ਗਰਭ ਅਵਸਥਾ ਦੀ ਮਿਆਦ 10 ਦਿਨ ਵਧਾ ਕੇ ਇਸ ਜਾਨਲੇਵਾ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਹੈ

    • ਲੇਖਕ, ਕੇਟ ਬੋਵੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

"ਇਸ ਇਲਾਜ ਤੋਂ ਬਿਨਾਂ, ਮੇਰਾ ਮੰਨਣਾ ਹੈ ਕਿ ਉਹ ਪਹਿਲਾਂ ਹੀ ਪੈਦਾ ਹੋ ਜਾਂਦਾ ਅਤੇ ਉਸ ਲਈ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਕਾਫ਼ੀ ਮੁਸ਼ਕਲ ਹੋ ਸਕਦਾ ਸੀ।"

ਇਹ ਸ਼ਬਦ ਹਨ 38 ਸਾਲਾ ਮਾਰੀਆ ਪੈਟਜ਼ਵਾਲਡ ਦੇ ਜਿਨ੍ਹਾਂ ਨੂੰ ਗਰਭ ਅਵਸਥਾ ਦੇ 32ਵੇਂ ਹਫ਼ਤੇ ਵਿੱਚ ਪ੍ਰੀ-ਇਕਲੈਂਪਸੀਆ ਹੋਣ ਦਾ ਪਤਾਾ ਲੱਗਿਆ।

ਜਦੋਂ 38 ਸਾਲਾ ਮਾਰੀਆ ਆਪਣੇ ਦੂਜੇ ਬੱਚੇ ਨਾਲ ਗਰਭਵਤੀ ਹੋਈ ਤਾਂ ਸ਼ੁਰੂ ਵਿੱਚ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਸੀ। ਉਹ ਬੀਬੀਸੀ ਵਰਲਡ ਸਰਵਿਸ ਨੂੰ ਦੱਸਦੀ ਹੈ, "ਸਭ ਕੁਝ ਠੀਕ ਸੀ।"

ਫਿਰ, ਗਰਭ ਅਵਸਥਾ ਦੇ 32ਵੇਂ ਹਫ਼ਤੇ ਵਿੱਚ ਮਾਰੀਆ ਨੂੰ ਪ੍ਰੀ-ਇਕਲੈਂਪਸੀਆ ਦੀ ਪਛਾਣ ਹੋਈ। ਇਹ ਇੱਕ ਸੰਭਾਵਿਤ ਤੌਰ 'ਤੇ ਜਾਨਲੇਵਾ ਪੇਚੀਦਗੀ ਹੈ, ਜਿਸ ਵਿੱਚ ਬਲੱਡ ਪ੍ਰੈਸ਼ਰ ਬਹੁਤ ਵੱਧ ਜਾਂਦਾ ਹੈ।

ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਬੱਚੇ ਦੇ ਜਨਮ ਤੱਕ ਉਸ ਨੂੰ ਹਸਪਤਾਲ ਵਿੱਚ ਰਹਿਣਾ ਪਵੇਗਾ।

ਜਦੋਂ ਮਾਰੀਆ ਆਪਣੇ ਪੁੱਤਰ ਦੇ ਜਨਮ ਦੀ ਉਡੀਕ ਕਰ ਰਹੀ ਸੀ, ਉਨ੍ਹਾਂ ਨੂੰ 16 ਔਰਤਾਂ ਵਿੱਚ ਸ਼ਾਮਲ ਕੀਤਾ ਗਿਆ, ਜੋ ਇੱਕ ਨਵੀਂ ਅਤੇ ਪ੍ਰਯੋਗਾਤਮਕ ਤਕਨੀਕ ਦੇ ਟ੍ਰਾਇਲ ਵਿੱਚ ਹਿੱਸਾ ਲੈ ਰਹੀਆਂ ਸਨ।

ਵਿਗਿਆਨੀਆਂ ਨੂੰ ਉਮੀਦ ਹੈ ਕਿ ਇਹ ਤਕਨੀਕ ਪਹਿਲੀ ਵਾਰ ਇਸ ਬਿਮਾਰੀ ਦੀ ਮੂਲ ਵਜ੍ਹਾ ਨੂੰ ਨਿਸ਼ਾਨਾ ਬਣਾ ਕੇ ਇਲਾਜ ਕਰਨ ਵਿੱਚ ਮਦਦ ਕਰ ਸਕਦੀ ਹੈ।

