ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, ਅਮਰੀਕਾ ਦੀ ਐੱਫਬੀਆਈ ਦੇ ਕਿਹੜੇ ਆਪ੍ਰੇਸ਼ਨ ਵਿੱਚ ਉਹ ਮੁਲਜ਼ਮ ਬਣੇ

ਤਸਵੀਰ ਸਰੋਤ, Pradeep Sharma/BBC
- ਲੇਖਕ, ਨਵਜੋਤ ਕੌਰ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਆਪਣੇ ਹੀ ਇੱਕ ਪੁਲਿਸ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਸਾਬਕਾ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਦੀ ਗ੍ਰਿਫ਼ਤਾਰੀ ਅਮਰੀਕਾ ਦੀ ਜਾਂਚ ਏਜੰਸੀ ਐੱਫਬੀਆਈ ਵੱਲੋਂ "ਆਪ੍ਰੇਸ਼ਨ ਹਾਰਡਬਾਲ" ਤਹਿਤ ਦਰਜ ਕੀਤੀ ਗਈ ਇੱਕ ਚਾਰਜਸ਼ੀਟ ਵਿੱਚ ਨਾਮ ਆਉਣ ਮਗਰੋਂ ਹੋਈ ਜਾਂਚ ਤੋਂ ਬਾਅਦ ਹੋਈ ਹੈ।
ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਗੁਰਿੰਦਰਜੀਤ ਨਾਗਰਾ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਮੁਲਜ਼ਮ ਧਿਰ ਦੇ ਵਕੀਲ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਅਦਾਲਤ ਨੇ ਗੁਰਿੰਦਰਜੀਤ ਨਾਗਰਾ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ ਅਤੇ 21 ਜੁਲਾਈ ਨੂੰ ਮੁੜ ਪੇਸ਼ੀ ਹੈ।
ਗੁਰਿੰਦਰਜੀਤ ਸਿੰਘ ਨਾਗਰਾ ਹੁਸ਼ਿਆਰਪੁਰ ਵਿੱਚ ਥਾਣਾ ਟਾਂਡਾ ਦੇ ਐੱਸਐੱਚਓ ਵੱਜੋਂ ਤਾਇਨਾਤ ਸਨ। ਐੱਫਬੀਆਈ ਦੀ ਚਾਰਜਸ਼ੀਟ ਵਿੱਚ ਨਾਮ ਆਉਣ ਮਗਰੋਂ ਉਨ੍ਹਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਸੀ ਅਤੇ ਥਾਣਾ ਟਾਂਡਾ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਸੀ।
ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਮੁਤਾਬਕ ਪੁਲਿਸ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਥਾਣੇ 'ਚ ਦਰਜ ਐਫਆਈਆਰ ਨੰਬਰ 20/2026 'ਚ ਹੀ ਵਾਧਾ ਕਰਕੇ ਗੁਰਿੰਦਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਜਾਂਚ ਬਾਰੇ ਕੀ ਦੱਸਿਆ

ਤਸਵੀਰ ਸਰੋਤ, Pradeep Sharma/BBC
ਜਲੰਧਰ ਰੇਂਜ ਦੇ ਡੀਆਈਜੀ ਦਫਤਰ ਵੱਲੋਂ ਇਸ ਮਾਮਲੇ 'ਚ ਜਾਰੀ ਪ੍ਰੈਸ ਨੋਟ ਮੁਤਾਬਕ, ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਅਮਰੀਕਾ ਵਿੱਚ ਰਹਿੰਦੇ ਪਰਿਵਾਰ ਤੋਂ ਜ਼ਬਰਦਸਤੀ ਵਸੂਲੀ ਕਰਨ ਅਤੇ ਗੈਰ-ਕਾਨੂੰਨੀ ਤਰੀਕੇ ਨਾਲ 16 ਲੱਖ ਰੁਪਏ ਲੈਣ ਵਿੱਚ ਸ਼ਾਮਲ ਪਾਏ ਗਏ ਹਨ।
