'ਜ਼ਿੰਮੇਵਾਰ ਮਾਪੇ ਪੁੱਤਰ ਨੂੰ ਟੋਕਦੇ', ਹੈਨਰੀ ਨੋਵਾਕ ਕਤਲ ਕੇਸ 'ਚ ਦੋਸ਼ੀ ਵਿਕਰਮ ਦਿਗਵਾ ਦੀ ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਉਣ ਵੇਲੇ ਜੱਜ ਨੇ ਕੀ ਕਿਹਾ

    • ਲੇਖਕ, ਕਰਟਿਸ ਲੈਂਕੈਸਟਰ
    • ...ਤੋਂ, (ਸਾਊਥ ਆਫ਼ ਇੰਗਲੈਂਡ)
    • ਲੇਖਕ, ਡੇਵ ਗਿਲਯੇਟ
    • ...ਤੋਂ, (ਸਾਊਥ ਆਫ਼ ਇੰਗਲੈਂਡ)
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਹੈਨਰੀ ਨੋਵਾਕ ਦੇ ਕਤਲ ਕੇਸ 'ਚ ਦੋਸ਼ੀ ਵਿਕਰਮ ਦਿਗਵਾ ਦੀ ਮਾਂ ਕਿਰਨ ਕੌਰ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ। ਉਸ 'ਤੇ ਦੋਸ਼ ਹੈ ਕਿ ਉਸਨੇ ਕਤਲ ਵਾਲੀ ਥਾਂ ਤੋਂ ਕਤਲ ਵਿੱਚ ਵਰਤੇ ਗਏ ਹਥਿਆਰ ਨੂੰ ਹਟਾਇਆ ਸੀ।

ਵਿਕਰਮ ਦਿਗਵਾ ਨੇ 21 ਸੈਂਟੀਮੀਟਰ (8 ਇੰਚ) ਲੰਬੇ ਧਾਰਦਾਰ ਹਥਿਆਰ ਦੀ ਵਰਤੋਂ ਕਰਕੇ 18 ਸਾਲਾ ਵਿਦਿਆਰਥੀ ਹੈਨਰੀ ਨੋਵਾਕ ਦੀ ਹੱਤਿਆ ਕਰ ਦਿੱਤੀ ਸੀ। ਹੈਨਰੀ, 3 ਦਸੰਬਰ ਦੀ ਰਾਤ ਸਾਊਥੈਂਪਟਨ ਵਿੱਚ ਘਰ ਵਾਪਸ ਆ ਰਹੇ ਸਨ, ਜਿਸ ਵੇਲੇ ਇਹ ਵਾਰਦਾਤ ਹੋਈ। ਦਿਗਵਾ ਨੂੰ ਲੰਘੇ ਜੂਨ ਮਹੀਨੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਵਿੱਚ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਬਿਤਾਉਣੇ ਹੋਣਗੇ।

ਸਾਊਥੈਂਪਟਨ ਦੇ ਸੇਂਟ ਡੈਨਿਸ ਰੋਡ ਦੇ ਰਹਿਣ ਵਾਲੇ 53 ਸਾਲਾ ਕਿਰਨ ਕੌਰ ਨੂੰ ਮਈ ਵਿੱਚ ਸਾਊਥੈਂਪਟਨ ਕਰਾਊਨ ਕੋਰਟ ਨੇ ਅਪਰਾਧੀ ਦੀ ਮਦਦ ਕਰਨ ਦਾ ਦੋਸ਼ੀ ਪਾਇਆ ਸੀ।

ਕਿਰਨ ਕੌਰ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕੀ ਕਿਹਾ

ਕਿਰਨ ਕੌਰ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਵਿਲੀਅਮ ਮੌਸਲੀ ਕੇਸੀ ਨੇ ਕਿਹਾ, "ਇੱਕ ਜ਼ਿੰਮੇਵਾਰ ਮਾਪੇ ਆਪਣੇ ਪੁੱਤਰ ਨੂੰ ਟੋਕਦੇ" ਅਤੇ ਉਸ ਨੂੰ "ਸਹੀ ਕੰਮ ਕਰਨ" ਲਈ ਕਹਿੰਦੇ।

