰਜਰੀ ਕੀਤੀ ਗਈ ਹੈ।"
ਇਸ ਮਾਮਲੇ ਸਬੰਧੀ ਜਾਣਕਾਰੀ ਲਈ ਬੀਬੀਸੀ ਨੇ ਕਰਾਈਕੁਡੀ ਦੇ ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਨ ਨਾਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਇਸ ਮਾਮਲੇ 'ਤੇ ਪਹਿਲਾਂ ਹੀ ਸਫ਼ਾਈ ਦੇ ਚੁੱਕੀ ਹੈ।
'ਸਰਜਰੀ ਨਾਲ ਲਿੰਗ ਦਾ ਇੱਕ ਵੱਡਾ ਹਿੱਸਾ ਹਟਾ ਦਿੱਤਾ ਗਿਆ'
ਪਰ ਮੁੰਡੇ ਦੀ ਮਾਂ ਨੇ ਕਿਹਾ ਕਿ "ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਵੀ ਸਾਨੂੰ ਪ੍ਰਾਈਵੇਟ ਹਸਪਤਾਲ ਤੋਂ ਕੋਈ ਮਦਦ ਨਹੀਂ ਮਿਲੀ। ਮੇਰੇ ਪੁੱਤਰ ਦੇ ਲਿੰਗ ਦਾ ਇੱਕ ਵੱਡਾ ਹਿੱਸਾ ਹਟਾ ਦਿੱਤਾ ਗਿਆ। ਹੁਣ ਸਿਰਫ਼ ਅੰਡਕੋਸ਼ ਹੀ ਬਚੇ ਹਨ।"
"ਮੇਰਾ ਪੁੱਤਰ ਅਜੇ ਵੀ ਇਸ ਸਦਮੇ ਤੋਂ ਉੱਭਰ ਨਹੀਂ ਸਕਿਆ ਹੈ। ਉਹ ਹੁਣ ਘਰੋਂ ਬਾਹਰ ਵੀ ਨਹੀਂ ਨਿੱਕਲਦਾ। ਉਸ ਦੀ ਸ਼ਿਕਾਇਤ ਹੈ ਕਿ ਜਦੋਂ ਉਹ ਖੇਡਣ ਜਾਂਦਾ ਹੈ, ਤਾਂ ਉਸ ਦੀ ਉਮਰ ਦੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਹਨ ਅਤੇ ਉਸ ਨੂੰ ਚਿੜਾਉਂਦੇ ਹਨ। ਉਹ ਕਿਸੇ ਨਾਲ ਗੱਲ ਨਹੀਂ ਕਰਦਾ ਅਤੇ ਹਮੇਸ਼ਾ ਇੱਕ ਥਾਂ ਚੁੱਪਚਾਪ ਬੈਠਾ ਰਹਿੰਦਾ ਹੈ।''
ਮੁੰਡੇ ਦੀ ਮਾਂ ਨੇ ਪਰੇਸ਼ਾਨ ਹੁੰਦੇ ਹੋਏ ਕਿਹਾ, "ਸਾਨੂੰ ਸਮਝ ਨਹੀਂ ਆ ਰਿਹਾ ਕਿ ਇੰਨੀ ਘੱਟ ਉਮਰ ਵਿੱਚ ਮੇਰਾ ਪੁੱਤਰ ਇਸ ਵੱਡੇ ਨੁਕਸਾਨ ਦਾ ਸਾਹਮਣਾ ਕਿਵੇਂ ਕਰੇਗਾ।''
ਵਿਰੋਧ-ਪ੍ਰਦਰਸ਼ਨ

