'ਸਾਨੂੰ ਨਵੀਂ ਜ਼ਿੰਦਗੀ ਦਿਓ ਜਾਂ ਇੱਛਾ ਮੌਤ ਦੀ ਇਜਾਜ਼ਤ': ਰਾਜਸਥਾਨ ਵਿੱਚ ਮਾਂ ਬਣਨ ਤੋਂ ਬਾਅਦ ਕੁਝ ਮਹਿਲਾਵਾਂ ਦੀ ਮੌਤ ਅਤੇ ਕਈ ਡਾਇਲਿਸਿਸ 'ਤੇ, ਪੂਰਾ ਮਾਮਲਾ ਜਾਣੋ

ਪਿੰਕੀ ਏਰਵਾਲ, ਰਾਗਿਨੀ ਮੀਣਾ, ਅਤੇ ਧਨਲੀ ਸੁਮਨ (ਖੱਬੇ ਤੋਂ ਸੱਜੇ)

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਪਿੰਕੀ ਏਰਵਾਲ, ਰਾਗਿਨੀ ਮੀਣਾ, ਅਤੇ ਧਨਲੀ ਸੁਮਨ (ਖੱਬੇ ਤੋਂ ਸੱਜੇ) ਉਨ੍ਹਾਂ ਮਹਿਲਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਇੱਛਾ ਮੌਤ ਦੀ ਮੰਗ ਕੀਤੀ ਹੈ
    • ਲੇਖਕ, ਮੋਹਰ ਸਿੰਘ ਮੀਣਾ
    • ਰੋਲ, ਬੀਬੀਸੀ ਹਿੰਦੀ ਲਈ, ਜੈਪੁਰ ਤੋਂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 11 ਮਿੰਟ

"ਸਾਨੂੰ ਨਵੀਂ ਜ਼ਿੰਦਗੀ ਦਿਓ ਜਾਂ ਫਿਰ ਇੱਛਾ ਮੌਤ ਦੀ ਇਜਾਜ਼ਤ।"

ਇਹ ਅਪੀਲ ਰਾਜਸਥਾਨ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਡਾਇਲਿਸਿਸ ਦੇ ਸਹਾਰੇ ਜ਼ਿੰਦਗੀ ਗੁਜ਼ਾਰ ਰਹੀਆਂ ਪੰਜ ਮਹਿਲਾਵਾਂ ਨੇ ਕੀਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਲਿਖੇ ਪੱਤਰ ਵਿੱਚ ਇਨ੍ਹਾਂ ਮਹਿਲਾਵਾਂ ਨੇ ਇੱਛਾ ਮੌਤ ਦੀ ਮੰਗ ਕੀਤੀ ਹੈ।

ਇਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਉਹ ਬੱਚਿਆਂ ਨੂੰ ਜਨਮ ਦੇਣ ਲਈ ਹਸਪਤਾਲ ਗਈਆਂ ਸਨ। ਪਰ ਹੁਣ ਉਨ੍ਹਾਂ ਦੀ ਜ਼ਿੰਦਗੀ ਹਫ਼ਤੇ ਵਿੱਚ ਦੋ ਵਾਰ ਹੋਣ ਵਾਲੇ ਡਾਇਲਿਸਿਸ ਦੇ ਸਹਾਰੇ ਰਹਿ ਗਈ ਹੈ।

ਇਨ੍ਹਾਂ ਵਿੱਚੋਂ ਇੱਕ ਮਹਿਲਾ ਧਨਲੀ ਸੁਮਨ ਕਹਿੰਦੇ ਹਨ, "ਡਾਇਲਿਸਿਸ ਨਾਲ ਅਸੀਂ ਪੰਜ ਤੋਂ ਛੇ ਮਹੀਨੇ ਤੱਕ ਹੀ ਜ਼ਿੰਦਾ ਰਹਾਂਗੇ। ਸਾਨੂੰ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਸਾਡਾ ਕਿਡਨੀ ਟ੍ਰਾਂਸਪਲਾਂਟ ਕਰਵਾਇਆ ਜਾਵੇ।"

ਹਾਲਾਂਕਿ ਇਨ੍ਹਾਂ ਮਹਿਲਾਵਾਂ ਨਾਲ ਅਸਲ ਵਿੱਚ ਕੀ ਹੋਇਆ ਹੈ, ਇਸ ਨੂੰ ਲੈਕੇ ਜੋ ਜਾਂਚ ਕਰਵਾਈ ਗਈ ਹੈ, ਉਹ ਰਿਪੋਰਟ ਖ਼ਬਰ ਲਿਖੇ ਜਾਣ ਤੱਕ ਜਨਤਕ ਨਹੀਂ ਕੀਤੀ ਗਈ ਹੈ।

ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪ੍ਰੇਸ਼ਨ ਰਾਹੀਂ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮਹਿਲਾਵਾਂ ਦੀ ਸਿਹਤ ਵਿਗੜਨ ਅਤੇ ਮੌਤ ਦੇ ਮਾਮਲੇ ਲਗਾਤਾਰ ਸਾਹਮਣੇ ਆਏ ਹਨ।

ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੋਟਾ ਵਿੱਚ ਡਾਇਲਸਿਸ ਕਰਵਾ ਰਹੀਆਂ ਮਹਿਲਾਵਾਂ ਨਾਲ ਮੁਲਾਕਾਤ ਕੀਤੀ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੋਟਾ ਵਿੱਚ ਡਾਇਲਸਿਸ ਕਰਵਾ ਰਹੀਆਂ ਮਹਿਲਾਵਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ 'ਤੇ ਸਰਕਾਰ ਨੂੰ ਘੇਰਿਆ

ਇਨ੍ਹਾਂ ਮਾਮਲਿਆਂ 'ਤੇ ਜਿੱਥੇ ਸਰਕਾਰ ਆਪਣੇ ਤਰਕ ਦੇ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਸਰਕਾਰ 'ਤੇ ਮਾਮਲੇ ਨੂੰ ਦਬਾਉਣ ਦੇ ਇਲਜ਼ਾਮ ਲਗਾ ਰਹੀ ਹੈ।