ਉਨ੍ਹਾਂ ਅੱਗੇ ਕਿਹਾ: "ਤੁਸੀਂ ਚਾਕੂ ਲਿਆ ਅਤੇ ਉਸਨੂੰ ਆਪਣੇ ਪੁੱਤਰ ਦੇ ਬੈੱਡਰੂਮ ਵਿੱਚ ਰੱਖੇ ਹੋਰ ਹਥਿਆਰਾਂ ਦੇ ਨਾਲ ਘਰ ਵਿੱਚ ਰੱਖ ਦਿੱਤਾ।"

ਜੱਜ ਨੇ ਕਿਹਾ ਕਿ ਉਸ ਨੂੰ "ਸਮਾਗਮਾਂ ਵਿੱਚ ਵਰਤੇ ਜਾਣ ਵਾਲੇ ਅਤੇ ਹੋਰ ਹਥਿਆਰਾਂ ਦੇ ਵੱਡੇ ਸੰਗ੍ਰਹਿ" ਦੇ ਵਿਚਕਾਰ ਰੱਖਣ ਕਰਕੇ "ਇਹ ਲੁਕਾਉਣ ਵਿੱਚ ਮਦਦ ਮਿਲੀ ਕਿ ਇਸ ਦੀ ਵਰਤੋਂ ਕਿਸ ਲਈ ਕੀਤੀ ਗਈ ਸੀ", ਕਿਉਂਕਿ ਉਹ ਚਾਹੁੰਦੇ ਸਨ ਕਿ "ਉਹ ਫੜ੍ਹਿਆ ਨਾ ਜਾਵੇ।"

ਅਦਾਲਤ ਨੇ ਮੰਨਿਆ ਕਿ ਕਿਰਨ ਕੌਰ ਵੱਲੋਂ ਮੁੜ ਅਪਰਾਧ ਕਰਨ ਦੀ ਸੰਭਾਵਨਾ ਘੱਟ ਹੈ ਅਤੇ ਕਿਹਾ ਕਿ ਉਨ੍ਹਾਂ ਦਾ ਮਕਸਦ "ਗਲਤੀ ਨਾਲ, ਆਪਣੇ ਪੁੱਤਰ ਨੂੰ ਬਚਾਉਣਾ ਸੀ , ਨਾ ਕਿ ਕੋਈ ਨਿੱਜੀ ਫ਼ਾਇਦਾ ਲੈਣਾ।"

ਉਨ੍ਹਾਂ ਅੱਗੇ ਕਿਹਾ, "ਹਾਲਾਂਕਿ, ਤੁਹਾਡੇ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਹਾਨੂੰ ਸਜ਼ਾ ਦੇਣਾ ਜ਼ਰੂਰੀ ਹੈ, ਤਾਂ ਜੋ ਹੋਰ ਲੋਕ, ਜੋ ਅਜਿਹੀ ਸਥਿਤੀ ਵਿੱਚ ਹੋ ਸਕਦੇ ਹਨ, ਉਹ ਉਹੋ ਜਿਹਾ ਨਾ ਕਰਨ ਜਿਵੇਂ ਤੁਸੀਂ ਕੀਤਾ।"

ਦਿਗਵਾ ਨੇ ਚਾਕੂ ਆਪਣੀ ਮਾਂ ਨੂੰ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਪੁਲਿਸ ਨੂੰ ਉਨ੍ਹਾਂ ਦੇ ਘਰੋਂ 20 ਤੋਂ ਵੱਧ ਹੋਰ ਹਥਿਆਰਾਂ ਦੇ ਨਾਲ ਉਹ ਚਾਕੂ ਮਿਲਿਆ।