ਮੁੰਡੇ ਦੀ ਮਾਂ ਨੇ ਕਿਹਾ, "ਪੁਲਿਸ ਕੋਲ ਸ਼ਿਕਾਇਤ ਕਰਨ ਦੇ ਇੱਕ ਮਹੀਨੇ ਬਾਅਦ ਵੀ ਸਬੰਧਤ ਡਾਕਟਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਲਈ, 7 ਜੁਲਾਈ ਨੂੰ ਅਸੀਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਅਤੇ ਟਰੇਡ ਯੂਨੀਅਨਾਂ ਨਾਲ ਮਿਲ ਕੇ ਧਰਨਾ-ਪ੍ਰਦਰਸ਼ਨ ਕੀਤਾ।
ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਸ਼ਿਵਾਜੀ ਗਾਂਧੀ ਨੇ ਕਿਹਾ, "ਇਸ ਬੱਚੇ ਦਾ ਭਵਿੱਖ ਖ਼ਤਰੇ ਵਿੱਚ ਹੈ। ਫਿਰ ਵੀ, ਡਾਕਟਰ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸੇ ਲਈ ਅਸੀਂ ਵਿਰੋਧ-ਪ੍ਰਦਰਸ਼ਨ ਕੀਤਾ। ਹਾਲਾਂਕਿ, ਪੁਲਿਸ ਨੇ ਸਾਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਾਮ ਤੱਕ ਰੋਕ ਕੇ ਰੱਖਿਆ।"
ਉਨ੍ਹਾਂ ਅੱਗੇ ਕਿਹਾ, "ਇਨ੍ਹਾਂ ਵਿੱਚੋਂ ਇੱਕ ਡਾਕਟਰ 'ਤੇ ਪਹਿਲਾਂ ਵੀ ਕੁਝ ਇਲਜ਼ਾਮ ਲੱਗ ਚੁੱਕੇ ਹਨ। ਇਸ ਲਈ, ਪੁਲਿਸ ਨੂੰ ਬਿਨ੍ਹਾਂ ਹੋਰ ਸਮਾਂ ਬਰਬਾਦ ਕੀਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।"
ਦੂਜੇ ਪਾਸੇ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਸਮੇਤ ਵੱਖ-ਵੱਖ ਸੰਗਠਨਾਂ ਵੱਲੋਂ ਵਿਰੋਧ-ਪ੍ਰਦਰਸ਼ਨ ਤੋਂ ਬਾਅਦ 10 ਜੁਲਾਈ ਨੂੰ ਕਰਾਈਕੁਡੀ ਦੇ ਸਾਰੇ ਨਿੱਜੀ ਹਸਪਤਾਲਾਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਡਾਕਟਰਾਂ ਅਤੇ ਹਸਪਤਾਲਾਂ ਲਈ ਉਚਿਤ ਸੁਰੱਖਿਆ ਦੀ ਮੰਗ ਕਰਦਿਆਂ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਮੈਡੀਕਲ ਸੇਵਾਵਾਂ ਬੰਦ ਰੱਖ ਕੇ ਵਿਰੋਧ ਕੀਤਾ।
ਪੁਲਿਸ ਕੀ ਕਹਿ ਰਹੀ?