ਪ੍ਰੀ-ਇਕਲੈਂਪਸੀਆ ਦੁਨੀਆ ਭਰ ਵਿੱਚ ਹਰ ਸਾਲ 70,000 ਤੋਂ ਵੱਧ ਮਾਵਾਂ ਅਤੇ 5 ਲੱਖ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ, ਬਲੱਡ ਪ੍ਰੈਸ਼ਰ ਨਾਲ ਜੁੜੀਆਂ ਹੋਰ ਗੰਭੀਰ ਸਮੱਸਿਆਵਾਂ ਵੀ ਜਾਨਲੇਵਾ ਹੋ ਸਕਦੀਆਂ ਹਨ।

ਇੰਨੀ ਆਮ ਸਮੱਸਿਆ ਹੋਣ ਦੇ ਬਾਵਜੂਦ, ਇਸ ਦੇ ਇਲਾਜ ਵਿੱਚ ਦਹਾਕਿਆਂ ਤੋਂ ਕੋਈ ਵੱਡਾ ਬਦਲਾਅ ਨਹੀਂ ਆਇਆ। ਡਾਕਟਰ ਇਸ ਬਿਮਾਰੀ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਇਸ ਨੂੰ ਪੂਰੀ ਤਰ੍ਹਾਂ ਰੋਕ ਨਹੀਂ ਸਕਦੇ। ਇਸ ਸਮੇਂ ਇਸ ਦਾ ਇਕੋ-ਇੱਕ ਪੱਕਾ ਇਲਾਜ ਬੱਚੇ ਦਾ ਜਨਮ ਕਰਵਾਉਣਾ ਹੀ ਮੰਨਿਆ ਜਾਂਦਾ ਹੈ।

ਇਸ ਸ਼ੁਰੂਆਤੀ ਪੜਾਅ ਦੇ ਟ੍ਰਾਇਲ ਵਿੱਚ ਅਮਰੀਕੀ ਵਿਗਿਆਨੀਆਂ ਨੇ ਇੱਕ ਖ਼ਾਸ ਪ੍ਰੋਟੀਨ ਨੂੰ ਨਿਸ਼ਾਨਾ ਬਣਾਇਆ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਪ੍ਰੀ-ਇਕਲੈਂਪਸੀਆ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਵਿਗਿਆਨੀ ਇਹ ਦੇਖਣਾ ਚਾਹੁੰਦੇ ਸਨ ਕਿ ਜੇ ਮਾਂ ਦੇ ਖੂਨ ਵਿੱਚੋਂ ਇਸ ਪ੍ਰੋਟੀਨ ਨੂੰ ਸਰੀਰਕ ਤਰੀਕੇ ਨਾਲ ਹਟਾਇਆ ਜਾਵੇ ਤਾਂ ਕੀ ਮਾਂ ਦੀ ਹਾਲਤ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਕੀ ਗਰਭ ਅਵਸਥਾ ਨੂੰ ਸੁਰੱਖਿਅਤ ਢੰਗ ਨਾਲ ਹੋਰ ਕੁਝ ਸਮੇਂ ਲਈ ਵਧਾਇਆ ਜਾ ਸਕਦਾ ਹੈ।

ਖੋਜਕਾਰਾਂ ਨੇ ਪਾਇਆ ਕਿ ਸਮੇਂ ਤੋਂ ਪਹਿਲਾਂ ਹੋਣ ਵਾਲੇ ਗੰਭੀਰ ਪ੍ਰੀ-ਇਕਲੈਂਪਸੀਆ ਨਾਲ ਪੀੜਤ 16 ਔਰਤਾਂ ਦੀ ਗਰਭ ਅਵਸਥਾ ਔਸਤਨ 10 ਦਿਨ ਹੋਰ ਵਧ ਗਈ।

ਇਸ ਦੌਰਾਨ ਨਾ ਤਾਂ ਮਾਵਾਂ ਅਤੇ ਨਾ ਹੀ ਉਨ੍ਹਾਂ ਦੇ ਬੱਚਿਆਂ ਦੀ ਸਿਹਤ 'ਤੇ ਕੋਈ ਨਕਾਰਾਤਮਕ ਅਸਰ ਪਿਆ। ਇਹ ਨਤੀਜੇ ਨੇਚਰ ਮੈਡੀਸਨ ਜਰਨਲ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।

