ਫੀਫਾ 2026: ਸਪੇਨ ਬਣਿਆ ਫੁੱਟਬਾਲ ਵਰਲਡ ਕੱਪ ਚੈਂਪੀਅਨ, ਜਾਣੋ ਅਰਜਨਟੀਨਾ ਦੀ ਹਾਰ ਦੇ 5 ਮੁੱਖ ਕਾਰਨ

ਤਸਵੀਰ ਸਰੋਤ, Alex Pantling - FIFA/FIFA via Getty Images
ਸਪੇਨ ਫੁੱਟਬਾਲ ਦਾ ਨਵਾਂ ਬਾਦਸ਼ਾਹ ਬਣ ਗਿਆ ਹੈ। ਉਂਝ ਭਾਵੇਂ ਇਹ ਮੁਕਾਬਲਾ ਇੱਕ ਨਿਰਾਸ਼ਾਜਨਕ ਵਰਲਡ ਕੱਪ ਫਾਈਨਲ ਮੈਚ ਰਿਹਾ, ਪਰ ਐਕਸਟਰਾ ਟਾਈਮ ਵਿੱਚ ਸਪੇਨ ਵਲੋਂ ਕੀਤੇ ਗੋਲ ਨੇ ਉਨ੍ਹਾਂ ਨੂੰ ਵਿਸ਼ਵ ਜੇਤੂ ਬਣਾ ਦਿੱਤਾ।
ਮੈਚ ਦਾ ਇਕਲੌਤਾ ਗੋਲ ਫੇਰਾਨ ਟੋਰੇਸ ਨੇ ਕੀਤਾ। ਉਨ੍ਹਾਂ ਨੇ 10 ਖਿਡਾਰੀਆਂ ਨਾਲ ਖੇਡ ਰਹੀ ਅਰਜਨਟੀਨਾ ਦੀ ਸਖ਼ਤ ਚੁਣੌਤੀ ਨੂੰ ਆਖ਼ਿਰਕਾਰ ਤੋੜ ਦਿੱਤਾ।
ਯੂਰਪੀਅਨ ਚੈਂਪੀਅਨ ਟੀਮ ਨੇ ਮੌਜੂਦਾ ਵਰਲਡ ਚੈਂਪੀਅਨ ਦੇ ਖ਼ਿਲਾਫ਼ ਸਭ ਤੋਂ ਵਧੀਆ ਮੌਕੇ ਬਣਾਏ। ਅਰਜਨਟੀਨਾ ਦੀ ਟੀਮ ਨੇ ਮੁੱਖ ਤੌਰ 'ਤੇ ਖੇਡ ਨੂੰ ਖਰਾਬ ਕਰਨ ਵਾਲੀ ਰਣਨੀਤੀ ਅਪਣਾਈ ਅਤੇ ਐਕਸਟਰਾ ਟਾਈਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਖਿਡਾਰੀ ਐਂਜ਼ੋ ਫਰਨਾਂਡੀਜ਼ ਨੂੰ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ।
ਨਿਊਯਾਰਕ ਨਿਊ ਜਰਸੀ ਸਟੇਡੀਅਮ ਦੇ ਚੀਫ਼ ਫੁੱਟਬਾਲ ਰਾਈਟਰ ਫਿਲ ਮੈਕਨਟੀ ਮੁਤਾਬਕ, ਸਪੇਨ ਲਈ ਟੋਰੇਸ ਹੀਰੋ ਸਾਬਿਤ ਹੋਏ। ਸਬਸਟੀਟਿਊਟ ਖਿਡਾਰੀ ਨਿਕੋ ਵਿਲੀਅਮਜ਼ ਨੇ ਉਨ੍ਹਾਂ ਨੂੰ ਪਾਸ ਦਿੱਤਾ ਅਤੇ ਟੋਰੇਸ 106ਵੇਂ ਮਿੰਟ ਵਿੱਚ ਨੇੜੇ ਤੋਂ ਇੱਕ ਜ਼ੋਰਦਾਰ ਸ਼ਾਟ ਮਾਰ ਕੇ ਅਰਜਨਟੀਨਾ ਦੇ ਖ਼ਿਲਾਫ਼ ਗੋਲ ਦਾਗਣ 'ਚ ਕਾਮਯਾਬ ਰਹੇ।