ਤਸਵੀਰ ਸਰੋਤ, Getty Images
ਇਸ ਮਾਮਲੇ ਬਾਰੇ ਬੀਬੀਸੀ ਤਮਿਲ ਨਾਲ ਗੱਲ ਕਰਦਿਆਂ ਪੁਲਿਸ ਇੰਸਪੈਕਟਰ ਜਨਰਲ (ਦੱਖਣੀ ਡਿਵੀਜ਼ਨ) ਵਿਜੇਂਦਰ ਬਿਦਰੀ ਨੇ ਕਿਹਾ, "ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਹਾਲਾਂਕਿ, ਕਿਉਂਕਿ ਇਹ ਇੱਕ ਡਾਕਟਰੀ ਮਾਮਲਾ ਹੈ, ਇਸ ਲਈ ਸਭ ਤੋਂ ਪਹਿਲਾਂ ਇਹ ਤੈਅ ਕਰਨਾ ਹੋਵੇਗਾ ਕਿ ਕੀ 'ਇਲਾਜ ਵਿੱਚ ਲਾਪਰਵਾਹੀ' ਹੋਈ ਸੀ।"
"ਇਹ ਫ਼ੈਸਲਾ ਸਿਰਫ਼ ਪੁਲਿਸ ਜਾਂਚ ਦੇ ਆਧਾਰ 'ਤੇ ਨਹੀਂ ਲਿਆ ਜਾ ਸਕਦਾ। ਇਸੇ ਕਰਕੇ ਸਿਹਤ ਵਿਭਾਗ ਦੇ ਜੁਆਇੰਟ ਡਾਇਰੈਕਟਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜੇਕਰ ਜਾਂਚ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਦੀ ਗਲਤੀ ਪਾਈ ਜਾਂਦੀ ਹੈ, ਤਾਂ ਨਿਸ਼ਚਿਤ ਤੌਰ 'ਤੇ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।"
ਗਵਰਨਮੈਂਟ ਸਟੈਨਲੀ ਮੈਡੀਕਲ ਕਾਲਜ ਵਿੱਚ ਜਨਰਲ ਮੈਡੀਸਨ ਵਿਭਾਗ ਦੇ ਮੁਖੀ ਡਾਕਟਰ ਐਸ. ਚੰਦਰਸ਼ੇਖਰ ਨੇ ਕਿਹਾ, "ਪੇਨੇਕਟੋਮੀ, ਲਿੰਗ ਨੂੰ ਸਰਜਰੀ ਰਾਹੀਂ ਹਟਾਉਣ ਦੀ ਪ੍ਰਕਿਰਿਆ ਹੈ। ਮਰੀਜ਼ ਦੀ ਹਾਲਤ ਦੇ ਆਧਾਰ 'ਤੇ ਡਾਕਟਰ ਲਿੰਗ ਦਾ ਕੁਝ ਹਿੱਸਾ ਜਾਂ ਪੂਰਾ ਲਿੰਗ ਹਟਾ ਸਕਦੇ ਹਨ। ਇਹ ਸਰਜਰੀ ਲਿੰਗ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੁਝ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਸਰਜਰੀ ਖ਼ਾਸ ਤੌਰ 'ਤੇ ਲਿੰਗ ਦੇ ਕੈਂਸਰ ਦੇ ਇਲਾਜ ਲਈ ਕੀਤੀ ਜਾਂਦੀ ਹੈ। ਕਰਾਈਕੁਡੀ ਦੇ ਇਸ ਮੁੰਡੇ ਦੇ ਮਾਮਲੇ ਵਿੱਚ, ਹੋ ਸਕਦਾ ਹੈ ਕਿ ਲਿੰਗ ਵਿੱਚ ਖ਼ੂਨ ਦੀ ਸਪਲਾਈ ਰੁਕਣ ਜਾਂ ਗੰਭੀਰ ਬੈਕਟੀਰੀਅਲ ਇਨਫੈਕਸ਼ਨ ਕਾਰਨ ਉੱਥੋਂ ਦੀਆਂ ਕੋਸ਼ਿਕਾਵਾਂ (ਸੈੱਲ) ਖ਼ਰਾਬ ਹੋ ਗਈਆਂ ਹੋਣ। ਅਜਿਹੇ ਮਾਮਲੇ ਵਿੱਚ, ਇਨਫੈਕਸ਼ਨ ਨੂੰ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲਣ ਤੋਂ ਰੋਕਣ ਲਈ ਲਿੰਗ ਦਾ ਕੁਝ ਹਿੱਸਾ ਹਟਾਉਣਾ ਪਿਆ ਹੋਵੇ।"
ਹਾਲਾਂਕਿ, ਡਾਕਟਰ ਚੰਦਰਸ਼ੇਖਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਅੰਤਿਮ ਨਤੀਜੇ 'ਤੇ ਪਹੁੰਚਣ ਲਈ ਸਿਹਤ ਵਿਭਾਗ ਦੀ ਰਿਪੋਰਟ ਜ਼ਰੂਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