ਸੂਬੇ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, "ਜੇਕਰ ਸੱਤਾ ਦੇ ਹੰਕਾਰ ਵਿੱਚ ਡੁੱਬੀ ਭਾਜਪਾ ਸਰਕਾਰ ਨੇ ਸਮੇਂ ਰਹਿੰਦਿਆਂ ਵਿਰੋਧੀ ਧਿਰ ਅਤੇ ਪੀੜਤਾਂ ਦੀ ਆਵਾਜ਼ ਸੁਣੀ ਹੁੰਦੀ ਤਾਂ ਅੱਜ ਇਹ ਸ਼ਰਮਨਾਕ ਨੌਬਤ ਨਾ ਆਉਂਦੀ। ਅੱਜ ਹਾਲਾਤ ਇਹ ਹਨ ਕਿ ਮਜਬੂਰ ਪੀੜਤ ਮਹਿਲਾਵਾਂ ਨੂੰ ਰਾਸ਼ਟਰਪਤੀ ਤੋਂ ਇੱਛਾ ਮੌਤ ਮੰਗਣੀ ਪੈ ਰਹੀ ਹੈ।"

ਇਸ ਮਾਮਲੇ 'ਤੇ ਬੀਬੀਸੀ ਨਿਊਜ਼ ਹਿੰਦੀ ਨੇ ਸਰਕਾਰ ਦਾ ਪੱਖ ਜਾਣਨ ਲਈ ਸੂਬੇ ਦੇ ਮੁੱਖ ਸਕੱਤਰ ਵੀ ਸ੍ਰੀਨਿਵਾਸ, ਮੈਡੀਕਲ ਮੰਤਰੀ ਗਜੇਂਦਰ ਸਿੰਘ ਖੀਂਵਸਰ ਅਤੇ ਮੈਡੀਕਲ ਵਿਭਾਗ ਦੇ ਸਕੱਤਰ ਗਾਇਤਰੀ ਰਾਠੌੜ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਕੋਟਾ ਤੋਂ ਬੀਕਾਨੇਰ ਤੱਕ ਕਿਵੇਂ ਫੈਲਿਆ ਮਾਮਲਾ

ਹਸਪਤਾਲ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਕੋਟਾ ਦੇ ਸਰਕਾਰੀ ਸੁਪਰ ਸਪੈਸ਼ਲਿਟੀ ਨਿਊ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਇਨ੍ਹਾਂ ਮਹਿਲਾਵਾਂ ਦਾ ਹਫ਼ਤੇ 'ਚ ਦੋ ਵਾਰ ਡਾਈਲੇਸਿਸ ਹੋ ਰਿਹਾ ਹੈ

ਪਿਛਲੇ ਢਾਈ ਮਹੀਨਿਆਂ ਦੌਰਾਨ ਰਾਜਸਥਾਨ ਦੇ ਕੋਟਾ, ਬੀਕਾਨੇਰ, ਜੋਧਪੁਰ, ਭੀਲਵਾੜਾ ਅਤੇ ਬਾਂਸਵਾੜਾ ਜ਼ਿਲ੍ਹਿਆਂ ਵਿੱਚ ਜਣੇਪੇ ਤੋਂ ਬਾਅਦ ਮਹਿਲਾਵਾਂ ਦੀ ਸਿਹਤ ਵਿਗੜਨ ਅਤੇ ਮੌਤ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਇਸ ਦੀ ਸ਼ੁਰੂਆਤ ਚਾਰ ਤੋਂ ਸੱਤ ਮਈ ਦੇ ਦਰਮਿਆਨ ਕੋਟਾ ਵਿੱਚ ਹੋਈ। ਸਰਕਾਰੀ ਹਸਪਤਾਲ ਵਿੱਚ 18 ਮਹਿਲਾਵਾਂ ਨੂੰ ਜਣੇਪੇ ਦੀ ਪੀੜ ਤੋਂ ਬਾਅਦ ਦਾਖ਼ਲ ਕੀਤਾ ਗਿਆ ਸੀ। ਇਨ੍ਹਾਂ ਮਹਿਲਾਵਾਂ ਨੇ ਆਪ੍ਰੇਸ਼ਨ ਰਾਹੀਂ ਬੱਚਿਆਂ ਨੂੰ ਜਨਮ ਦਿੱਤਾ।

ਕੋਟਾ ਦੇ ਸਰਕਾਰੀ ਸੁਪਰ ਸਪੈਸ਼ਲਿਟੀ ਨਿਊ ਮੈਡੀਕਲ ਕਾਲਜ ਹਸਪਤਾਲ ਦੇ ਸੁਪਰੀਟੈਂਡੈਂਟ ਡਾਕਟਰ ਨੀਲੇਸ਼ ਜੈਨ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਕਿਹਾ ਹੈ, "ਪੰਜ ਮਹਿਲਾਵਾਂ ਦੀ ਮੌਤ ਹੋ ਗਈ ਸੀ। ਇਸ ਵੇਲੇ ਪੰਜ ਮਹਿਲਾਵਾਂ ਦਾ ਡਾਇਲਿਸਿਸ ਜਾਰੀ ਹੈ।"

ਕੋਟਾ ਦੀਆਂ ਇਨ੍ਹਾਂ ਪੰਜ ਮਹਿਲਾਵਾਂ ਦੀਆਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਪਿਛਲੇ 72 ਦਿਨਾਂ ਤੋਂ ਹਫ਼ਤੇ ਵਿੱਚ ਦੋ ਵਾਰ ਡਾਇਲਿਸਿਸ ਦਿੱਤਾ ਜਾ ਰਿਹਾ ਹੈ।

ਕੋਟਾ ਤੋਂ ਬਾਅਦ ਬੀਕਾਨੇਰ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਅਤੇ ਪੰਜ ਮਹਿਲਾਵਾਂ ਦੀ ਮੌਤ ਹੋਈ ਹੈ।

ਜੋਧਪੁਰ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਏ, ਹਾਲਾਂਕਿ ਇੱਥੇ ਕਿਸੇ ਮਹਿਲਾ ਦੀ ਮੌਤ ਨਹੀਂ ਹੋਈ।

ਇਸ ਤੋਂ ਬਾਅਦ ਭੀਲਵਾੜਾ ਵਿੱਚ ਪੰਜ ਅਤੇ ਬਾਂਸਵਾੜਾ ਵਿੱਚ ਵੀ ਚਾਰ ਮੌਤਾਂ ਦੀ ਖ਼ਬਰ ਬੀਤੇ ਦਿਨਾਂ 'ਚ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਈ।

