ਉਸ ਬਜ਼ੁਰਗ ਮਹਿਲਾ ਦੀ ਕਹਾਣੀ ਜਿਸ ਨੇ ਡੀਐਨਏ ਜ਼ਰੀਏ ਕਈ ਅਣਸੁਲਝੇ ਕਤਲਾਂ ਦੀ ਗੁੱਥੀ ਨੂੰ ਸੁਲਝਾਇਆ, 'ਟਲਸਾ ਨਸਲੀ ਕਤਲੇਆਮ' ਬਾਰੇ ਉਸ ਨੇ ਕੀ ਦੱਸਿਆ

    • ਲੇਖਕ, ਬੀਬੀਸੀ ਆਊਟਲੁੱਕ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 9 ਮਿੰਟ

ਸਾਲ ਦਰ ਸਾਲ, ਛੁੱਟੀਆਂ ਦੌਰਾਨ ਮੇਜ਼ 'ਤੇ ਉਸ ਖਾਲੀ ਕੁਰਸੀ ਦੇ ਨਾਲ ਸਮਾਂ ਗੁਜ਼ਾਰਨਾ ਬਿਨ੍ਹਾਂ ਕੁਝ ਜਾਣੇ, ਬਹੁਤ ਦਰਦਨਾਕ ਹੈ। ਇਹ ਪਰਿਵਾਰਾਂ ਲਈ ਘੁਟਣ ਭਰਿਆ ਅਤੇ ਭਾਰੀ ਗ਼ਮ ਹੈ।

ਪੂਰੇ ਯੂਐਸ ਵਿੱਚ ਹਜ਼ਾਰਾਂ ਲਾਸ਼ਾਂ ਅਜਿਹੀਆਂ ਹਨ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਜਿਨ੍ਹਾਂ 'ਤੇ ਕਿਸੇ ਨੇ ਦਾਅਵਾ ਨਹੀਂ ਕੀਤਾ। ਇਨ੍ਹਾਂ ਵਿੱਚੋਂ ਬਹੁਤ ਲੋਕ ਜੁਰਮ ਦਾ ਸ਼ਿਕਾਰ ਹੋਏ ਹੁੰਦੇ ਹਨ। ਅਤੇ ਹਰ ਲਾਸ਼ ਪਿੱਛੇ ਕੋਈ ਪਰਿਵਾਰ ਹੁੰਦਾ ਹੈ, ਜੋ ਕਿਸੇ ਖ਼ਬਰ ਦੀ ਉਡੀਕ ਕਰ ਰਿਹਾ ਹੁੰਦਾ ਹੈ।

ਇਹ ਕਹਾਣੀ ਇੱਕ ਮਹਿਲਾ ਦੀ ਹੈ ਜਿਸ ਦੇ ਦਿਮਾਗ਼ ਵਿੱਚ ਅਚਾਨਕ ਆਏ ਵਿਚਾਰ ਨੇ ਸਭ ਤੋਂ ਚੁਣੌਤੀਪੂਰਨ ਅਣਸੁਲਝੇ ਕੇਸਾਂ ਨੂੰ ਸੁਲਝਾਉਣ ਲਈ ਇੱਕ ਨਵੀਂ ਤਕਨੀਕ ਦੀ ਵਰਤੋਂ ਦਾ ਰਾਹ ਪੱਧਰਾ ਕੀਤਾ।

ਗੱਲ 2017 ਦੀ ਹੈ। ਮਾਰਗਰੇਟ ਪ੍ਰੈਸ ਅਰਾਮ ਕਰਦਿਆਂ ਇੱਕ ਜਾਸੂਸੀ ਨਾਵਲ 'ਕਿਉ ਇਜ਼ ਫਾਰ ਕੁਐਰੀ' ਪੜ੍ਹ ਰਹੀ ਸੀ। ਇਹ ਨਾਵਲ ਜੋਨ ਡੋ ਵਜੋਂ ਜਾਣੀ ਜਾਂਦੀ ਇੱਕ ਅਣਪਛਾਤੀ ਮਹਿਲਾ 'ਤੇ ਅਧਾਰਿਤ ਸੀ ਜੋ ਲਗਭਗ ਪੰਜਾਹ ਸਾਲ ਪਹਿਲਾਂ ਕੈਲੀਫੋਰਨੀਆਂ ਦੀ ਇੱਕ ਪੱਥਰ ਦੀ ਖੱਡ(ਕੁਐਰੀ) ਵਿੱਚ ਮ੍ਰਿਤ ਮਿਲੀ ਸੀ।