ਤਸਵੀਰ ਸਰੋਤ, Reuters
ਇਹ ਮੈਚ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਿਆ ਅਤੇ ਇੱਕ ਥਕਾਊ ਤੇ ਸ਼ੰਘਰਸ਼ਪੂਰਨ ਮੁਕਾਬਲੇ ਵਿੱਚ ਬਦਲ ਗਿਆ। ਹਾਲਾਂਕਿ ਖੇਡ ਤੋਂ ਇਲਾਵਾ, ਇਹ ਉਹ ਵਰਲਡ ਕੱਪ ਸੀ ਜਿਸ ਵਿੱਚ ਸ਼ਾਨਦਾਰ ਸ਼ੋਅ ਅਤੇ ਸੁਪਰਸਟਾਰਾਂ ਦਾ ਜਲਵਾ ਖੂਬ ਦੇਖਣ ਨੂੰ ਮਿਲਿਆ।
ਮੈਚ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਹੈਲੀਕਾਪਟਰਾਂ ਦੇ ਕਾਫ਼ਲੇ ਨਾਲ ਨਿਊ ਜਰਸੀ ਪਹੁੰਚੇ। ਸ਼ਕੀਰਾ, ਮੈਡੋਨਾ ਅਤੇ ਜਸਟਿਨ ਬੀਬਰ ਨੇ ਪਹਿਲੇ ਵਰਲਡ ਕੱਪ ਹਾਫ਼-ਟਾਈਮ ਸ਼ੋਅ ਵਿੱਚ ਪਰਫਾਰਮ ਕੀਤਾ, ਜਿਸ ਕਾਰਨ ਬ੍ਰੇਕ 27 ਮਿੰਟ ਲੰਮਾ ਹੋ ਗਿਆ।
ਵਾਰ-ਵਾਰ ਰੁਕਣ ਵਾਲੇ ਅਤੇ ਲੰਬੇ ਬ੍ਰੇਕ ਵਾਲੇ ਇਸ ਨੀਰਸ ਮੁਕਾਬਲੇ ਵਿੱਚ ਖੇਡ 'ਚ ਸਹਿਜ ਨਿਰੰਤਰਤਾ ਮਹਿਸੂਸ ਹੋਈ, ਹਾਲਾਂਕਿ ਪਹਿਲੇ ਹਾਫ਼ ਵਿੱਚ ਸਪੇਨ ਦੇ ਲਾਮਿਨ ਯਮਾਲ ਅਤੇ ਮਿਕੇਲ ਓਯਾਰਜ਼ਾਬਾਲ ਨੇ ਚੰਗੇ ਮੌਕੇ ਬਣਾਏ ਅਤੇ ਅਰਜਨਟੀਨਾ ਦੇ ਗੋਲਕੀਪਰ ਮਾਰਟੀਨੇਜ਼ ਨੇ ਸ਼ਾਨਦਾਰ ਢੰਗ ਨਾਲ ਬਚਾਅ ਕੀਤਾ।
ਸਪੇਨ ਟੀਮ ਨੇ ਲਗਾਤਾਰ ਰੈਫਰੀ ਸਲਾਵਕੋ ਵਿਨਚਿਚ ਬਾਰੇ ਲਗਾਤਾਰ ਸ਼ਿਕਾਇਤ ਕੀਤੀ, ਖ਼ਾਸ ਕਰਕੇ ਉਸ ਵੇਲੇ ਜਦੋਂ ਐਲੇਕਸਿਸ ਮੈਕ ਐਲਿਸਟਰ ਨੇ ਦਾਨੀ ਓਲਮੋ ਦੇ ਖ਼ਿਲਾਫ਼ ਦੇਰ ਨਾਲ ਟੈਕਲ ਕੀਤਾ।