ਮਾਰੀਆ ਲਈ ਇਸ ਦਾ ਮਤਲਬ ਸੀ ਕਿ ਉਸ ਦਾ ਪੁੱਤਰ ਬੈਨੇਟ ਗਰਭ ਅਵਸਥਾ ਦੇ 34ਵੇਂ ਹਫ਼ਤੇ ਵਿੱਚ ਪੈਦਾ ਹੋਇਆ। ਇਹ ਗਰਭ ਅਵਸਥਾ ਦਾ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਜਨਮੇ ਸਮੇਂ ਤੋਂ ਪਹਿਲਾਂ ਦੇ ਬੱਚਿਆਂ ਦੇ ਬਚਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ।

ਖੂਨ ਨੂੰ ਫਿਲਟਰ ਕਰਨ ਵਾਲੀ ਥੈਰੇਪੀ

ਹਾਲਾਂਕਿ ਵਿਗਿਆਨੀ ਅਜੇ ਪੂਰੀ ਤਰ੍ਹਾਂ ਯਕੀਨੀ ਨਹੀਂ ਹਨ, ਪਰ ਖੋਜਾਂ ਤੋਂ ਸੰਕੇਤ ਮਿਲਦੇ ਹਨ ਕਿ ਪ੍ਰੀ-ਇਕਲੈਂਪਸੀਆ ਉਦੋਂ ਹੁੰਦਾ ਹੈ ਜਦੋਂ ਪਲੇਸੈਂਟਾ ਸਹੀ ਢੰਗ ਨਾਲ ਵਿਕਸਤ ਨਹੀਂ ਹੁੰਦਾ। ਇਸ ਕਾਰਨ ਖੂਨ ਦਾ ਵਹਾਅ ਬਦਲ ਜਾਂਦਾ ਹੈ ਅਤੇ ਮਾਂ ਦੇ ਸਰੀਰ ਦੀ ਬਲੱਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਨ ਵਾਲੀ ਕੁਦਰਤੀ ਪ੍ਰਣਾਲੀ ਪ੍ਰਭਾਵਿਤ ਹੋ ਜਾਂਦੀ ਹੈ।

ਇਸ ਨਾਲ ਪੈਦਾ ਹੋਣ ਵਾਲਾ ਉੱਚ ਬਲੱਡ ਪ੍ਰੈਸ਼ਰ ਦਿਮਾਗੀ ਦੌਰੇ (ਸਟ੍ਰੋਕ) ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇਹ ਸਮੱਸਿਆ ਆਮ ਤੌਰ 'ਤੇ ਗਰਭ ਅਵਸਥਾ ਦੇ 20ਵੇਂ ਹਫ਼ਤੇ ਤੋਂ ਬਾਅਦ ਜਾਂ ਬੱਚੇ ਦੇ ਜਨਮ ਤੋਂ ਕੁਝ ਸਮੇਂ ਬਾਅਦ ਵਿਕਸਤ ਹੁੰਦੀ ਹੈ। ਇਸ ਦੀ ਪਛਾਣ ਨਿਯਮਿਤ ਗਰਭ ਜਾਂਚ ਦੌਰਾਨ ਬਲੱਡ ਪ੍ਰੈਸ਼ਰ ਅਤੇ ਪਿਸ਼ਾਬ ਦੀ ਜਾਂਚ ਰਾਹੀਂ ਕੀਤੀ ਜਾ ਸਕਦੀ ਹੈ।

ਇਸ ਦੇ ਹੋਰ ਲੱਛਣਾਂ ਵਿੱਚ ਸ਼ਾਮਲ ਹਨ:

  • ਤੇਜ਼ ਸਿਰਦਰਦ ਜੋ ਆਮ ਦਰਦ-ਨਿਵਾਰਕ ਦਵਾਈ ਨਾਲ ਠੀਕ ਨਾ ਹੋਵੇ,
  • ਨਜ਼ਰ ਧੁੰਦਲੀ ਹੋਣਾ ਜਾਂ ਹੋਰ ਨਜ਼ਰ ਦੀਆਂ ਸਮੱਸਿਆਵਾਂ,
  • ਪੱਸਲੀਆਂ ਦੇ ਹੇਠਾਂ ਦਰਦ,
  • ਚਿਹਰੇ, ਹੱਥਾਂ ਜਾਂ ਪੈਰਾਂ ਵਿੱਚ ਅਚਾਨਕ ਸੋਜ,
  • ਸੀਨੇ ਦੀ ਜਲਣ ਜੋ ਦਵਾਈ ਨਾਲ ਵੀ ਠੀਕ ਨਾ ਹੋਵੇ,
  • ਅਤੇ ਉਲਟੀਆਂ।