ਜਾਂਚ ਕਮੇਟੀਆਂ ਬਣੀਆਂ ਪਰ ਕੋਈ ਸੁਰਾਗ਼ ਨਹੀਂ ਮਿਲਿਆ

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਕੋਟਾ ਵਿੱਚ ਮਹਿਲਾਵਾਂ ਦੀ ਮੌਤ ਅਤੇ ਕਿਡਨੀ ਫੇਲ੍ਹ ਹੋਣ ਦੇ ਮਾਮਲਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੀ ਹੋਏ

ਇਸ ਮਾਮਲੇ ਨੂੰ ਲੈਕੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਵੀ ਕੀਤੇ, ਜਾਂਚ ਕਮੇਟੀਆਂ ਬਣਾਈਆਂ ਗਈਆਂ, ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਬੰਦ ਕਰ ਦਿੱਤੇ ਗਏ ਅਤੇ ਨਮੂਨੇ ਜਾਂਚ ਲਈ ਭੇਜੇ ਗਏ।

ਨਮੂਨਿਆਂ ਦੀ ਜਾਂਚ ਦਿੱਲੀ ਏਮਜ਼ ਵੱਲੋਂ ਅਤੇ ਹਸਪਤਾਲਾਂ ਦੀ ਜਾਂਚ ਜੈਪੁਰ ਦੀਆਂ ਟੀਮਾਂ ਵੱਲੋਂ ਕਰਵਾਈ ਗਈ।

ਪਰ ਦੋ ਮਹੀਨੇ ਬਾਅਦ ਵੀ ਸਰਕਾਰ ਇਹ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਆਖਿਰ ਜਾਂਚ ਰਿਪੋਰਟ ਵਿੱਚ ਕੀ ਸਾਹਮਣੇ ਆਇਆ ਹੈ?

ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੀਤੇ ਦਿਨੀਂ ਕੋਟਾ ਵਿੱਚ ਇਨ੍ਹਾਂ ਮਹਿਲਾਵਾਂ ਨਾਲ ਮੁਲਾਕਾਤ ਤੋਂ ਬਾਅਦ ਜਾਂਚ ਰਿਪੋਰਟ ਦੀ ਸੱਚਾਈ ਲੁਕਾਉਣ ਦੇ ਇਲਜ਼ਾਮ ਵੀ ਸਰਕਾਰ 'ਤੇ ਲਗਾਏ ਸਨ।

ਜਨਮ ਦੇਣ ਵਾਲੀਆਂ ਮਹਿਲਾਵਾਂ ਦੇ ਆਪ੍ਰੇਸ਼ਨ ਦੌਰਾਨ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ 'ਤੇ ਪਾਬੰਦੀ ਵੀ ਲਗਾਈ ਗਈ। ਮੈਡੀਕਲ ਵਿਭਾਗ ਦੇ ਪੱਧਰ 'ਤੇ ਤੁਰੰਤ ਮਾਮਲਾ ਸ਼ਾਂਤ ਕਰਨ ਲਈ ਦੋ ਮੈਡੀਕਲ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਗਈ।

ਸੂਬੇ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖੀਂਵਸਰ ਨੇ ਇਸ ਮਾਮਲੇ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ, "ਸਾਰੀਆਂ ਘਟਨਾਵਾਂ ਨੂੰ ਇੱਕੋ ਕਾਰਨ ਨਾਲ ਜੋੜਨਾ ਠੀਕ ਨਹੀਂ ਹੋਵੇਗਾ।"

ਉਨ੍ਹਾਂ ਕਿਹਾ, "ਮਾਹਿਰਾਂ ਦੀ ਰਾਇ ਵਿੱਚ ਕਈ ਮਾਮਲਿਆਂ ਵਿੱਚ ਗੰਭੀਰ ਹਾਈ ਬਲੱਡ ਪ੍ਰੈਸ਼ਰ, ਬਹੁਤ ਜ਼ਿਆਦਾ ਖ਼ੂਨ ਵਗਣਾ, ਇਨਫੈਕਸ਼ਨ ਅਤੇ ਹੋਰ ਕਈ ਸਿਹਤ ਸਮੱਸਿਆਵਾਂ ਸਾਹਮਣੇ ਆਈਆਂ ਹਨ, ਜੋ ਲਿਵਰ ਅਤੇ ਕਿਡਨੀ ਫੇਲ੍ਹ ਹੋਣ ਤੱਕ ਦੀ ਸਥਿਤੀ ਪੈਦਾ ਕਰ ਸਕਦੀਆਂ ਹਨ।"

ਕਿਡਨੀ ਫੇਲ੍ਹ ਹੋਣ ਤੋਂ ਬਾਅਦ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਪੀੜਤ ਮਹਿਲਾਵਾਂ ਨੇ ਰਾਸ਼ਟਰਪਤੀ ਨੂੰ ਸਾਂਝੇ ਤੌਰ ਉੱਤੇ ਪੱਤਰ ਲਿਖਿਆ ਹੈ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਪੀੜਤ ਮਹਿਲਾਵਾਂ ਨੇ ਰਾਸ਼ਟਰਪਤੀ ਨੂੰ ਸਾਂਝੇ ਤੌਰ ਉੱਤੇ ਪੱਤਰ ਲਿਖਿਆ ਹੈ

ਨਿਊ ਹਸਪਤਾਲ ਦੇ ਸੁਪਰੀਟੈਂਡੈਂਟ ਡਾਕਟਰ ਨੀਲੇਸ਼ ਜੈਨ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਮੰਨਿਆ ਹੈ ਕਿ 11 ਵਿੱਚੋਂ ਪੰਜ ਮਹਿਲਾਵਾਂ ਦੀ ਮੌਤ ਅਤੇ ਪੰਜ ਦੀ ਕਿਡਨੀ ਫੇਲ੍ਹ ਹੋਣ ਤੋਂ ਬਾਅਦ ਉਨ੍ਹਾਂ ਦਾ ਲਗਾਤਾਰ ਡਾਇਲਿਸਿਸ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਪੰਜ ਮਹਿਲਾਵਾਂ ਪਿਛਲੇ 72 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਦਾ ਹਫ਼ਤੇ ਵਿੱਚ ਦੋ ਵਾਰ ਡਾਇਲਿਸਿਸ ਕੀਤਾ ਜਾ ਰਿਹਾ ਹੈ।

ਇਹ ਮਹਿਲਾਵਾਂ ਆਪਣੇ ਨਵਜੰਮੇ ਬੱਚਿਆਂ ਨੂੰ ਵੀ ਨਹੀਂ ਦੇਖ ਸਕੀਆਂ ਹਨ। ਪੰਜੇ ਮਹਿਲਾਵਾਂ ਕੋਟਾ ਦੇ ਹੀ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ।