ਪ੍ਰੈਸ ਹਾਲ ਹੀ ਵਿਚ ਕੰਪਿਊਟਰ ਪ੍ਰੋਗਰਾਮਰ ਦੇ ਆਪਣੇ ਕੰਮ ਤੋਂ ਰਿਟਾਇਰ ਹੋਈ ਸੀ ਅਤੇ ਆਪਣੇ ਪਰਿਵਾਰ ਪਿਛੋਕੜ ਦੀ ਖੋਜ ਦੇ ਸ਼ੌਂਕ ਵਿੱਚ ਜ਼ਿਆਦਾ ਸਮਾਂ ਬਿਤਾ ਰਹੀ ਸੀ।

ਪੜ੍ਹਦਿਆਂ ਪੜ੍ਹਦਿਆਂ ਅਚਾਨਕ ਉਨ੍ਹਾਂ ਦੇ ਦਿਮਾਗ਼ ਵਿੱਚ ਇੱਕ ਵਿਚਾਰ ਆਇਆ- ਕੀ ਹੋਵੇਗਾ ਜੇ ਉਹ ਡੀਐਨਏ ਤਕਨਾਲੋਜੀ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਅਤੇ ਪਰਿਵਾਰਕ ਇਤਿਹਾਸ ਨੂੰ ਆਪਸ ਵਿੱਚ ਜੋੜ ਕੇ ਕਤਲ ਹੋਏ ਲੋਕਾਂ ਦੀ ਪਛਾਣ ਕਰ ਸਕਣ ?

ਇਸ ਨੇ ਪੁੱਛਗਿੱਛ ਦੀ ਇੱਕ ਲੰਬੀ ਲੜੀ ਸ਼ੁਰੂ ਕਰ ਦਿੱਤੀ।

ਕਿਤਾਬ ਦੀ ਲੇਖਕਾ ਸੂ ਗ੍ਰਾਫਟਨ ਨੂੰ ਜਿਨ੍ਹਾਂ ਨੇ ਉਨ੍ਹਾ ਨੂੰ ਇਸ ਮਾਮਲੇ 'ਤੇ ਅੱਗੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ, ਸੈਂਟਾ ਬਾਰਬਰਾ ਸ਼ੈਰਿਫ ਦੇ ਦਫ਼ਤਰ ਨੂੰ ਜਿਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਵਪਾਰਕ ਡੀਐਨਏ ਟੈਸਟਿੰਗ ਕੰਪਨੀਆਂ ਨੂੰ ਜਿਨ੍ਹਾਂ ਨੇ ਅਣਪਛਾਤੀਆਂ ਲਾਸ਼ਾਂ ਦੇ ਡੀਐਨਏ ਨੂੰ ਆਪਣੇ ਡਾਟਾਬੇਸ ਵਿੱਚ ਸ਼ਾਮਲ ਕਰਨ ਦੀ ਉਨ੍ਹਾਂ ਦੀ ਬੇਨਤੀ ਨੂੰ ਖਾਰਜ ਕੀਤਾ।

ਪਰ ਮਾਰਗਰੇਟ ਪ੍ਰੈਸ ਨੂੰ ਆਪਣਾ ਮਿਸ਼ਨ ਮਿਲ ਗਿਆ ਸੀ ਅਤੇ ਉਹ ਹਾਰ ਨਹੀਂ ਮੰਨਣ ਵਾਲੀ ਸੀ। ਬਲਕਿ ਉਸ ਨੇ ਮਾਹਿਰਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਅਤੇ ਕਾਨਫਰੰਸਾਂ ਵਿੱਚ ਹਿੱਸਾ ਲਿਆ ਅਤੇ ਹਰ ਉਸ ਵਿਅਕਤੀ ਨੂੰ ਸਮਝਾਇਆ ਜੋ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਸੀ ਕਿ ਕਿਵੇਂ ਉਸ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਕੋਲ ਇਸ ਸਮੱਸਿਆ ਦਾ ਹੱਲ ਹੈ।