ਪ੍ਰੈਸ ਨੋਟ ਮੁਤਾਬਕ, ਕਾਫ਼ੀ ਸਬੂਤ ਮਿਲਣ ਤੋਂ ਬਾਅਦ, ਇੰਸਪੈਕਟਰ ਗੁਰਿੰਦਰਜੀਤ ਨਾਗਰਾ ਨੂੰ ਐਫ਼ਆਈਆਰ ਨੰਬਰ 20 (ਮਿਤੀ 16.01.2026, ਥਾਣਾ ਟਾਂਡਾ, ਹੁਸ਼ਿਆਰਪੁਰ) ਵਿੱਚ ਮੁਲਜ਼ਮ ਬਣਾਇਆ ਗਿਆ ਹੈ। ਇਹ ਮਾਮਲਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਅਤੇ ਬੀਐਨਐੱਸ ਦੀ ਧਾਰਾ 308 ਤਹਿਤ ਦਰਜ ਕੀਤਾ ਗਿਆ ਹੈ।
ਇੰਸਪੈਕਟਰ ਗੁਰਿੰਦਰਜੀਤ ਨਾਗਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਉਚਿਤ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚਾਰਜਸ਼ੀਟ ਵਿੱਚ ਨਾਮ ਆਉਣ ਮਗਰੋਂ ਡੀਆਈਜੀ ਜਲੰਧਰ ਰੇਂਜ ਨੇ ਇੱਕ ਆਈਪੀਐੱਸ ਅਧਿਕਾਰੀ ਨੂੰ ਗੁਰਿੰਦਰਜੀਤ ਸਿੰਘ ਨਾਗਰਾ 'ਤੇ ਲੱਗੇ ਇਲਜ਼ਾਮਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਐੱਫਬੀਆਈ ਦੀ ਚਾਰਜਸ਼ੀਟ ਵਿੱਚ ਗੁਰਿੰਦਰਜੀਤ 'ਤੇ ਕੀ ਇਲਜ਼ਾਮ ਹਨ?

ਤਸਵੀਰ ਸਰੋਤ, BBC/Reuters/NCB
ਜੁਲਾਈ ਮਹੀਨੇ ਵਿੱਚ ਅਮਰੀਕਾ ਦੀ ਜਾਂਚ ਏਜੰਸੀ ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਖ਼ਿਲਾਫ਼ 4 ਲੱਖ ਅਮਰੀਕੀ ਡਾਲਰ ਦੀ ਫ਼ਿਰੌਤੀ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਸਾਬਕਾ ਐੱਸਐੱਚਓ ਗੁਰਿੰਦਰਜੀਤ ਨਾਗਰਾ ਉਨ੍ਹਾਂ 37 ਲੋਕਾਂ ਵਿੱਚੋਂ ਇੱਕ ਹੈ, ਜੋ ਅਮਰੀਕਾ ਨੂੰ ਜਬਰਨ ਵਸੂਲੀ ਅਤੇ ਹੋਰ ਅਪਰਾਧਾਂ ਲਈ ਲੋੜੀਂਦੇ ਹਨ।
ਇਸੇ ਸਾਲ ਟਾਂਡਾ ਦੇ ਮਿਆਣੀ ਪਿੰਡ ਵਿੱਚ ਬਲਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ। ਐੱਫਬੀਆਈ ਦੇ ਕੇਸ ਦਾ ਸਬੰਧ ਵੀ ਕਤਲ ਦੇ ਇਸੇ ਮਾਮਲੇ ਨਾਲ ਹੈ।
ਉਸ 'ਤੇ ਇਲਜ਼ਾਮ ਸਨ ਕਿ ਉਸਨੇ ਪੰਜਾਬ ਦੀ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਨਾਲ ਮਿਲ ਕੇ ਅਮਰੀਕਾ ਵਿੱਚ ਇੱਕ ਪਰਿਵਾਰ ਤੋਂ 4 ਲੱਖ ਅਮਰੀਕੀ ਡਾਲਰ ਦੀ ਫਿਰੌਤੀ ਮੰਗੀ ਸੀ।
ਐਫ਼ਬੀਆਈ ਵੱਲੋਂ ਲਾਏ ਗਏ ਇਲਜ਼ਾਮਾਂ ਮੁਤਾਬਕ, ਗੁਰਿੰਦਰਜੀਤ ਨਾਗਰਾ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਨੂੰ ਝੂਠੇ ਮੁਕਦਮੇ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਿਹਾ ਸੀ।
ਉਸ 'ਤੇ ਇਲਜ਼ਾਮ ਹੈ ਕਿ ਉਹ ਇਸ ਕਥਿਤ ਝੂਠੇ ਕੇਸ ਨੂੰ ਰਫ਼ਾ-ਦਫ਼ਾ ਕਰਨ ਦੇ ਬਦਲੇ ਵਿੱਚ ਪਰਿਵਾਰ ਤੋਂ ਫਿਰੌਤੀ ਦੀ ਮੰਗ ਕਰ ਰਿਹਾ ਸੀ।
ਐੱਫ਼ਬੀਆਈ ਨੇ ਇਸ ਪੂਰੇ ਮਾਮਲੇ ਸਬੰਧੀ ਇੱਕ ਵੀਡੀਓ ਬਿਆਨ ਜਾਰੀ ਕਰਨ ਦੇ ਨਾਲ-ਨਾਲ ਕੇਸ ਦੇ ਸਾਰੇ ਵੇਰਵੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਵੀ ਸਾਂਝੇ ਕੀਤੇ ਸਨ।
ਅਮਰੀਕਾ ਦਾ 'ਅਪ੍ਰੇਸ਼ਨ ਹਾਰਡਬਾਲ' ਕੀ ਹੈ?