ਰਾਗਿਨੀ ਮੀਣਾ, ਧਨਲੀ ਸੁਮਨ, ਪਿੰਕੀ ਏਰਵਾਲ, ਆਰਤੀ ਚੋਬਦਾਰ ਅਤੇ ਸੁਸ਼ੀਲਾ ਮਹਾਵਰ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਜਣੇਪੇ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਅਤੇ ਪ੍ਰਸ਼ਾਸਨ ਵੱਲੋਂ ਧਿਆਨ ਨਾ ਦਿੱਤੇ ਜਾਣ ਕਾਰਨ ਤੰਗ ਆਕੇ ਉਹ ਇੱਛਾ ਮੌਤ ਦੀ ਇਜਾਜ਼ਤ ਮੰਗ ਰਹੀਆਂ ਹਨ।

ਇਨ੍ਹਾਂ ਮਹਿਲਾਵਾਂ ਨੇ ਸਾਂਝੇ ਤੌਰ 'ਤੇ ਇੱਕ ਪੱਤਰ ਲਿਖ ਕੇ ਰਾਸ਼ਟਰਪਤੀ ਨੂੰ ਸਪੀਡ ਪੋਸਟ ਰਾਹੀਂ ਭੇਜਿਆ ਹੈ।

ਇਨ੍ਹਾਂ ਮਹਿਲਾਵਾਂ ਨੇ ਰਾਸ਼ਟਰਪਤੀ ਨੂੰ ਲਿਖਿਆ ਹੈ, ''ਸਾਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਡਨੀ ਫੇਲ੍ਹ ਹੋਣ ਕਾਰਨ ਅਸੀਂ ਦੋ ਮਹੀਨਿਆਂ ਤੋਂ 24 ਘੰਟਿਆਂ ਵਿੱਚ ਸਿਰਫ਼ 500 ਐਮਐਲ ਪਾਣੀ ਦੇ ਸਹਾਰੇ ਜ਼ਿੰਦਾ ਹਾਂ। ਸਾਨੂੰ ਸਾਹ ਲੈਣ ਵਿੱਚ ਤਕਲੀਫ਼ ਹੁੰਦੀ ਹੈ, ਹਰ 48 ਘੰਟਿਆਂ ਬਾਅਦ ਡਾਇਲਿਸਿਸ ਹੋ ਰਿਹਾ ਹੈ। ਸਾਡੇ ਪਤੀਆਂ ਦੇ ਪ੍ਰਾਈਵੇਟ ਕੰਮ-ਧੰਦੇ ਛੁੱਟ ਗਏ ਹਨ। ਬੇਵੱਸ ਅਤੇ ਘੁਟ-ਘੁਟ ਕੇ ਜੀਣ ਵਾਲੀ ਇਸ ਹਾਲਤ ਵਿੱਚ ਇੱਜ਼ਤ ਨਾਲ ਜ਼ਿੰਦਗੀ ਜਿਊਣ ਦਾ ਕੋਈ ਰਾਹ ਨਹੀਂ ਬਚਿਆ ਹੈ।''

ਸੁਸ਼ੀਲਾ ਮਹਾਵਰ ਅਤੇ ਆਰਤੀ ਚੋਬਦਾਰ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਸੁਸ਼ੀਲਾ ਮਹਾਵਰ ਅਤੇ ਆਰਤੀ ਚੋਬਦਾਰ ਨੇ ਵੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਇੱਕ ਸਾਂਝੇ ਪੱਤਰ ਵਿੱਚ ਇੱਛਾ ਮੌਤ ਦੀ ਮੰਗ ਕੀਤੀ ਹੈ

ਮਹਿਲਾਵਾਂ ਨੇ ਰਾਸ਼ਟਰਪਤੀ ਨੂੰ ਆਖ਼ਰੀ ਬੇਨਤੀ ਕਰਦਿਆਂ ਲਿਖਿਆ ਹੈ, "ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਕਰਵਾਇਆ ਜਾਵੇ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਮੁਆਵਜ਼ਾ ਦਿੱਤਾ ਜਾਵੇ। ਜੇਕਰ ਸ਼ਾਸਨ-ਪ੍ਰਸ਼ਾਸਨ ਸਾਨੂੰ ਇਨਸਾਫ਼ ਦਿਵਾਉਣ ਵਿੱਚ ਅਸਮਰੱਥ ਹੈ ਤਾਂ ਸਾਨੂੰ ਸਨਮਾਨ ਨਾਲ ਆਪਣਾ ਜੀਵਨ ਸਮਾਪਤ ਕਰਨ ਲਈ ਇੱਛਾ ਮੌਤ ਦੀ ਇਜਾਜ਼ਤ ਦਿੱਤੀ ਜਾਵੇ।"

ਨਿਊ ਮੈਡੀਕਲ ਕਾਲਜ ਹਸਪਤਾਲ, ਕੋਟਾ ਦੇ ਸੁਪਰੀਟੈਂਡੈਂਟ ਡਾਕਟਰ ਨੀਲੇਸ਼ ਜੈਨ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਕਿਹਾ, "ਪੰਜ ਮਹਿਲਾਵਾਂ ਦਾ ਡਾਇਲਿਸਿਸ ਚੱਲ ਰਿਹਾ ਹੈ। ਉਹ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਮੁਫ਼ਤ ਅਤੇ ਜਲਦੀ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਦਾ ਇਲਾਜ ਵੀ ਮੁਫ਼ਤ ਹੋਣਾ ਚਾਹੀਦਾ ਹੈ।"

ਬਿਮਾਰ ਧਨਲੀ ਸੁਮਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਰੋਂਦੇ ਹੋਏ ਕਿਹਾ, "ਅਸੀਂ ਡਾਇਲਿਸਿਸ ਦੇ ਸਹਾਰੇ ਕਿੰਨਾ ਸਮਾਂ ਜੀਆਂਗੇ, ਵੱਧ ਤੋਂ ਵੱਧ ਛੇ ਮਹੀਨੇ।"