ਮੈਚ ਦਾ ਪਹਿਲਾ ਯੈਲੋ ਕਾਰਡ 40ਵੇਂ ਮਿੰਟ ਵਿੱਚ ਉਸ ਵੇਲੇ ਦਿੱਤਾ ਗਿਆ ਜਦੋਂ ਲਿਸਾਂਦਰੋ ਮਾਰਟੀਨੇਜ਼ ਨੇ ਓਯਾਰਜ਼ਾਬਾਲ ਨੂੰ ਗਿਰਾ ਦਿੱਤਾ, ਹਾਲਾਂਕਿ ਕੁਝ ਸਮੇਂ ਬਾਅਦ ਹੀ ਉਹ ਸੱਟ ਕਾਰਨ ਮੈਦਾਨ ਤੋਂ ਬਾਹਰ ਚਲੇ ਗਏ।
ਇੰਜਰੀ ਟਾਈਮ ਵਿੱਚ ਖੇਡ ਦਾ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਫਰਨਾਂਡੀਜ਼, ਜਿਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਸੀ, ਨੂੰ ਸਪੇਨ ਦੇ ਡਿਫੈਂਡਰ ਪਾਉ ਕੁਬਾਰਸੀ ਦੇ ਖ਼ਿਲਾਫ਼ ਲਾਪਰਵਾਹੀ ਨਾਲ ਟੈਕਲ ਲਈ ਦੂਜਾ ਯੈਲੋ ਕਾਰਡ ਮਿਲਿਆ ਅਤੇ ਮੈਦਾਨੋਂ ਬਾਹਰ ਭੇਜ ਦਿੱਤਾ ਗਿਆ।
ਅਰਜਨਟੀਨਾ ਦੇ ਗੋਲਕੀਪਰ ਮਾਰਟੀਨੇਜ਼ ਟੀਮ ਦੇ ਹੀਰੋ ਰਹੇ ਅਤੇ ਉਨ੍ਹਾਂ ਨੇ ਤੈਅ ਸਮੇਂ ਦੇ ਆਖ਼ਰੀ ਪਲਾਂ ਵਿੱਚ ਲਾਮਿਨ ਯਮਾਲ ਦੀ ਫ੍ਰੀ-ਕਿਕ ਨੂੰ ਸ਼ਾਨਦਾਰ ਢੰਗ ਨਾਲ ਰੋਕ ਕੇ ਸਪੇਨ ਨੂੰ ਇੱਕ ਜੇਤੂ ਗੋਲ ਕਰਨ ਤੋਂ ਰੋਕਿਆ।
ਉਨ੍ਹਾਂ ਨੇ ਵਿਲੀਅਮਜ਼ ਦੇ ਹੈਡਰ ਨੂੰ ਰੋਕ ਕੇ ਫਿਰ ਇੱਕ ਵਾਰ ਅਹਿਮ ਭੂਮਿਕਾ ਨਿਭਾਈ। ਇਸ ਤੋਂ ਬਾਅਦ ਵਿਲੀਅਮਜ਼ ਨੇ ਇੱਕ ਗੋਲ ਕਰ ਵੀ ਦਿੱਤਾ ਇਸ ਪਰ ਉਸਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਸਬਸਟੀਟਿਊਟ ਮਿਕੇਲ ਮੇਰੀਨੋ ਨੇ ਨਿਕੋਲਾਸ ਓਟਾਮੈਂਡੀ ਦੇ ਖ਼ਿਲਾਫ਼ ਫਾਊਲ ਕੀਤਾ ਸੀ।
ਅਰਜਨਟੀਨਾ ਨੇ ਨਾਕਆਊਟ ਵਿੱਚ ਮਿਸਰ ਅਤੇ ਇੰਗਲੈਂਡ ਨੂੰ ਹਰਾ ਕੇ ਵਾਪਸੀ ਕੀਤੀ ਸੀ, ਪਰ ਫਾਈਨਲ ਵਿੱਚ ਉਹ ਅਜਿਹਾ ਨਹੀਂ ਕਰ ਸਕੇ ਅਤੇ ਸਪੇਨ ਨੇ 16 ਸਾਲ ਬਾਅਦ, ਦੂਜੀ ਵਾਰ ਪੁਰਸ਼ ਵਰਲਡ ਕੱਪ ਜਿੱਤ ਲਿਆ।