ਇਹ ਟ੍ਰਾਇਲ ਅਮਰੀਕਾ ਦੇ ਸੇਡਰਜ਼-ਸਿਨਾਈ ਮੈਡੀਕਲ ਸੈਂਟਰ ਦੀ ਟੀਮ ਨੇ ਪ੍ਰੋਫੈਸਰ ਰਵੀ ਥਾਧਾਨੀ ਅਤੇ ਪ੍ਰੋਫੈਸਰ ਅਨੰਤ ਕਰੁਮਾਂਚੀਮ ਦੀ ਅਗਵਾਈ ਹੇਠ ਕੀਤਾ।

ਇਸ ਵਿੱਚ ਮਰੀਜ਼ਾਂ ਦਾ ਖੂਨ ਸਰੀਰ ਵਿੱਚੋਂ ਕੱਢ ਕੇ ਉਸ ਵਿੱਚੋਂ sFlt-1 ਨਾਮਕ ਪ੍ਰੋਟੀਨ ਨੂੰ ਫਿਲਟਰ ਕੀਤਾ ਗਿਆ, ਜਿਸ ਨੂੰ ਵਿਗਿਆਨੀ ਇਸ ਬਿਮਾਰੀ ਦਾ ਇੱਕ ਮੁੱਖ ਕਾਰਨ ਮੰਨਦੇ ਹਨ। ਇਸ ਤੋਂ ਬਾਅਦ ਫਿਲਟਰ ਕੀਤਾ ਖੂਨ ਮੁੜ ਸਰੀਰ ਵਿੱਚ ਪਹੁੰਚਾਇਆ ਗਿਆ। ਇਹ ਪ੍ਰਕਿਰਿਆ ਗੁਰਦੇ ਦੀ ਡਾਇਲਿਸਿਸ ਵਰਗੀ ਹੈ।

ਮੌਜੂਦਾ ਸਮੇਂ ਵਿੱਚ ਪ੍ਰੀ-ਇਕਲੈਂਪਸੀਆ ਨਾਲ ਪੀੜਤ ਔਰਤਾਂ ਨੂੰ ਦੌਰੇ ਰੋਕਣ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ, ਪਰ ਇਸ ਬਿਮਾਰੀ ਦਾ ਪੱਕਾ ਇਲਾਜ ਅਜੇ ਵੀ ਬੱਚੇ ਦਾ ਜਨਮ ਕਰਵਾਉਣਾ ਹੀ ਹੈ।

ਹਾਲਾਂਕਿ, ਸਮੇਂ ਤੋਂ ਪਹਿਲਾਂ ਜਨਮ ਬੱਚੇ ਲਈ ਕਈ ਸਿਹਤ ਖ਼ਤਰੇ ਪੈਦਾ ਕਰ ਸਕਦਾ ਹੈ।

ਜਰਮਨੀ ਦੀ ਮਾਰੀਆ ਵਰਗੀਆਂ ਕੁਝ ਭਾਗੀਦਾਰ ਔਰਤਾਂ ਨੇ ਇਸ ਟ੍ਰਾਇਲ ਦੌਰਾਨ ਕਈ ਵਾਰ ਇਹ ਇਲਾਜ ਕਰਵਾਇਆ। ਇਸ ਇਲਾਜ ਨੇ ਉਸ ਦੇ ਬੱਚੇ ਨੂੰ ਗਰਭ ਵਿੱਚ ਵਿਕਾਸ ਕਰਨ ਲਈ ਦੋ ਹਫ਼ਤਿਆਂ ਦਾ ਬਹੁਤ ਮਹੱਤਵਪੂਰਨ ਵਾਧੂ ਸਮਾਂ ਦਿੱਤਾ।

ਉਹ ਕਹਿੰਦੀ ਹੈ, "ਜੇ ਕੋਈ ਬੱਚਾ 34ਵੇਂ ਹਫ਼ਤੇ ਜਾਂ ਇਸ ਤੋਂ ਬਾਅਦ ਪੈਦਾ ਹੁੰਦਾ ਹੈ, ਤਾਂ ਉਸ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਜਾਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਭਾਵ ਹੋਣ ਦੀ ਸੰਭਾਵਨਾ ਬਹੁਤ, ਬਹੁਤ ਘੱਟ ਹੁੰਦੀ ਹੈ। ਇਹ ਮੇਰੇ ਲਈ ਬਹੁਤ ਵੱਡੀ ਰਾਹਤ ਸੀ।"