ਇੱਕ ਹੋਰ ਮਹਿਲਾ ਰਾਗਿਨੀ ਨੇ ਬੀਬੀਸੀ ਨੂੰ ਫ਼ੋਨ 'ਤੇ ਕਿਹਾ, "ਡਾਇਲਿਸਿਸ ਨਾਲੋਂ ਤਾਂ ਸਾਨੂੰ ਮੌਤ ਦੇ ਦਿੱਤੀ ਜਾਵੇ। ਡਾਇਲਿਸਿਸ ਕਾਰਨ ਸਾਨੂੰ ਉਲਟੀਆਂ, ਬੁਖ਼ਾਰ, ਸਿਰ ਅਤੇ ਹੱਥ-ਪੈਰਾਂ ਵਿੱਚ ਅਸਹਿ ਦਰਦ ਹੁੰਦਾ ਹੈ। ਸਾਡੀਆਂ ਕਿਡਨੀਆਂ ਖ਼ਰਾਬ ਹੋ ਚੁੱਕੀਆਂ ਹਨ, ਸਾਡੇ ਨਾਲ ਕੀ ਬੀਤ ਰਹੀ ਹੈ ਇਹ ਅਸੀਂ ਹੀ ਜਾਣਦੇ ਹਾਂ। ਇਸ ਲਈ ਅਸੀਂ ਇੱਛਾ ਮੌਤ ਦੀ ਮੰਗ ਕੀਤੀ ਹੈ।"

ਡਾਇਲਿਸਿਸ ਤੋਂ ਇਨਕਾਰ ਕਰਨ 'ਤੇ ਮਿਲਿਆ ਭਰੋਸਾ

ਸੁਸ਼ੀਲਾ ਮਹਾਵਰ ਆਪਣੇ ਪਤੀ ਓਮਪ੍ਰਕਾਸ਼ ਮਹਾਵਰ ਨਾਲ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਸੁਸ਼ੀਲਾ ਮਹਾਵਰ ਆਪਣੇ ਪਤੀ ਓਮਪ੍ਰਕਾਸ਼ ਮਹਾਵਰ ਨਾਲ

ਇਨ੍ਹਾਂ ਮਹਿਲਾਵਾਂ ਨੇ 13 ਜੁਲਾਈ ਨੂੰ ਹਸਪਤਾਲ ਪ੍ਰਸ਼ਾਸਨ ਦੇ ਸਾਹਮਣੇ ਡਾਇਲਿਸਿਸ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਨ੍ਹਾਂ ਨੇ 15 ਜੁਲਾਈ ਨੂੰ ਰਾਸ਼ਟਰਪਤੀ ਨੂੰ ਪੱਤਰ ਲਿਖਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਨ੍ਹਾਂ ਮਹਿਲਾਵਾਂ ਦੀ ਸਾਰ ਲਈ ਹੈ।

16 ਜੁਲਾਈ ਨੂੰ ਕੋਟਾ ਦੇ ਵਧੀਕ ਜ਼ਿਲ੍ਹਾ ਕਲੈਕਟਰ ਵਿਨੋਦ ਮਲਹੋਤਰਾ, ਸੁਪਰ ਸਪੈਸ਼ਲਟੀ ਹਸਪਤਾਲ ਦੇ ਸੁਪਰੀਟੇਂਡੈਂਟ ਡਾਕਟਰ ਨੀਲੇਸ਼ ਕੁਮਾਰ ਜੈਨ ਅਤੇ ਨੇਫਰੋਲੋਜੀ ਵਿਭਾਗ ਦੇ ਐਚਓਡੀ ਡਾਕਟਰ ਵਿਕਾਸ ਖੰਡੇਲੀਆ ਨੇ ਮਹਿਲਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ।

ਇਸ ਗੱਲਬਾਤ ਤੋਂ ਬਾਅਦ ਰਾਗਿਨੀ ਮੀਣਾ ਦੇ ਪਤੀ ਲੋਕੇਸ਼ ਮੀਣਾ ਨੇ ਬੀਬੀਸੀ ਨੂੰ ਕਿਹਾ ਕਿ "ਸਾਡੀ ਹਸਪਤਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਹੋਈ ਹੈ। ਲਿਖਤੀ ਭਰੋਸੇ ਤੋਂ ਬਾਅਦ ਮਹਿਲਾਵਾਂ ਦਾ ਡਾਇਲਿਸਿਸ ਕੀਤਾ ਗਿਆ।"

ਭਰੋਸਾ ਪੱਤਰ ਵਿੱਚ ਲਿਖਿਆ ਹੈ ਕਿ "ਜਣੇਪੇ ਵਾਲੀਆਂ ਇਨ੍ਹਾਂ ਮਹਿਲਾਵਾਂ ਨੂੰ ਹਸਪਤਾਲ ਵਿੱਚ ਡਾਇਲਿਸਿਸ ਅਤੇ ਹੋਰ ਸਾਰੀਆਂ ਡਾਕਟਰੀ ਸਹੂਲਤਾਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾਣਗੀਆਂ, ਕਿਡਨੀ ਟ੍ਰਾਂਸਪਲਾਂਟ ਲਈ ਰਜਿਸਟ੍ਰੇਸ਼ਨ ਕੀਤਾ ਜਾਵੇਗਾ ਅਤੇ ਮੁਫ਼ਤ ਕਿਡਨੀ ਟ੍ਰਾਂਸਪਲਾਂਟ ਕਰਵਾਇਆ ਜਾਵੇਗਾ।"

ਪੀਯੂਸ਼ ਸਮਾਰਿਆ - ਜ਼ਿਲ੍ਹਾ ਕਲੈਕਟਰ, ਕੋਟਾ

ਤਸਵੀਰ ਸਰੋਤ, Mohar Singh Meena/BBC

ਇਸ ਦੇ ਨਾਲ ਹੀ ਭਰੋਸਾ ਪੱਤਰ ਵਿੱਚ ਅੱਗੇ ਲਿਖਿਆ ਹੈ ਕਿ "ਪਰਿਵਾਰਕ ਮੈਂਬਰਾਂ ਦੀ ਸਹੂਲਤ ਦੇ ਹਿਸਾਬ ਨਾਲ ਜੋਧਪੁਰ ਏਮਜ਼ ਸਮੇਤ ਸੂਬੇ ਦੇ ਕਿਸੇ ਵੀ ਹਸਪਤਾਲ ਵਿੱਚ ਕਿਡਨੀ ਟ੍ਰਾਂਸਪਲਾਂਟ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਵੀ ਸਾਰਾ ਇਲਾਜ ਮੁਫ਼ਤ ਰਹੇਗਾ।"