ਇਸ ਜਿੱਤ ਦੇ ਨਾਲ ਸਪੇਨ ਇੱਕੋ ਸਮੇਂ ਪੁਰਸ਼ਾਂ ਅਤੇ ਮਹਿਲਾਵਾਂ ਦੇ ਵਰਲਡ ਚੈਂਪੀਅਨ ਬਣਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਅਰਜਨਟੀਨਾ ਦੀ ਹਾਰ ਦੇ 5 ਮੁੱਖ ਕਾਰਨ

ਤਸਵੀਰ ਸਰੋਤ, Paul ELLIS / AFP via Getty Images
1. ਲਿਓਨੇਲ ਮੇਸੀ 'ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰਤਾ
ਸਪੇਨ ਨੇ ਫਾਈਨਲ ਵਿੱਚ ਲਿਓਨੇਲ ਮੇਸੀ ਨੂੰ ਹੈਰਾਨੀਜਨਕ ਢੰਗ ਨਾਲ ਪੂਰੀ ਤਰ੍ਹਾਂ ਸ਼ਾਂਤ ਰੱਖਿਆ। ਅਰਜਨਟੀਨਾ ਦੇ ਕਪਤਾਨ, ਜਿਨ੍ਹਾਂ ਨੇ ਫਾਈਨਲ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਅੱਠ ਗੋਲ ਕੀਤੇ ਸਨ, ਇਸ ਮੈਚ ਵਿੱਚ ਗੋਲ ਨਹੀਂ ਕਰ ਸਕੇ।
ਇੰਨਾ ਹੀ ਨਹੀਂ, ਆਪਣੀ ਫੁਰਤੀ ਨਾਲ ਵਿਰੋਧੀ ਖਿਡਾਰੀਆਂ ਨੂੰ ਚਕਮਾ ਦੇਣ ਵਾਲੇ ਮੇਸੀ ਦੀ ਪਾਸਿੰਗ ਵੀ ਉਸ ਪੱਧਰ ਦੀ ਨਹੀਂ ਰਹੀ, ਜਿਸ ਲਈ ਉਹ ਜਾਣੇ ਜਾਂਦੇ ਹਨ।
ਜੇਕਰ ਇਹ ਮਹਾਨ ਲਿਓਨੇਲ ਮੇਸੀ ਦੇ ਵਰਲਡ ਕੱਪ ਕਰੀਅਰ ਦਾ ਆਖ਼ਰੀ ਮੁਕਾਬਲਾ ਸੀ, ਤਾਂ ਇਸ ਦਾ ਅੰਤ ਮੌਜੂਦਾ ਚੈਂਪੀਅਨ ਅਰਜਨਟੀਨਾ ਦੇ ਖ਼ਿਤਾਬ ਗੁਆਉਣ ਅਤੇ ਮੇਸੀ ਵੱਲੋਂ ਮੈਚ 'ਤੇ ਆਪਣਾ ਪ੍ਰਭਾਵ ਨਾ ਛੱਡ ਸਕਣ ਦੀ ਨਿਰਾਸ਼ਾ ਨਾਲ ਹੋਇਆ।
ਟੂਰਨਾਮੈਂਟ ਦੇ ਬਾਕੀ ਮੁਕਾਬਲਿਆਂ ਵਿੱਚ ਮੇਸੀ ਦਾ ਜਾਦੂ ਛਾਇਆ ਰਿਹਾ, ਪਰ ਫਾਈਨਲ ਵਿੱਚ ਸਪੇਨ ਨੇ ਮੇਸੀ 'ਤੇ ਸਖ਼ਤ ਨਿਗਰਾਨੀ ਰੱਖੀ। ਉਹ ਸਿਰਫ਼ ਇੱਕ ਹੀ ਸ਼ਾਟ ਲਗਾ ਸਕੇ ਅਤੇ ਉਹ ਵੀ ਗੋਲ ਦੇ ਨਿਸ਼ਾਨੇ 'ਤੇ ਨਹੀਂ ਸੀ।