ਸਰਕਾਰੀ ਵਕੀਲ ਨਿਕੋਲਸ ਲੋਬੇਨਬਰਗ ਨੇ ਕਿਰਨ ਕੌਰ ਦੇ ਕੰਮਾਂ ਨੂੰ "ਬਹੁਤ ਗੰਭੀਰ ਅਪਰਾਧ" ਦੱਸਿਆ ਅਤੇ ਕਿਹਾ ਕਿ ਚਾਕੂ ਹਟਾਉਣ ਵਿੱਚ ਉਨ੍ਹਾਂ ਦੀ ਭੂਮਿਕਾ "ਅਹਿਮ" ਸੀ।

ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਹਮਲੇ ਤੋਂ ਸੱਤ ਦਿਨ ਬਾਅਦ ਤੱਕ ਪੁਲਿਸ ਨੂੰ ਉਹ ਚਾਕੂ ਨਹੀਂ ਮਿਲਿਆ ਸੀ।

ਪਰ ਬਚਾਅ ਪੱਖ ਦੇ ਵਕੀਲ ਮਾਰਕ ਵਾਟਸਨ ਨੇ ਆਪਣੀ ਮੁਵੱਕਲ ਦੇ ਕੰਮਾਂ ਨੂੰ "ਬਿਨਾਂ ਸੋਚੇ-ਸਮਝੇ, ਜਲਦਬਾਜ਼ੀ 'ਚ ਕੀਤਾ ਗਿਆ ਕੰਮ" ਅਤੇ "ਆਪਣੇ ਬੱਚੇ ਨੂੰ ਬਚਾਉਣ ਦੀ ਕੁਦਰਤੀ ਇੱਛਾ" ਦੱਸਿਆ।

ਸਜ਼ਾ ਸੁਣਾਏ ਜਾਣ ਤੋਂ ਬਾਅਦ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਦੇ ਕੈਲੀ ਨਿਊਮੈਨ ਨੇ ਕਿਹਾ, "ਜੋ ਲੋਕ ਕਾਤਲਾਂ ਨੂੰ ਸਜ਼ਾ ਤੋਂ ਬਚਣ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਉਨ੍ਹਾਂ ਨੂੰ ਵੀ ਆਪਣੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ।"

ਸਜ਼ਾ ਤੋਂ ਬਾਅਦ ਜਾਰੀ ਇੱਕ ਬਿਆਨ ਵਿੱਚ ਨੋਵਾਕ ਦੇ ਪਰਿਵਾਰ ਨੇ ਕਿਹਾ ਕਿ ਉਹ "ਬਹੁਤ ਨਿਰਾਸ਼" ਹਨ।

ਉਨ੍ਹਾਂ ਕਿਹਾ, "ਅਸੀਂ ਹੈਨਰੀ ਲਈ ਇਨਸਾਫ਼ ਦੀ ਆਪਣੀ ਮੁਹਿੰਮ ਜਾਰੀ ਰੱਖਾਂਗੇ। ਸਾਡਾ ਧਿਆਨ ਇਸ ਗੱਲ ਨੂੰ ਯਕੀਨੀ ਬਣਾਉਣ 'ਤੇ ਹੈ ਕਿ ਚੱਲ ਰਹੀ ਜਾਂਚ ਵਿੱਚ ਕੋਈ ਕਸਰ ਨਾ ਛੱਡੀ ਜਾਵੇ, ਕਿਉਂਕਿ ਅਸੀਂ ਪਿਛਲੇ ਦਸੰਬਰ ਵਿੱਚ ਹੋਈ ਘਟਨਾ ਦੀ ਪੂਰੀ ਸੱਚਾਈ ਜਾਣਨ ਲਈ ਲੜ ਰਹੇ ਹਾਂ। ਅਸੀਂ ਸਰਕਾਰ ਨੂੰ ਲਗਾਤਾਰ ਅਪੀਲ ਕਰਦੇ ਰਹਾਂਗੇ ਕਿ ਉਹ ਅਜਿਹੇ ਬਦਲਾਅ ਕਰਨ, ਜਿਨ੍ਹਾਂ ਦਾ ਸਾਡਾ ਬੱਚਾ ਹੱਕਦਾਰ ਸੀ।''