ਤਸਵੀਰ ਸਰੋਤ, Getty Images
8 ਜੁਲਾਈ 2026 ਨੂੰ ਸੰਯੁਕਤ ਰਾਜ ਅਮਰੀਕਾ ਦੇ ਸੰਘੀ ਵਕੀਲਾਂ ਅਤੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫਬੀਆਈ) ਨੇ ਆਪਣੇ 'ਆਪ੍ਰੇਸ਼ਨ ਹਾਰਡਬਾਲ' ਤਹਿਤ ਦੁਨੀਆ ਭਰ ਵਿੱਚ ਅਪਰਾਧ ਫੈਲਾਉਣ ਦੇ ਮੁਲਜ਼ਮਾਂ ਖਿਲਾਫ਼ ਤਿੰਨ ਦੋਸ਼ ਪੱਤਰ (ਚਾਰਜਸ਼ੀਟ) ਪੇਸ਼ ਕੀਤੇ ਸਨ।
ਇਸ ਵਿੱਚ ਅਮਰੀਕਾ, ਕੈਨੇਡਾ, ਯੂਰਪ ਅਤੇ ਭਾਰਤ ਵਿੱਚ ਮੌਜੂਦ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈੱਟਵਰਕਾਂ ਨਾਲ ਸਬੰਧ ਰੱਖਣ ਵਾਲੇ 37 ਮੁਲਜ਼ਮਾਂ 'ਤੇ ਦੁਨੀਆਂ ਭਰ ਵਿੱਚ ਅਪਰਾਧ ਫੈਲਾਉਣ ਦੇ ਇਲਜ਼ਾਮ ਲਗਾਏ ਗਏ ਸਨ।
ਚਾਰਜਸ਼ੀਟ ਦੇ ਅਧਾਰ 'ਤੇ ਅਮਰੀਕੀ ਲਾਅ ਇੰਫੋਰਸਮੈਂਟ ਨੇ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ 'ਆਪ੍ਰੇਸ਼ਨ ਹਾਰਡਬਾਲ' ਨੂੰ ਚਲਾਉਣ ਵਾਲੀ ਮੁੱਖ ਏਜੰਸੀ ਹੈ। ਲਾਸ ਏਂਜਲਸ ਵਿੱਚ ਅਮਰੀਕੀ ਅਟਾਰਨੀ ਦਫ਼ਤਰ ਦੇ ਸੰਘੀ ਵਕੀਲਾਂ ਦੇ ਨਾਲ ਕੰਮ ਕਰਦੇ ਹੋਏ ਐੱਫਬੀਆਈ ਨੇ ਭਾਰਤ-ਅਧਾਰਿਤ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨੈੱਟਵਰਕਾਂ ਨੂੰ ਖਤਮ ਕਰਨ ਲਈ ਚਲ ਰਹੀ ਅੰਤਰਰਾਸ਼ਟਰੀ ਜਾਂਚ ਦੀ ਅਗਵਾਈ ਕੀਤੀ ਹੈ।
25 ਜੂਨ ਨੂੰ ਆਏ ਫੈਡਰਲ ਗ੍ਰੈਂਡ ਜਿਊਰੀ ਦੇ ਸੱਤ ਪੜਾਵੀ ਦੋਸ਼ ਪੱਤਰ ਵਿੱਚ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਰਵਿੰਦਰ ਸਿੰਘ ਢਾਂਡਾ 'ਤੇ ਅਪਰਾਧਿਕ ਗਿਰੋਹ ਚਲਾਉਣ ਦੇ ਇਲਜ਼ਾਮ ਲਗਾਏ ਗਏ ਹਨ, ਜੋ ਅਮਰੀਕਾ, ਕੈਨੇਡਾ ਸਮੇਤ ਦੁਨੀਆਂ ਭਰ ਵਿੱਚ ਸੁਪਾਰੀ ਦੇ ਕੇ ਕਤਲ ਕਰਵਾਉਣ, ਨਸ਼ਾ ਤਸਕਰੀ, ਅਗਵਾ, ਫ਼ਿਰੌਤੀ, ਹਥਿਆਰਾਂ ਦੀ ਤਸਕਰੀ ਅਤੇ ਹੋਰ ਅਪਰਾਧਾਂ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਹਨ।