ਤਸਵੀਰ ਸਰੋਤ, Carl Recine/Getty Images
2. ਡਿਫੈਂਸਿਵ ਮੋਡ ਵਿੱਚ ਟੀਮ
ਮੇਸੀ ਨੂੰ ਅਰਜਨਟੀਨਾ ਦੀ ਰਣਨੀਤੀ ਤੋਂ ਵੀ ਵੱਧ ਮਦਦ ਨਹੀਂ ਮਿਲੀ। ਟੀਮ ਨੇ ਆਪਣੇ ਹਮਲਾਵਰ ਖੇਡ 'ਤੇ ਭਰੋਸਾ ਕਰਨ ਦੀ ਬਜਾਏ ਸਪੇਨ ਦੇ ਖੇਡ ਨੂੰ ਰੋਕਣ ਅਤੇ ਉਨ੍ਹਾਂ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕੀਤੀ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਸਪੇਨ ਦੀ ਜਿੱਤ ਦਾ ਫ਼ਰਕ ਹੋਰ ਵੀ ਵੱਡਾ ਹੋ ਸਕਦਾ ਸੀ, ਕਿਉਂਕਿ ਟੀਮ ਨੇ ਕਈ ਆਸਾਨ ਮੌਕੇ ਗੁਆ ਦਿੱਤੇ। ਅਰਜਨਟੀਨਾ ਦੇ ਗੋਲਕੀਪਰ ਐਮੀਲਿਆਨੋ 'ਡੀਬੂ' ਮਾਰਟੀਨੇਜ਼ ਨੇ ਕਈ ਸ਼ਾਨਦਾਰ ਬਚਾਅ ਕੀਤੇ ਅਤੇ ਆਪਣੀ ਟੀਮ ਦੇ ਬੈਸਟ ਖਿਡਾਰੀ ਸਾਬਿਤ ਹੋਏ।
ਇਹ ਕਿਹਾ ਜਾ ਸਕਦਾ ਹੈ ਕਿ ਅਰਜਨਟੀਨਾ ਦੀ ਸਭ ਤੋਂ ਵੱਡੀ ਉਪਲੱਬਧੀ ਇਹੀ ਰਹੀ ਕਿ ਉਸ ਨੇ ਸਪੇਨ ਦੇ ਲਗਾਤਾਰ ਹਮਲਿਆਂ ਦਾ ਸਾਹਮਣਾ ਕਰਦਿਆਂ ਮੈਚ ਨੂੰ ਐਕਸਟਰਾ ਟਾਈਮ ਤੱਕ ਖਿੱਚ ਲਿਆ। ਖ਼ਾਸ ਕਰਕੇ 93ਵੇਂ ਮਿੰਟ ਵਿੱਚ ਐਂਜ਼ੋ ਫਰਨਾਂਡੀਜ਼ ਨੂੰ ਦੂਜਾ ਪੀਲਾ ਕਾਰਡ ਮਿਲਣ ਤੋਂ ਬਾਅਦ 10 ਖਿਡਾਰੀਆਂ ਨਾਲ ਖੇਡਦੇ ਹੋਏ ਨਿਰਧਾਰਿਤ ਸਮੇਂ ਤੱਕ ਬਰਾਬਰੀ ਬਣਾਈ ਰੱਖਣਾ ਆਸਾਨ ਨਹੀਂ ਸੀ।