ਆਖ਼ਰਕਾਰ ਤਜਰਬੇਕਾਰ ਫੋਰੈਂਸਿਕ ਵੰਸ਼ਾਵਲੀ ਮਾਹਿਰ ਡਾ.ਕੋਲੀਨ ਫਿਟਜ਼ਪੈਟ੍ਰਿਕ ਜਿਨ੍ਹਾਂ ਦਾ ਕਾਨੂੰਨੀ ਏਜੰਸੀਆਂ ਨਾਲ ਸੰਪਰਕ ਸੀ, ਨੇ ਮਾਰਗਰੇਟ ਦੇ ਇਸ ਵਿਚਾਰ ਦੀ ਸਮਰੱਥਾ ਨੂੰ ਦੇਖਿਆ ਅਤੇ ਮਦਦ ਕਰਨ ਲਈ ਸਹਿਮਤ ਹੋ ਗਏ।

ਡੀ.ਐਨ.ਏ ਸੈਂਪਲ ਲੈਣ ਅਤੇ ਪ੍ਰੋਸੈਸਿੰਗ ਦੀਆਂ ਤਕਨੀਕਾਂ ਦੀ ਲਾਗਤ ਤੇਜ਼ੀ ਨਾਲ ਘਟ ਰਹੀ ਸੀ ਅਤੇ ਦੋਹੇਂ ਮਹਿਲਾਵਾਂ ਇਹ ਸਾਬਿਤ ਕਰਨ ਲਈ ਆਪਣੀ ਬੱਚਤ ਦੀ ਵਰਤੋਂ ਕਰਨ ਲਈ ਤਿਆਰ ਸਨ ਤਾਂ ਕਿ ਸਾਬਿਤ ਕਰ ਸਕਣ ਇਹ ਤਰੀਕਾ ਕੰਮ ਕਰ ਸਕਦਾ ਹੈ।

ਆਖਿਰਕਾਰ ਫਿਟਜ਼ਪੈਟ੍ਰਿਕ ਦੇ ਰੁਤਬੇ ਅਤੇ ਸੰਪਰਕਾਂ ਦੀ ਮਦਦ ਨਾਲ ਓਹਾਈਓ ਵਿੱਚ ਇੱਕ ਯੂਐਸ ਮਾਰਸ਼ਲ ਕਿਸੇ ਪੰਦਰਾਂ ਸਾਲ ਪੁਰਾਣੇ ਮਾਮਲੇ ਨਾਲ ਸਬੰਧਤ ਡੀਐਨਏ ਸੈਂਪਲ ਉਨ੍ਹਾਂ ਨੂੰ ਭੇਜਣ ਲਈ ਸਹਿਮਤ ਹੋ ਗਿਆ। ਉਸ ਨੇ ਬਾਕੀ ਤਰੀਕੇ ਅਜ਼ਮਾ ਕੇ ਦੇਖ ਲਏ ਸੀ ਅਤੇ ਅਸਫਲ ਰਿਹਾ ਸੀ।

ਪ੍ਰੈਸ ਉਸ ਪਲ ਨੂੰ ਬਹੁਤ ਹੀ ਅਜੀਬ ਅਤੇ ਕਾਲਪਨਿਕ ਜਾਪਣ ਵਾਲੇ ਪਲ ਵਜੋਂ ਯਾਦ ਕਰਦੀ ਹੈ। ਉਹ ਕਹਿੰਦੀ ਹੈ, "ਇੱਕ ਪਾਸੇ ਮੈਂ ਇੱਕ ਸੇਵਾਮੁਕਤ ਦਾਦੀ ਅਤੇ ਦੂਜੇ ਪਾਸੇ ਇੱਕ ਯੂਐਸ ਮਾਰਸ਼ਲ ਜਿਸ ਨੇ ਮੈਨੂੰ ਪੁੱਛਿਆ, ਮੈਂ ਬਾਕੀ ਬਚਿਆ ਡੀਐਨਏ ਕਿੱਥੇ ਭੇਜਾਂ ?"