ਅਧਿਐਨ ਦੇ ਲੇਖਕ ਦਾ ਮੰਨਣਾ ਹੈ ਕਿ ਇਹ ਇਲਾਜ ਗਰਭ ਅਵਸਥਾ ਨੂੰ ਇਸ ਤੋਂ ਵੀ ਵੱਧ ਸਮੇਂ ਲਈ ਵਧਾਉਣ ਦੀ ਸਮਰੱਥਾ ਰੱਖਦਾ ਹੈ।

ਥਾਧਾਨੀ ਕਹਿੰਦੇ ਹਨ, "ਸਾਡਾ ਮਕਸਦ ਅਸਲ ਵਿੱਚ ਇਲਾਜ ਕਾਫ਼ੀ ਪਹਿਲਾਂ ਸ਼ੁਰੂ ਕਰਨਾ ਅਤੇ ਹੋਰ ਵੱਧ ਸੈਸ਼ਨ ਕਰਨਾ ਹੈ... ਜੇ ਅਸੀਂ ਪਹਿਲਾਂ ਸ਼ੁਰੂ ਕਰੀਏ, ਤਾਂ ਸੰਭਾਵਨਾ ਹੈ ਕਿ ਅਸੀਂ ਗਰਭ ਅਵਸਥਾ ਨੂੰ ਕਈ ਹਫ਼ਤਿਆਂ ਤੱਕ ਵਧਾ ਸਕੀਏ।"

'ਸਭ ਤੋਂ ਵੱਡਾ ਅਣਜਾਣ ਸਵਾਲ'

ਲੰਡਨ ਦੇ ਸੇਂਟ ਜਾਰਜ ਹਸਪਤਾਲ ਦੀ ਪ੍ਰਸੂਤੀ ਰੋਗ ਮਾਹਿਰ ਪ੍ਰੋਫੈਸਰ ਅਸਮਾ ਖਲੀਲ ਕਹਿੰਦੀ ਹੈ, "ਇਹ ਸ਼ੁਰੂਆਤੀ ਪੜਾਅ ਦਾ ਬਹੁਤ ਹੀ ਰੋਮਾਂਚਕ ਅਧਿਐਨ ਹੈ।"

ਉਹ ਕਹਿੰਦੀ ਹੈ ਕਿ ਅਜਿਹਾ ਇਲਾਜ, ਜੋ ਇਸ ਬਿਮਾਰੀ ਦੇ ਜੀਵ-ਵਿਗਿਆਨਕ ਕਾਰਨ ਨੂੰ ਨਿਸ਼ਾਨਾ ਬਣਾ ਸਕੇ, "ਖ਼ਾਸ ਤੌਰ 'ਤੇ ਆਸ਼ਾਵਾਦੀ" ਹੈ।

ਉਹ ਦੱਸਦੀ ਹੈ, "ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਗੰਭੀਰ ਪ੍ਰੀ-ਇਕਲੈਂਪਸੀਆ ਹੋ ਜਾਂਦੀ ਹੈ, ਉਨ੍ਹਾਂ ਲਈ ਸੁਰੱਖਿਅਤ ਢੰਗ ਨਾਲ ਕੁਝ ਵਾਧੂ ਦਿਨ ਵੀ ਮਿਲ ਜਾਣਾ ਬੱਚੇ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ।"

ਹਾਲਾਂਕਿ, ਉਹ ਇਹ ਵੀ ਕਹਿੰਦੀ ਹੈ ਕਿ ਇਸ ਲਈ ਕਾਫ਼ੀ ਵੱਡੇ ਪੱਧਰ 'ਤੇ ਰੈਂਡਮਾਈਜ਼ਡ ਟ੍ਰਾਇਲਾਂ ਦੀ ਲੋੜ ਹੈ।