ਮੈਚ ਦੇ ਆਖ਼ਰੀ ਪਲਾਂ ਵਿੱਚ ਅਰਜਨਟੀਨਾ ਕੋਲ ਜਿੱਤ ਖੋਹਣ ਦਾ ਵੀ ਮੌਕਾ ਸੀ। ਜੂਲਿਆਨੋ ਸਿਮੋਨੇ ਦੀ ਅਗਵਾਈ ਵਿੱਚ ਦੋ ਖ਼ਤਰਨਾਕ ਹਮਲੇ ਹੋਏ, ਪਰ ਜੇਕਰ ਫੁੱਟਬਾਲ ਵਿੱਚ ਵੀ ਕਿਸਮਤ ਹੁੰਦੀ ਹੈ, ਤਾਂ ਉਹ ਇਸ ਦਿਨ ਸਪੇਨ ਦੇ ਨਾਲ ਸੀ। ਇੱਕ ਮੌਕਾ ਕਾਰਨਰ ਵਿੱਚ ਬਦਲ ਗਿਆ, ਜਦਕਿ ਦੂਜਾ ਸ਼ਾਟ ਗੋਲਪੋਸਟ ਦੇ ਉੱਪਰੋਂ ਲੰਘ ਗਿਆ।
3. ਸਪੇਨ ਦੇ ਮਿਡਫ਼ੀਲਡ ਦਾ ਦਬਦਬਾ
ਪੂਰੇ ਟੂਰਨਾਮੈਂਟ ਵਿੱਚ ਸਪੇਨ ਦੇ ਮਿਡਫ਼ੀਲਡ ਨੇ ਖੇਡ ਦੀ ਰਫ਼ਤਾਰ ਨੂੰ ਆਪਣੇ ਮੁਤਾਬਕ ਕੰਟਰੋਲ ਵਿੱਚ ਰੱਖਿਆ ਅਤੇ ਵਿਰੋਧੀ ਟੀਮ ਨੂੰ ਲੰਬੇ ਸਮੇਂ ਤੱਕ ਗੇਂਦ ਆਪਣੇ ਕੋਲ ਰੱਖਣ ਦਾ ਮੌਕਾ ਨਹੀਂ ਦਿੱਤਾ।
ਸਪੇਨ ਆਪਣੀ ਤੇਜ਼ ਪਾਸਿੰਗ ਲਈ ਪਹਿਲਾਂ ਤੋਂ ਹੀ ਮਸ਼ਹੂਰ ਹੈ, ਪਰ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਗੇਂਦ ਖੋਹਣ ਅਤੇ ਦਬਾਅ ਬਣਾਉਣ ਦੀ ਸਮਰੱਥਾ ਵੀ ਉੱਨੀ ਹੀ ਪ੍ਰਭਾਵਸ਼ਾਲੀ ਰਹੀ।
ਖ਼ਿਤਾਬੀ ਮੁਕਾਬਲੇ ਵਿੱਚ ਸਪੇਨ ਦੇ ਖਿਡਾਰੀਆਂ ਨੇ ਮੈਦਾਨ 'ਤੇ ਜ਼ਿਆਦਾਤਰ ਸਮਾਂ ਗੇਂਦ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਅਤੇ ਅਰਜਨਟੀਨਾ ਨੂੰ ਲੈਅ ਹਾਸਲ ਨਹੀਂ ਕਰਨ ਦਿੱਤੀ।

ਤਸਵੀਰ ਸਰੋਤ, Lars Baron/Getty Images
4. ਇੱਕ ਖਿਡਾਰੀ ਦੀ ਕਮੀ
ਦੂਜੇ ਹਾਫ਼ ਦੇ ਇੰਜਰੀ ਟਾਈਮ ਦੇ ਤੀਜੇ ਮਿੰਟ ਵਿੱਚ ਐਂਜ਼ੋ ਫਰਨਾਂਡੀਜ਼ ਨੂੰ ਪਾਉ ਕੁਬਾਰਸੀ 'ਤੇ ਜਾਣਬੁੱਝ ਕੇ ਕੀਤੇ ਗਏ ਫਾਊਲ ਲਈ ਦੂਜਾ ਪੀਲਾ ਕਾਰਡ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ ਮੈਦਾਨ ਛੱਡਣਾ ਪਿਆ। ਇਸ ਤੋਂ ਬਾਅਦ ਅਰਜਨਟੀਨਾ ਦੀ ਟੀਮ ਨੂੰ 10 ਖਿਡਾਰੀਆਂ ਨਾਲ ਸਪੇਨ ਦਾ ਸਾਹਮਣਾ ਕਰਨਾ ਪਿਆ।