ਇੱਕ ਪੀੜਤਾ ਧਨਲੀ ਨੇ ਰੋਂਦੇ ਹੋਏ ਮੀਡੀਆ ਨਾਲ ਗੱਲਬਾਤ ਵਿੱਚ ਆਪਣਾ ਦਰਦ ਬਿਆਨ ਕੀਤਾ ਹੈ।

ਉਨ੍ਹਾਂ ਕਿਹਾ, "ਡਾਇਲਿਸਿਸ ਤੋਂ ਬਾਅਦ ਸਰੀਰ ਠੰਢਾ ਪੈ ਜਾਂਦਾ ਹੈ, ਉਲਟੀਆਂ ਹੁੰਦੀਆਂ ਹਨ। ਸਾਨੂੰ ਚੱਕਰ ਆਉਂਦੇ ਹਨ ਅਤੇ ਸਰੀਰ ਬੇਜਾਨ ਹੋ ਜਾਂਦਾ ਹੈ।"

ਕੋਟਾ ਦੇ ਜ਼ਿਲ੍ਹਾ ਕਲੈਕਟਰ ਪੀਯੂਸ਼ ਸਮਾਰਿਆ ਨੇ ਬੀਬੀਸੀ ਨਾਲ ਫ਼ੋਨ 'ਤੇ ਗੱਲਬਾਤ ਦੌਰਾਨ ਕਿਹਾ, "ਕਿਡਨੀ ਟ੍ਰਾਂਸਪਲਾਂਟ ਲਈ ਇੱਕ ਮੈਡੀਕਲ ਬੋਰਡ ਹੁੰਦਾ ਹੈ। ਅਸੀਂ ਸਿਹਤ ਵਿਭਾਗ ਨੂੰ ਰੈਫ਼ਰ ਕੀਤਾ ਹੈ। ਪਰ ਜਦੋਂ ਡਾਇਲਿਸਿਸ ਫੇਲ੍ਹ ਹੋ ਜਾਂਦਾ ਹੈ ਅਤੇ ਸਰੀਰ ਡਾਇਲਿਸਿਸ ਪ੍ਰਤੀ ਰਿਸਪਾਂਸ ਨਹੀਂ ਕਰਦਾ, ਉਦੋਂ ਟ੍ਰਾਂਸਪਲਾਂਟ ਦੀ ਲੋੜ ਪੈਂਦੀ ਹੈ।''

ਨਵਜੰਮੇ ਬੱਚਿਆਂ ਤੋਂ ਦੂਰ ਰਹਿਣ ਨੂੰ ਮਜਬੂਰ ਬਿਮਾਰ ਮਾਵਾਂ

ਪੀੜਤ ਮਹਿਲਾਵਾਂ (ਖੱਬੇ ਤੋਂ ਸੱਜੇ) - ਧਨਲੀ ਸੁਮਨ ਆਪਣੇ ਪਤੀ ਮੋਹਨ ਲਾਲ ਸੁਮਨ ਨਾਲ, ਆਰਤੀ ਚੌਬਦਾਰ ਆਪਣੇ ਪਤੀ ਚੰਕੂ ਚੌਬਦਾਰ ਨਾਲ, ਅਤੇ ਪਿੰਕੀ ਏਰਵਾਲ ਆਪਣੇ ਪਤੀ ਨਰੇਸ਼ ਏਰਵਾਲ ਨਾਲ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਪੀੜਤ ਮਹਿਲਾਵਾਂ (ਖੱਬੇ ਤੋਂ ਸੱਜੇ) - ਧਨਲੀ ਸੁਮਨ ਆਪਣੇ ਪਤੀ ਮੋਹਨ ਲਾਲ ਸੁਮਨ ਨਾਲ, ਆਰਤੀ ਚੌਬਦਾਰ ਆਪਣੇ ਪਤੀ ਚੰਕੂ ਚੌਬਦਾਰ ਨਾਲ, ਅਤੇ ਪਿੰਕੀ ਏਰਵਾਲ ਆਪਣੇ ਪਤੀ ਨਰੇਸ਼ ਏਰਵਾਲ ਨਾਲ

ਰਾਗਿਨੀ ਮੀਣਾ ਦੀਆਂ ਪਹਿਲਾਂ ਤੋਂ ਦੋ ਧੀਆਂ ਸਨ ਅਤੇ ਹੁਣ ਉਨ੍ਹਾਂ ਨੇ ਤੀਜੇ ਬੱਚੇ ਨੂੰ ਜਨਮ ਦਿੱਤਾ। ਪਰ ਉਹ ਉਸ ਤੋਂ ਬਾਅਦ ਆਪਣੇ ਨਵਜੰਮੇ ਪੁੱਤਰ ਦਾ ਚਿਹਰਾ ਵੀ ਨਹੀਂ ਦੇਖ ਸਕੇ ਹਨ। ਉਨ੍ਹਾਂ ਦੇ ਭਰਾ ਵਿਕਾਸ ਹਸਪਤਾਲ ਵਿੱਚ ਹੀ ਮੌਜੂਦ ਹਨ।

ਵਿਕਾਸ ਨੇ ਬੀਬੀਸੀ ਨੂੰ ਦੱਸਿਆ, "ਚਾਰ ਮਈ ਨੂੰ ਭੈਣ ਨੇ ਬੱਚੇ ਨੂੰ ਜਨਮ ਦਿੱਤਾ ਸੀ। ਉਸ ਤੋਂ ਕੁਝ ਘੰਟਿਆਂ ਬਾਅਦ ਹੀ ਤਬੀਅਤ ਵਿਗੜ ਗਈ ਤਾਂ ਸੱਤ ਮਈ ਤੋਂ ਡਾਇਲਿਸਿਸ ਸ਼ੁਰੂ ਕਰ ਦਿੱਤਾ ਗਿਆ।"

ਵਿਕਾਸ ਦੱਸਦੇ ਹਨ, "ਮੇਰੀ ਭੈਣ ਜਦੋਂ ਹਸਪਤਾਲ ਆਈ ਸੀ, ਉਸ ਦਾ ਵਜ਼ਨ 63 ਕਿੱਲੋ ਸੀ ਅਤੇ ਅੱਜ ਘਟ ਕੇ 41 ਕਿੱਲੋ ਰਹਿ ਗਿਆ ਹੈ। ਨਵਜੰਮੇ ਬੱਚੇ ਦੀ ਦੇਖਭਾਲ ਉਸਦਾ ਸਹੁਰਾ ਪਰਿਵਾਰ ਕਰ ਰਿਹਾ ਹੈ।"