ਪਹਿਲਾ ਕੇਸ ਸੁਲਝਾਉਣਾ

ਇਹ ਮਾਮਲੇ ਜੋਸਫ਼ ਮਿਊਟਨ ਚੈਂਡਲਰ 3 ਵਜੋਂ ਜਾਣੇ ਜਾਂਦੇ ਇੱਕ ਵਿਅਕਤੀ 'ਤੇ ਕੇਂਦਰਿਤ ਸੀ ਜੋ 2002 ਵਿੱਚ ਮ੍ਰਿਤਕ ਮਿਲਿਆ ਸੀ।

ਪੁਲਿਸ ਇਸ ਦੇ ਇੱਕ ਬਹੁਤ ਸਿੱਧਾ ਮਾਮਲਾ ਹੋਣ ਦੀ ਉਮੀਦ ਕਰ ਰਹੀ ਸੀ ਪਰ ਜਦੋਂ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਹੱਥ ਇੱਕ ਰਾਜ਼ ਲੱਗਿਆ। ਅਸਲੀ ਜੋਸਫ਼ ਨਿਊਟਨ ਚੈਂਡਲਰ 3, ਇੱਕ ਅੱਠ ਸਾਲ ਦਾ ਬੱਚਾ ਸੀ ਜਿਸ ਦੀ 1945 ਵਿੱਚ ਇੱਕ ਕਾਰ ਹਾਦਸੇ 'ਚ ਮੌਤ ਹੋ ਗਈ ਸੀ।

2002 ਵਿੱਚ ਮ੍ਰਿਤ ਮਿਲੇ ਇਸ ਆਦਮੀ ਨੇ ਉਸ ਦੀ ਪਛਾਣ ਚੁਰਾ ਲਈ ਸੀ ਅਤੇ ਪੁਲਿਸ ਉਨ੍ਹਾਂ ਦੇ ਡੀਐਨਏ ਡਾਟਾਬੇਸ ਵਿੱਚ ਉਸ ਦਾ 'ਮੈਚ' ਲੱਭਣ ਵਿੱਚ ਅਸਮਰਥ ਰਹੀ ਸੀ।

ਇਹ ਉਹ ਚੁਣੌਤੀ ਸੀ ਜਿਸ ਦੀ ਇਨ੍ਹਾਂ ਮਹਿਲਾਵਾਂ ਨੂੰ ਲੋੜ ਸੀ ਅਤੇ ਇੱਕ ਦਰਜਨ ਵਲੰਟੀਅਰਾਂ ਨਾਲ ਮਿਲ ਕੇ, ਉਨ੍ਹਾਂ ਨੇ ਡੀ.ਐਨ.ਏ ਮੇਲਾਂ ਰਾਹੀਂ ਉਸ ਦਾ ਫੈਮਿਲੀ ਟ੍ਰੀ ਤਿਆਰ ਕਰਨ ਲਈ ਆਪਣੇ ਤਰੀਕੇ ਦੀ ਵਰਤੋਂ ਕੀਤੀ।

ਇਸ ਵਿੱਚ ਤਕਰੀਬਨ ਇੱਕ ਸਾਲ ਦਾ ਸਮਾਂ ਲੱਗਿਆ ਪਰ ਆਖਿਰਕਾਰ ਇੱਕ ਰਾਤ ਸਵੇਰ ਦੇ ਦੋ ਵਜੇ ਉਨ੍ਹਾਂ ਨੇ ਉਸ ਵਿਅਕਤੀ ਨੂੰ ਲੱਭ ਲਿਆ ਜੋ ਸੀ ਰੌਬਰਟ ਆਈਵਨ ਨਿਕੋਲਸ।

ਨਿਕੋਲਸ ਦੇ ਬੇਟੇ ਨਾਲ ਡੀਐਨਏ ਮੈਚ ਹੋਣ ਦੇ ਬਾਵਜੂਦ, ਕਈ ਸਵਾਲ ਬਾਕੀ ਸਨ। ਦਹਾਕੇ ਪਹਿਲਾਂ ਨਿਕੋਲਸ ਅਚਾਨਕ ਆਪਣੇ ਪਰਿਵਾਰ ਨੂੰ ਛੱਡ ਕੇ ਕਿਉਂ ਚਲਾ ਗਿਆ ਸੀ ? ਉਸ ਨੇ ਇੱਕ ਵੱਖਰਾ ਨਾਮ ਕਿਉਂ ਅਪਣਾਇਆ ਸੀ ?