10 ਖਿਡਾਰੀਆਂ ਨਾਲ ਖੇਡਣਾ ਕਿਸੇ ਵੀ ਟੀਮ ਲਈ ਮੁਸ਼ਕਿਲ ਹੁੰਦਾ ਹੈ, ਖ਼ਾਸ ਕਰਕੇ ਅਜਿਹੀ ਸਪੈਨਿਸ਼ ਟੀਮ ਦੇ ਖ਼ਿਲਾਫ਼ ਜਿਸ ਨੇ ਪੂਰੇ ਟੂਰਨਾਮੈਂਟ ਵਿੱਚ ਸਿਰਫ਼ ਇੱਕ ਗੋਲ ਖਾਧਾ ਸੀ।
ਐਕਸਟਰਾ ਟਾਈਮ ਦੇ ਦੂਜੇ ਹਾਫ਼ ਵਿੱਚ ਛੇ ਮਿੰਟ ਬੀਤਣ ਤੋਂ ਬਾਅਦ ਸਪੇਨ ਨੇ ਆਪਣੇ ਕੋਲ ਇੱਕ ਵਾਧੂ ਖਿਡਾਰੀ ਹੋਣ ਦਾ ਫ਼ਾਇਦਾ ਚੁੱਕਿਆ ਅਤੇ ਫੇਰਾਨ ਟੋਰੇਸ ਅਜਿਹੀ ਜਗ੍ਹਾ ਮੌਜੂਦ ਸਨ, ਜਿੱਥੋਂ ਉਨ੍ਹਾਂ ਨੂੰ ਗੇਂਦ ਨੂੰ ਗੋਲ ਤੱਕ ਪਹੁੰਚਾਉਣ ਵਿੱਚ ਕੋਈ ਦਿੱਕਤ ਨਹੀਂ ਹੋਈ।
ਇਸ ਤੋਂ ਇਲਾਵਾ, ਪਹਿਲੇ ਹਾਫ਼ ਦੇ ਅੰਤ ਵਿੱਚ ਸੱਟ ਲੱਗਣ ਕਾਰਨ ਮਾਰਟੀਨੇਜ਼ ਨੂੰ ਮੈਦਾਨ ਛੱਡਣਾ ਪਿਆ ਸੀ। ਇਸ ਤੋਂ ਬਾਅਦ ਕੋਚ ਲਿਓਨੇਲ ਸਕਾਲੋਨੀ ਨੂੰ ਤਜਰਬੇਕਾਰ ਡਿਫੈਂਡਰ ਨਿਕੋਲਾਸ ਓਟਾਮੈਂਡੀ ਨੂੰ ਮੈਦਾਨ ਵਿੱਚ ਉਤਾਰਨਾ ਪਿਆ, ਜਿਨ੍ਹਾਂ ਨੂੰ ਪੂਰੇ ਟੂਰਨਾਮੈਂਟ ਵਿੱਚ ਸਿਰਫ਼ ਇੱਕ ਮੈਚ ਖੇਡਣ ਦਾ ਮੌਕਾ ਮਿਲਿਆ ਸੀ ਅਤੇ ਉਹ ਵੀ ਗਰੁੱਪ ਪੜਾਅ ਵਿੱਚ।

ਤਸਵੀਰ ਸਰੋਤ, David Ramos/Getty Images
5. ਸਪੇਨ ਨੇ ਦਿਖਾਈ ਟੀਮ ਦੀ ਤਾਕਤ
ਇਹ ਸਹੀ ਹੈ ਕਿ ਸਪੇਨ ਕੋਲ ਕਿਲੀਅਨ ਐਮਬਾਪੇ, ਲਿਓਨੇਲ ਮੇਸੀ ਜਾਂ ਕ੍ਰਿਸਟੀਆਨੋ ਰੋਨਾਲਡੋ ਵਰਗੇ ਸੁਪਰਸਟਾਰ ਨਹੀਂ ਹਨ, ਪਰ ਉਸ ਕੋਲ ਅਜਿਹੀ ਟੀਮ ਹੈ ਜੋ ਇੱਕ ਬਿਹਤਰੀਨ ਮਸ਼ੀਨ ਵਾਂਗ ਮਿਲ ਕੇ ਖੇਡਦੀ ਹੈ।