ਪ੍ਰੀ-ਇਕਲੈਂਪਸੀਆ ਬਾਰੇ ਕੰਮ ਕਰਨ ਵਾਲੀ ਸੰਸਥਾ ਐਕਸ਼ਨ ਆਨ ਪ੍ਰੀ-ਇਕਲੈਂਪਸੀਆ ਦੇ ਚੇਅਰਮੈਨ ਅਤੇ ਕਿੰਗਜ਼ ਕਾਲਜ ਲੰਡਨ ਵਿੱਚ ਮਾਂ ਅਤੇ ਗਰਭ ਵਿੱਚ ਸ਼ਿਸ਼ੂ ਦੀ ਸਿਹਤ ਦੇ ਪ੍ਰੋਫੈਸਰ ਐਂਡਰੂ ਸ਼ੇਨਨ ਕਹਿੰਦੇ ਹਨ ਕਿ ਭਾਵੇਂ ਇਹ ਤਰੀਕਾ ਬਹੁਤ ਚਤੁਰਾਈ ਭਰਿਆ ਹੈ, ਪਰ ਖੂਨ ਨੂੰ ਫਿਲਟਰ ਕਰਨ ਦੀ ਇਹ ਪ੍ਰਕਿਰਿਆ ਮਾਵਾਂ ਅਤੇ ਬੱਚਿਆਂ ਲਈ ਅਸਲ ਵਿੱਚ ਕਿੰਨੀ ਸੁਰੱਖਿਅਤ ਹੈ, ਇਹ ਅਜੇ ਵੀ "ਸਭ ਤੋਂ ਵੱਡਾ ਅਣਜਾਣ ਸਵਾਲ" ਹੈ, ਕਿਉਂਕਿ ਇਹ ਟ੍ਰਾਇਲ ਬਹੁਤ ਛੋਟੇ ਪੱਧਰ 'ਤੇ ਕੀਤਾ ਗਿਆ ਸੀ।

ਉਹ ਕਹਿੰਦੇ ਹਨ ਕਿ ਪ੍ਰੀ-ਇਕਲੈਂਪਸੀਆ ਕਾਰਨ ਮਰਨ ਵਾਲੀਆਂ ਜ਼ਿਆਦਾਤਰ ਔਰਤਾਂ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਰਹਿੰਦੀਆਂ ਹਨ, ਜਿੱਥੇ ਸਿਹਤ ਸੇਵਾਵਾਂ ਤੱਕ ਪਹੁੰਚ ਸੀਮਤ ਹੈ।

ਉਨ੍ਹਾਂ ਦੇ ਮੁਤਾਬਕ, ਇਨ੍ਹਾਂ ਔਰਤਾਂ ਨੂੰ "ਕਾਫ਼ੀ ਤਕਨੀਕੀ" ਖੂਨ ਫਿਲਟਰ ਕਰਨ ਵਾਲੀ ਤਕਨੀਕ ਦਾ ਲਾਭ ਮਿਲਣਾ ਮੁਸ਼ਕਲ ਹੋ ਸਕਦਾ ਹੈ, ਜਦਕਿ ਪਹਿਲਾਂ ਤੋਂ ਉਪਲਬਧ ਇਲਾਜਾਂ ਰਾਹੀਂ ਹੀ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

ਉਹ ਜ਼ੋਰ ਦੇ ਕੇ ਕਹਿੰਦੇ ਹਨ, "ਜੇ ਅਸੀਂ ਕੁਝ ਬੁਨਿਆਦੀ ਕੰਮ ਹੋਰ ਵਧੀਆ ਢੰਗ ਨਾਲ ਕਰੀਏ, ਤਾਂ ਸਾਡੇ ਕੋਲ ਕੱਲ੍ਹ ਤੋਂ ਹੀ ਹਾਲਾਤ ਬਦਲਣ ਦੀ ਤਕਨੀਕ ਮੌਜੂਦ ਹੈ।"

ਪਰ ਥਾਧਾਨੀ ਦਾ ਕਹਿਣਾ ਹੈ ਕਿ ਖੂਨ ਨੂੰ ਫਿਲਟਰ ਕਰਨ ਲਈ ਲੋੜੀਂਦਾ ਉਪਕਰਣ ਗੁਰਦੇ ਦੀ ਡਾਇਲਿਸਿਸ ਮਸ਼ੀਨ ਨਾਲ ਬਹੁਤ ਮਿਲਦਾ-ਜੁਲਦਾ ਹੈ। ਉਹ ਕਹਿੰਦੇ ਹਨ ਕਿ ਘੱਟ ਸਰੋਤਾਂ ਵਾਲੇ ਕਲੀਨਿਕਾਂ ਵਿੱਚ ਵੀ ਇਨ੍ਹਾਂ ਮਸ਼ੀਨਾਂ ਨੂੰ ਬਦਲ ਕੇ ਪ੍ਰੀ-ਇਕਲੈਂਪਸੀਆ ਦੇ ਇਲਾਜ ਲਈ ਵਰਤਣਾ "ਪੂਰੀ ਤਰ੍ਹਾਂ ਸੰਭਵ" ਹੈ।