ਦਿਗਵਾ ਦੇ ਝੂਠ ਬੋਲਣ ਤੋਂ ਬਾਅਦ ਪੁਲਿਸ ਨੇ ਨੋਵਾਕ ਨੂੰ ਹਥਕੜੀ ਲਾ ਦਿੱਤੀ ਸੀ। ਦਿਗਵਾ ਨੇ ਦਾਅਵਾ ਕੀਤਾ ਸੀ ਕਿ ਨੋਵਾਕ ਨੇ ਉਸ ਨਾਲ ਨਸਲੀ ਦੁਰਵਿਹਾਰ ਕੀਤਾ ਸੀ ਅਤੇ ਉਸ ਨੇ ਸਵੈ-ਰੱਖਿਆ ਵਿੱਚ ਨੋਵਾਕ 'ਤੇ ਹਮਲਾ ਕੀਤਾ ਸੀ।

ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਦੀ ਪੱਗ ਲਾਹੀ ਗਈ ਸੀ ਅਤੇ ਉਹ ਜ਼ਖ਼ਮੀ ਹੋ ਗਿਆ ਸੀ।

ਪੁਲਿਸ ਦੀ ਬਾਡੀਕੈਮ ਫੁਟੇਜ 'ਚ ਕੀ ਨਜ਼ਰ ਆਇਆ

ਪਰਿਵਾਰ ਦੀ ਮਨਜ਼ੂਰੀ ਨਾਲ ਹੈਮਪਸ਼ਾਇਰ ਅਤੇ ਆਇਲ ਆਫ਼ ਵਾਈਟ ਕਾਂਸਟੇਬਿਊਲਰੀ ਵੱਲੋਂ ਜਾਰੀ ਬਾਡੀਕੈਮ ਫੁਟੇਜ ਵਿੱਚ ਅਧਿਕਾਰੀਆਂ ਨੂੰ ਘਟਨਾ ਸਥਾਨ 'ਤੇ ਪਹੁੰਚਦੇ ਹੋਏ ਅਤੇ ਦਿਗਵਾ ਅਤੇ ਹੋਰ ਲੋਕਾਂ ਨਾਲ ਗੱਲ ਕਰਦੇ ਹੋਏ ਦੇਖਿਆ ਗਿਆ ਹੈ।

ਵੀਡੀਓ ਵਿੱਚ ਜ਼ਮੀਨ 'ਤੇ ਪਏ ਨੋਵਾਕ ਨੂੰ ਕਈ ਵਾਰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "ਮੈਨੂੰ ਚਾਕੂ ਮਾਰਿਆ ਗਿਆ ਹੈ" ਅਤੇ "ਮੈਂ ਸਾਹ ਨਹੀਂ ਲੈ ਪਾ ਰਿਹਾ ਹਾਂ।"

ਫੁਟੇਜ ਵਿੱਚ ਅਧਿਕਾਰੀਆਂ ਨੂੰ ਨੋਵਾਕ ਨੂੰ ਕਰਵਟ ਦਿਵਾਉਂਦੇ ਅਤੇ ਉਨ੍ਹਾਂ ਦੇ ਹੱਥਾਂ ਨੂੰ ਪਿੱਠ ਦੇ ਪਿੱਛੇ ਹਥਕੜੀ ਲਗਾਉਂਦੇ ਹੋਏ ਦਿਖਾਇਆ ਗਿਆ ਹੈ; ਕੁਝ ਮਿੰਟਾਂ ਬਾਅਦ ਉਨ੍ਹਾਂ ਨੇ ਕੋਈ ਪ੍ਰਤੀਕਿਰਿਆ ਦੇਣੀ ਬੰਦ ਕਰ ਦਿੱਤੀ।