ਮਿਕੇਲ ਓਯਾਰਜ਼ਾਬਾਲ ਦੇ ਪੰਜ ਗੋਲ, ਰੋਡਰੀ ਅਤੇ ਪੇਡਰੀ ਦੀ ਸ਼ਾਨਦਾਰ ਪਲੇਮੇਕਿੰਗ, ਮਾਰਕ ਕੁਕੁਰੇਆ ਦਾ ਦਮਖਮ ਅਤੇ ਮਿਕੇਲ ਮੇਰੀਨੋ ਦਾ ਬੈਂਚ ਤੋਂ ਆ ਕੇ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ - ਇਸ ਪੂਰੀ ਟੀਮ ਵਿੱਚ ਕਿਸੇ ਇੱਕ ਖਿਡਾਰੀ ਨੂੰ ਸਭ ਤੋਂ ਵੱਖਰਾ ਦੱਸਣਾ ਮੁਸ਼ਕਿਲ ਹੈ। ਇਹ ਇੱਕ ਅਜਿਹੇ ਆਰਕੈਸਟਰਾ ਵਾਂਗ ਹੈ, ਜਿਸ ਵਿੱਚ ਹਰ ਖਿਡਾਰੀ ਆਪਣੀ ਭੂਮਿਕਾ ਬੇਹਤਰੀਨ ਢੰਗ ਨਾਲ ਨਿਭਾਉਂਦਾ ਹੈ।
ਇਸ ਸਫ਼ਲਤਾ ਦਾ ਵੱਡਾ ਸਿਹਰਾ ਮੁੱਖ ਕੋਚ ਲੁਈਸ ਦੇ ਲਾ ਫੁਏਂਤੇ ਨੂੰ ਵੀ ਜਾਂਦਾ ਹੈ। ਭਾਵੇਂ ਉਹ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹਿਣ ਵਾਲੇ ਕੋਚ ਨਾ ਹੋਣ, ਪਰ ਉਨ੍ਹਾਂ ਨੇ ਸਪੇਨ ਦੀ ਟੀਮ ਨੂੰ ਸੰਵਾਰਿਆ, ਇੱਕਜੁਟ ਕੀਤਾ ਅਤੇ ਉਸ ਨੂੰ ਮੁੜ ਵਿਸ਼ਵ ਫੁੱਟਬਾਲ ਦੇ ਸਿਖਰ 'ਤੇ ਪਹੁੰਚਾਇਆ।
ਦੇ ਲਾ ਫੁਏਂਤੇ ਨੇ ਸਾਲ 2022 ਵਿੱਚ ਸਪੇਨ ਦੀ ਰਾਸ਼ਟਰੀ ਟੀਮ ਦੀ ਕਮਾਨ ਸੰਭਾਲੀ ਸੀ। ਉਸੇ ਸਾਲ ਕਤਰ ਵਿੱਚ ਹੋਏ ਵਰਲਡ ਕੱਪ ਵਿੱਚ ਸਪੇਨ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਮੋਰੱਕੋ ਦੇ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜੋ ਟੀਮ ਲਈ ਇੱਕ ਵੱਡਾ ਝਟਕਾ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