ਰਾਗਿਨੀ ਦੇ ਪਤੀ ਲੋਕੇਸ਼ ਨੇ ਕਿਹਾ, "ਮੈਂ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਸ਼ੁਰੂ ਵਿੱਚ ਮੈਡੀਕਲ ਛੁੱਟੀ 'ਤੇ ਰਿਹਾ। ਕੁਝ ਦਿਨ ਛੁੱਟੀ 'ਤੇ ਰਹਿਣ ਕਾਰਨ ਤਨਖ਼ਾਹ ਕੱਟੀ ਗਈ ਅਤੇ ਹੁਣ ਨੌਕਰੀ ਹੀ ਛੁੱਟ ਗਈ। ਪਰਿਵਾਰ ਦਾ ਖ਼ਰਚਾ ਮੇਰੀ ਨੌਕਰੀ ਨਾਲ ਹੀ ਚੱਲਦਾ ਸੀ।"

ਇਹ ਹਾਲਾਤ ਸਿਰਫ਼ ਰਾਗਿਨੀ ਦੇ ਪਰਿਵਾਰ ਦੇ ਹੀ ਨਹੀਂ ਹਨ, ਸਗੋਂ ਪੰਜਾਂ ਪਰਿਵਾਰਾਂ ਦੀ ਇਹੀ ਸਥਿਤੀ ਹੈ।

ਵਿਰੋਧ ਪ੍ਰਦਰਸ਼ਨ

ਤਸਵੀਰ ਸਰੋਤ, Mohar Singh Meena

ਤਸਵੀਰ ਕੈਪਸ਼ਨ, ਜਣੇਪੇ ਤੋਂ ਬਾਅਦ ਮਹਿਲਾਵਾਂ ਦੇ ਮਰਨ ਜਾਂ ਬਿਮਾਰ ਹੋਣ ਦੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਨੇ ਵੀ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਹਨ

ਧਨਲੀ ਸੁਮਨ ਦੇ ਪਤੀ ਮੋਹਨ ਲਾਲ ਸੁਮਨ ਕਹਿੰਦੇ ਹਨ, "ਸਾਡੇ ਪਹਿਲਾਂ ਤੋਂ ਦੋ ਬੱਚੇ ਹਨ ਅਤੇ ਦੋਵੇਂ ਹੀ ਸਿਜ਼ੇਰੀਅਨ ਰਾਹੀਂ ਪੈਦਾ ਹੋਏ ਸਨ। ਬੱਚੇ ਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਨੂੰ ਆਪਣੀ ਮਾਂ ਤੋਂ ਦੂਰ ਕਰਨਾ ਪਿਆ, ਧਨਲੀ ਸੁਮਨ ਦੀ ਇਹ ਪੀੜਾ ਮੈਂ ਵੀ ਨਹੀਂ ਸਮਝ ਸਕਦਾ।"

ਉਹ ਕਹਿੰਦੇ ਹਨ, "ਚਾਰ ਮਈ ਦੀ ਸ਼ਾਮ ਪੰਜ ਵਜੇ ਧਨਲੀ ਨੇ ਬੱਚੇ ਨੂੰ ਜਨਮ ਦਿੱਤਾ, ਉਸ ਵੇਲੇ ਦੋਵੇਂ ਠੀਕ ਸਨ ਅਤੇ ਰਾਤ ਨੂੰ ਵੀ ਸਭ ਕੁਝ ਠੀਕ ਰਿਹਾ। ਪੰਜ ਮਈ ਦੀ ਸਵੇਰ ਕਰੀਬ ਪੰਜ ਵਜੇ ਬਲੀਡਿੰਗ ਹੋ ਰਹੀ ਸੀ। ਇੱਕ ਵਾਰ ਫਿਰ ਧਨਲੀ ਸੁਮਨ ਦਾ ਆਪ੍ਰੇਸ਼ਨ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗਾਇਨੀ ਵਾਰਡ ਵਿੱਚ ਸ਼ਿਫਟ ਕੀਤਾ ਗਿਆ, ਫਿਰ ਸ਼ਾਮ ਨੂੰ ਪੀਲੀਆ ਹੋ ਗਿਆ।"

ਮੋਹਨ ਕਹਿੰਦੇ ਹਨ, "ਪੰਜ ਮਈ ਦੀ ਰਾਤ ਨੂੰ ਨੇਫਰੋਲੋਜੀ ਵਿੱਚ ਸਿੱਧਾ ਵੈਂਟੀਲੇਟਰ 'ਤੇ ਰੱਖਿਆ ਗਿਆ, ਚਾਰ ਦਿਨ ਵੈਂਟੀਲੇਟਰ 'ਤੇ ਰਹੇ। ਉਨ੍ਹਾਂ ਨੇ ਬੱਚੇ ਨੂੰ ਆਈਸੀਯੂ ਵਿੱਚ ਦੇਖਿਆ, ਉਸ ਤੋਂ ਬਾਅਦ ਨਹੀਂ ਦੇਖਿਆ। ਬੱਚੇ ਦੀ ਭੂਆ ਉਸ ਦੀ ਦੇਖਭਾਲ ਕਰ ਰਹੀ ਹੈ।"

ਸੁਸ਼ੀਲਾ ਦੇ ਪਤੀ ਓਮ ਪ੍ਰਕਾਸ਼ ਨੇ ਬੀਬੀਸੀ ਨੂੰ ਫ਼ੋਨ 'ਤੇ ਦੱਸਿਆ, "ਇਹ ਸਾਡਾ ਪਹਿਲਾ ਬੱਚਾ ਹੈ। ਸੁਸ਼ੀਲਾ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੀ ਹੈ ਅਤੇ ਹੁਣ ਬੱਚੇ ਨੂੰ ਵੀ ਕੱਲ੍ਹ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਾਂ ਦਾ ਦੁੱਧ ਨਾ ਮਿਲਣ ਕਾਰਨ ਕਰੀਬ ਢਾਈ ਮਹੀਨੇ ਦੇ ਬੱਚੇ ਨੂੰ ਪਾਊਡਰ ਵਾਲਾ ਦੁੱਧ ਪਿਲਾਇਆ ਗਿਆ ਸੀ, ਜਿਸ ਕਾਰਨ ਉਸ ਦੇ ਪੇਟ ਵਿੱਚ ਗੰਢ ਪੈ ਗਈ ਹੈ।"