'ਇਹ ਅਜਿਹੀ ਚੀਜ਼ ਹੈ ਜਿਸ 'ਤੇ ਮੈਨੂੰ ਮਾਣ ਹੋ ਸਕਦਾ ਹੈ'

ਥਾਧਾਨੀ ਕਹਿੰਦੇ ਹਨ ਕਿ ਇਸ ਇਲਾਜ ਬਾਰੇ ਇੱਕ ਵੱਡੇ ਪੱਧਰ ਦਾ ਅਧਿਐਨ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਵਾਲਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਅਗਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਕਲੀਨਿਕਾਂ ਵਿੱਚ ਉਪਲਬਧ ਹੋ ਸਕਦਾ ਹੈ।

ਉਹ ਅੱਗੇ ਕਹਿੰਦੇ ਹਨ, "ਅਸੀਂ ਅੱਜ ਇੱਥੇ ਉਨ੍ਹਾਂ ਬਹਾਦਰ ਔਰਤਾਂ ਤੋਂ ਬਿਨਾਂ ਨਹੀਂ ਹੁੰਦੇ, ਜਿਨ੍ਹਾਂ ਨੇ ਇਸ ਟ੍ਰਾਇਲ ਵਿੱਚ ਹਿੱਸਾ ਲੈਣ ਲਈ ਸਹਿਮਤੀ ਦਿੱਤੀ... ਇਸ ਕਹਾਣੀ ਦੀਆਂ ਅਸਲ ਨਾਇਕ ਉਹ ਹੀ ਹਨ, ਇਸ ਵਿੱਚ ਕੋਈ ਸ਼ੱਕ ਨਹੀਂ।"

ਮਾਰੀਆ ਕਹਿੰਦੀ ਹੈ ਕਿ ਇਹ ਸੋਚਣਾ "ਥੋੜ੍ਹਾ ਹੈਰਾਨ ਕਰਨ ਵਾਲਾ" ਹੈ ਕਿ ਜਿਸ ਛੋਟੇ ਜਿਹੇ ਅਧਿਐਨ ਵਿੱਚ ਉਸ ਨੇ ਹਿੱਸਾ ਲਿਆ ਸੀ, ਉਹ ਮਾਵਾਂ ਅਤੇ ਬੱਚਿਆਂ ਦੀ ਮਦਦ ਕਰ ਸਕਦਾ ਹੈ, ਕਿਉਂਕਿ ਉਸ ਸਮੇਂ ਉਹ ਸਿਰਫ਼ ਇਸ ਮੌਕੇ ਲਈ ਧੰਨਵਾਦੀ ਸੀ।

ਉਹ ਕਹਿੰਦੀ ਹੈ, "ਕੁਝ ਦਿਨ ਪਹਿਲਾਂ ਮੈਂ ਇੱਕ ਮਾਵਾਂ ਦੇ ਸਮੂਹ ਨਾਲ ਇਸ ਬਾਰੇ ਗੱਲ ਕੀਤੀ ਅਤੇ ਉਨ੍ਹਾਂ ਨੇ ਇਸ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਹਿੰਮਤ ਦਿਖਾਉਣ ਅਤੇ ਬੱਚਿਆਂ ਤੇ ਮਾਵਾਂ ਦੇ ਬਚਣ ਦੀਆਂ ਸੰਭਾਵਨਾਵਾਂ ਵਧਾਉਣ ਵਿੱਚ ਮਦਦ ਕਰਨ ਲਈ ਮੇਰਾ ਧੰਨਵਾਦ ਕੀਤਾ।"

"ਅਤੇ ਫਿਰ ਮੈਨੂੰ ਅਹਿਸਾਸ ਹੋਇਆ ਕਿ ਇਹ ਅਜਿਹੀ ਚੀਜ਼ ਵੀ ਹੋ ਸਕਦੀ ਹੈ ਜਿਸ 'ਤੇ ਮੈਨੂੰ ਮਾਣ ਹੋਵੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)