ਇਸ ਵਿੱਚ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਹੈ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਪ੍ਰਤੀਕਿਰਿਆ ਦਿੱਤੀ ਸੀ

ਤਸਵੀਰ ਸਰੋਤ, Hindustan Times via Getty Images
ਲਾਰੈਂਸ ਬਿਸ਼ਨੋਈ ਗੈਂਗ ਖ਼ਿਲਾਫ਼ ਦੋਸ਼-ਪੱਤਰ 'ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਕਿਹਾ, "ਅਸੀਂ ਅਮਰੀਕੀ ਨਿਆਂ ਵਿਭਾਗ ਵੱਲੋਂ ਕਈ ਦੇਸ਼ਾਂ ਵਿੱਚ ਸਰਗਰਮ ਅੰਤਰਰਾਸ਼ਟਰੀ ਸੰਗਠਿਤ ਅਪਰਾਧਿਕ ਨੈੱਟਵਰਕਾਂ ਖ਼ਿਲਾਫ਼ ਦਾਇਰ ਕੀਤੇ ਗਏ ਦੋਸ਼-ਪੱਤਰਾਂ ਅਤੇ ਕੀਤੀ ਗਈ ਕਾਨੂੰਨੀ ਕਾਰਵਾਈ ਸੰਬੰਧੀ ਐਲਾਨਾਂ ਨੂੰ ਦੇਖਿਆ ਹੈ।"
"ਭਾਰਤ ਲਗਾਤਾਰ ਇਹ ਮੰਨਦਾ ਆਇਆ ਹੈ ਕਿ ਅੰਤਰਰਾਸ਼ਟਰੀ ਸੰਗਠਿਤ ਅਪਰਾਧ, ਦਹਿਸ਼ਤਗਰਦੀ, ਨਸ਼ਿਆਂ ਦੀ ਤਸਕਰੀ, ਮਨੁੱਖੀ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਇਨ੍ਹਾਂ ਨਾਲ ਜੁੜੇ ਅਪਰਾਧਿਕ ਨੈੱਟਵਰਕ ਸਾਡੇ ਸਮਾਜਾਂ ਲਈ ਇੱਕ ਗੰਭੀਰ ਖ਼ਤਰਾ ਹਨ।"
"ਭਾਰਤ ਅਤੇ ਅਮਰੀਕਾ ਵਿਚਕਾਰ ਦਹਿਸ਼ਤਗਰਦੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਜਿੱਠਣ ਲਈ ਮਜ਼ਬੂਤ ਅਤੇ ਲਗਾਤਾਰ ਵਧ ਰਿਹਾ ਸਹਿਯੋਗ ਹੈ। ਸਾਲਾਂ ਤੋਂ ਦੋਵੇਂ ਦੇਸ਼ਾਂ ਦੀਆਂ ਏਜੰਸੀਆਂ ਨੇ ਮਿਲ ਕੇ ਨਜ਼ਦੀਕੀ ਤੌਰ 'ਤੇ ਕੰਮ ਕੀਤਾ ਹੈ ਅਤੇ ਇਹ ਸਹਿਯੋਗ ਹੋਰ ਵੀ ਮਜ਼ਬੂਤ ਹੁੰਦਾ ਜਾ ਰਿਹਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