ਮਾਹਿਰ ਨੇ ਚੁੱਕਿਆ ਬੁਨਿਆਦੀ ਢਾਂਚੇ ਦਾ ਮੁੱਦਾ

ਛਾਇਆ ਪਚੌਲੀ - ਕੋਆਰਡੀਨੇਟਰ, ਜਨ ਸਿਹਤ ਅਭਿਆਨ ਰਾਜਸਥਾਨ

ਤਸਵੀਰ ਸਰੋਤ, Mohar Singh Meena/BBC

ਰਾਜਸਥਾਨ ਵਿੱਚ ਮਹਿਲਾ ਸਿਹਤ ਦੇ ਮੁੱਦਿਆਂ 'ਤੇ ਕੰਮ ਕਰਨ ਵਾਲੀ ਸੰਸਥਾ 'ਜਨ ਸਿਹਤ ਅਭਿਆਨ ਰਾਜਸਥਾਨ' ਦੇ ਕੋਆਰਡੀਨੇਟਰ ਛਾਇਆ ਪਚੌਲੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਸ ਮਾਮਲੇ ਨੂੰ ਬੇਹੱਦ ਗੰਭੀਰ ਦੱਸਿਆ।

ਉਨ੍ਹਾਂ ਕਿਹਾ, "ਕੋਟਾ ਅਤੇ ਹੋਰ ਥਾਵਾਂ 'ਤੇ ਹੋਈਆਂ ਮਾਵਾਂ ਦੀ ਮੌਤ ਦੀਆਂ ਘਟਨਾਵਾਂ ਨੂੰ ਸਿਰਫ਼ ਹਸਪਤਾਲ ਦੀ ਲਾਪਰਵਾਹੀ ਕਹਿ ਕੇ ਟਾਲਿਆ ਨਹੀਂ ਜਾ ਸਕਦਾ। ਇਹ ਮਾਵਾਂ ਦੀ ਸਿਹਤ ਵਿਵਸਥਾ 'ਚ ਜ਼ਮੀਨੀ ਪੱਧਰ ਤੋਂ ਲੈ ਕੇ ਮੈਡੀਕਲ ਕਾਲਜਾਂ ਤੱਕ ਦੀਆਂ ਕਮੀਆਂ ਨੂੰ ਦਰਸਾਉਂਦੀਆਂ ਹਨ।"

ਉਨ੍ਹਾਂ ਮੁਤਾਬਕ, "ਸਵਾਲ ਇਹ ਹੈ ਕਿ ਜੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀ ਪਛਾਣ, ਨਿਗਰਾਨੀ ਅਤੇ ਸਮੇਂ ਸਿਰ ਵੱਡੇ ਹਸਪਤਾਲਾਂ ਵਿੱਚ ਰੈਫ਼ਰ ਕਰਨ ਦੀ ਵਿਵਸਥਾ ਪ੍ਰਭਾਵਸ਼ਾਲੀ ਕਿਉਂ ਨਹੀਂ ਰਹੀ।"

ਛਾਇਆ ਪਚੌਲੀ ਨੇ ਕਿਹਾ, "ਜਿਨ੍ਹਾਂ ਹਸਪਤਾਲਾਂ ਵਿੱਚ ਮਹਿਲਾਵਾਂ ਦਾ ਇਲਾਜ ਹੋਇਆ, ਉੱਥੇ ਇਹ ਦੇਖਣਾ ਜ਼ਰੂਰੀ ਹੈ ਕਿ ਕੀ ਸਾਰੇ ਤੈਅ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਰਹੀ ਸੀ ਅਤੇ ਨਾਲ ਹੀ, ਕੀ ਉੱਥੇ ਉਚਿਤ ਗਿਣਤੀ ਵਿੱਚ ਮਾਹਿਰ ਡਾਕਟਰ, ਨਰਸਾਂ ਅਤੇ ਹੋਰ ਸਿਹਤ ਕਰਮਚਾਰੀ ਮੌਜੂਦ ਸਨ, ਕੀ ਮਰੀਜ਼ਾਂ ਨੂੰ ਗੁਣਵੱਤਾ ਵਾਲੀਆਂ ਦਵਾਈਆਂ ਉਪਲੱਬਧ ਕਰਵਾਈਆਂ ਗਈਆਂ ਸਨ।"

ਉਹ ਕਹਿੰਦੇ ਹਨ ਕਿ ਜੇਕਰ ਮੁੱਢਲੇ ਸਿਹਤ ਕੇਂਦਰਾਂ ਤੋਂ ਲੈ ਕੇ ਵੱਡੇ ਹਸਪਤਾਲਾਂ ਤੱਕ ਸਿਹਤ ਪ੍ਰਣਾਲੀ ਮਜ਼ਬੂਤ ਹੁੰਦੀ, ਤਾਂ ਕਈ ਮਹਿਲਾਵਾਂ ਦੀ ਜਾਨ ਬਚਾਈ ਜਾ ਸਕਦੀ ਸੀ ਅਤੇ ਗੰਭੀਰ ਸਿਹਤ ਸਮੱਸਿਆਵਾਂ ਨੂੰ ਵੀ ਰੋਕਿਆ ਜਾ ਸਕਦਾ ਸੀ।

ਉਨ੍ਹਾਂ ਕਿਹਾ, "ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ ਦੀ ਜਾਂਚ ਲਈ ਬਣਾਈਆਂ ਗਈਆਂ ਮਾਹਿਰ ਕਮੇਟੀਆਂ, ਜਿਨ੍ਹਾਂ ਵਿੱਚ ਏਮਜ਼ ਦਿੱਲੀ ਦੀ ਟੀਮ ਵੀ ਸ਼ਾਮਲ ਸੀ, ਉਨ੍ਹਾਂ ਦੀਆਂ ਰਿਪੋਰਟਾਂ ਅਜੇ ਤੱਕ ਜਨਤਕ ਨਹੀਂ ਕੀਤੀਆਂ ਗਈਆਂ ਹਨ।"

ਪਚੌਲੀ ਨੇ ਮੰਗ ਕੀਤੀ ਕਿ ਸਰਕਾਰ ਪਾਰਦਰਸ਼ਤਾ ਦਿਖਾਏ ਅਤੇ ਇਨ੍ਹਾਂ ਰਿਪੋਰਟਾਂ ਨੂੰ ਜਨਤਕ ਕਰੇ, ਤਾਂ ਜੋ ਮੌਤਾਂ ਦੇ ਅਸਲ ਕਾਰਨ ਸਾਹਮਣੇ ਆ ਸਕਣ, ਜ਼ਿੰਮੇਵਾਰੀ ਤੈਅ ਹੋ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)