ਇੱਕ ਅਧਿਕਾਰੀ ਉਨ੍ਹਾਂ ਨੂੰ ਦੱਸਦਾ ਹੈ ਕਿ ਉਸ ਨੂੰ ਕੁੱਟਮਾਰ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਦੋ ਪੁਲਿਸ ਅਧਿਕਾਰੀਆਂ ਖ਼ਿਲਾਫ਼ ਗੰਭੀਰ ਦੁਰਵਿਵਹਾਰ ਦੀ ਸੰਭਾਵਨਾ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।

ਜੂਨ ਵਿੱਚ ਅਦਾਲਤ ਦੇ ਬਾਹਰ ਪੜ੍ਹੇ ਗਏ ਇੱਕ ਬਿਆਨ ਵਿੱਚ ਹੈਨਰੀ ਦੇ ਪਿਤਾ ਮਾਰਕ ਨੋਵਾਕ ਨੇ ਪੁਲਿਸ ਵੱਲੋਂ ਆਪਣੇ ਪੁੱਤਰ ਨਾਲ ਕੀਤੇ ਗਏ "ਅਣਮਨੁੱਖੀ ਅਤੇ ਅਪਮਾਨਜਨਕ" ਵਤੀਰੇ ਦੀ ਤੁਲਨਾ ਉਸ "ਸ਼ਰਾਫ਼ਤ" ਨਾਲ ਕੀਤੀ ਜੋ ਅਧਿਕਾਰੀਆਂ ਨੇ ਉਸ ਦੇ ਕਾਤਲ ਨਾਲ ਦਿਖਾਈ ਸੀ।

ਹੈਮਪਸ਼ਾਇਰ ਪੁਲਿਸ ਨੇ ਨੋਵਾਕ ਪਰਿਵਾਰ ਤੋਂ ਉਸ ਵਤੀਰੇ ਲਈ ਮਾਫ਼ੀ ਮੰਗੀ ਹੈ, ਜੋ ਪੁਲਿਸ ਦੇ ਅਧਿਕਾਰੀਆਂ ਨੇ ਹੈਨਰੀ ਨਾਲ ਕੀਤਾ ਸੀ।

ਵਿਰੋਧ ਪ੍ਰਦਰਸ਼ਨ ਵੀ ਹੋਏ ਸਨ

ਐਸੇਕਸ ਦੇ ਚੈਫ਼ੋਰਡ ਹੰਡਰਡ ਦੇ ਰਹਿਣ ਵਾਲੇ ਨੋਵਾਕ, ਸਾਊਥੈਂਪਟਨ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਸਨ। ਸੁਣਵਾਈ ਦੌਰਾਨ ਪਤਾ ਲੱਗਾ ਕਿ ਉਹ ਸ਼ਰਾਬ ਪੀਣ ਤੋਂ ਬਾਅਦ (ਜੋ ਡ੍ਰਿੰਕ-ਐਂਡ-ਡਰਾਈਵ ਦੀ ਕਾਨੂੰਨੀ ਹੱਦ ਤੋਂ ਘੱਟ ਸੀ) ਆਪਣੇ ਘਰ ਵਾਪਸ ਜਾ ਰਹੇ ਸਨ।

ਸਰਕਾਰੀ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਪੰਜ ਵਾਰ ਚਾਕੂ ਮਾਰਿਆ ਗਿਆ ਸੀ - ਦੋ ਵਾਰ ਲੱਤਾਂ ਦੇ ਪਿਛਲੇ ਹਿੱਸੇ ਵਿੱਚ, ਇੱਕ ਵਾਰ ਚਿਹਰੇ 'ਤੇ ਅਤੇ ਇੱਕ ਵਾਰ ਛਾਤੀ 'ਤੇ ਜਾਨਲੇਵਾ ਜ਼ਖ਼ਮ ਦਿੱਤਾ ਗਿਆ ਸੀ।

ਦਿਗਵਾ ਨੇ ਕਿਹਾ ਕਿ ਉਹ ਆਪਣੀ ਸਿੱਖ ਆਸਥਾ ਦੇ ਤਹਿਤ ਉਹ ਬਲੇਡ ਆਪਣੇ ਨਾਲ ਰੱਖਦਾ ਸੀ, ਹਾਲਾਂਕਿ ਸਿੱਖ ਫੈਡਰੇਸ਼ਨ ਦਾ ਕਹਿਣਾ ਹੈ ਕਿ ਉਸ ਨੇ ਜਿਸ ਬਲੇਡ ਦੀ ਵਰਤੋਂ ਕੀਤੀ, ਉਹ ਧਾਰਮਿਕ 'ਕਿਰਪਾਨ' ਨਹੀਂ ਸੀ।

ਬੀਬੀਸੀ ਨੂੰ ਮਿਲੀ ਇੱਕ ਰਿਕਾਰਡਿੰਗ ਤੋਂ ਪਤਾ ਲੱਗਾ ਹੈ ਕਿ ਪੁਲਿਸ ਵੈਨ ਦੇ ਅੰਦਰ ਦਿਗਵਾ ਨੇ ਆਪਣੇ ਭਰਾ ਗੁਰਪ੍ਰੀਤ ਦੇ ਸਾਹਮਣੇ ਇਹ ਗੱਲ ਮੰਨ ਲਈ ਸੀ ਕਿ ਉਸ ਨੇ ਉਸ ਮੁੰਡੇ ਨੂੰ ਕਈ ਵਾਰ ਚਾਕੂ ਮਾਰਿਆ ਸੀ।

ਦਿਗਵਾ, ਉਸ ਦੇ ਭਰਾ ਅਤੇ ਉਸ ਦੇ ਪਿਤਾ ਨੇ ਕਈ ਹਥਿਆਰਾਂ ਨਾਲ ਸਬੰਧਤ ਅਪਰਾਧਾਂ ਦੇ ਇਲਜ਼ਾਮਾਂ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ।

ਦੂਜੇ ਪਾਸੇ, ਪੁਲਿਸ ਦੀ ਬਾਡੀਕੈਮ ਫੁਟੇਜ ਜਾਰੀ ਹੋਣ ਤੋਂ ਬਾਅਦ ਸਾਊਥੈਂਪਟਨ ਵਿੱਚ ਵਿਰੋਧ ਪ੍ਰਦਰਸ਼ਨ ਹੋਏ।

ਇਨ੍ਹਾਂ ਪ੍ਰਦਰਸ਼ਨਾਂ ਦੌਰਾਨ 12 ਪੁਲਿਸ ਅਧਿਕਾਰੀ ਅਤੇ ਇੱਕ ਪੁਲਿਸ ਕੁੱਤਾ ਜ਼ਖ਼ਮੀ ਹੋ ਗਏ ਸਨ, ਜਿਸ ਦੇ ਲਈ ਹੁਣ ਤੱਕ 20 ਤੋਂ ਵੱਧ ਲੋਕਾਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ।

ਅਟਾਰਨੀ ਜਨਰਲ ਦੇ ਦਫ਼ਤਰ ਨੇ ਦਿਗਵਾ ਦੀ ਸਜ਼ਾ ਨੂੰ 'ਬਹੁਤ ਨਰਮ ਸਜ਼ਾ' ਮੰਨਦੇ ਹੋਏ ਇਸਨੂੰ ਕੋਰਟ ਆਫ਼ ਅਪੀਲ ਕੋਲ ਸਮੀਖਿਆ ਲਈ ਭੇਜ ਦਿੱਤਾ ਹੈ।

ਦਿਗਵਾ ਆਪਣੇ ਆਪ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਮਿਲੀ ਸਜ਼ਾ ਦੇ ਖ਼ਿਲਾਫ਼ ਅਪੀਲ ਕਰਨਾ ਚਾਹੁੰਦਾ ਹੈ।

ਹੈਨਰੀ ਨੋਵਾਕ ਦੀ ਮੌਤ ਦੀ ਪੂਰੀ ਜਾਂਚ ਅਗਲੇ ਸਾਲ ਵਿਨਚੈਸਟਰ ਵਿੱਚ ਹੋਣੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)