ਅੱਜ ਤੱਕ ਕੋਈ ਵੀ ਇਸ ਦਾ ਪੱਕਾ ਜਵਾਬ ਨਹੀਂ ਲੱਭ ਸਕਿਆ ਹੈ ਪਰ ਇਸ ਪਹਿਲੀ ਸਫਲਤਾ ਦਾ ਮਤਲਬ ਇਹ ਸੀ ਕਿ ਪ੍ਰੈਸ ਅਤੇ ਉਨ੍ਹਾਂ ਦੀ ਟੀਮ ਨੂੰ ਹੁਣ ਗੰਭੀਰਤਾ ਨਾਲ ਲਿਆ ਜਾਣ ਲੱਗਾ ਜਿਸ ਨਾਲ ਨਵੇਂ ਮਾਮਲਿਆਂ ਦੀ ਸੰਭਾਵਨਾ ਦੇ ਰਾਹ ਖੁੱਲ੍ਹ ਗਏ।

ਅਕਤੂਬਰ 2017 ਵਿੱਚ ਇਨ੍ਹਾਂ ਮਹਿਲਾਵਾਂ ਨੇ 'ਡੀਐਨਏ ਡੋ ਪ੍ਰੌਜੈਕਟ' ਦੀ ਇੱਕ ਐਨਜੀਓ ਵਜੋਂ ਨੀਂਹ ਰੱਖੀ।

"ਬੁਝਾਰਤਾਂ ਸੁਲਝਾਉਣਾ ਸਾਡੇ ਡੀਐਨਏ ਵਿੱਚ ਹੈ"

ਇਸ ਸੰਸਥਾ ਵਿੱਚ ਹੁਣ ਲਗਭਗ ਸੌ ਵਲੰਟੀਅਰ ਹਨ ਜਿਨ੍ਹਾਂ ਨੂੰ ਪ੍ਰੈਸ ਆਪਣਾ ਕਬੀਲਾ ਕਹਿੰਦੀ ਹੈ।

ਇਨ੍ਹਾਂ ਵਿੱਚ ਕਈ ਸੇਵਾਮੁਕਤ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ, ਜੋ ਵੱਖ ਵਖ ਪਿਛੋਕੜਾਂ ਤੋਂ ਆਉਂਦੇ ਹਨ ਅਤੇ ਉਨ੍ਹਾਂ ਸਾਰਿਆਂ ਦੀ ਦਿਲਚਸਪੀ ਇੱਕੋ ਜਿਹੀ ਹੈ।

ਉਹ ਦੱਸਦੇ ਹਨ, "ਸਾਨੂੰ ਜਵਾਬ ਲੱਭਣ ਲਈ ਖੋਜ ਕਰਨਾ ਬਹੁਤ ਪਸੰਦ ਹੈ। ਇਹ ਕਹਿਣਾ ਚੰਗਾ ਲਗਦਾ ਹੈ, 'ਇਹ ਰਿਹਾ ਇੱਕ ਸੁਰਾਗ' ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਇਸ ਮੁਹਿੰਮ ਦੇ ਪਿੱਛੇ ਦਾ ਜਜ਼ਬਾ ਹੈ ਕਿ ਜਦੋਂ ਕੋਈ ਮਰਦਾ ਹੈ ਤਾਂ ਹਰ ਕਿਸੇ ਨੂੰ ਉਸ ਦਾ ਨਾਮ ਮਿਲਣਾ ਚਾਹੀਦਾ ਹੈ। ਹਰ ਪਰਿਵਾਰ ਨੂੰ ਇਹ ਪਤਾ ਲੱਗਣ ਦਾ ਹੱਕ ਹੈ ਕਿ ਉਨ੍ਹਾਂ ਦੇ ਆਪਣੇ ਆਖਿਰਕਾਰ ਕਿੱਥੇ ਗਏ।"

ਬਕਸਕਿਨ ਗਰਲ

ਜਿਵੇਂ ਜਿਵੇਂ ਇਸ ਟੀਮ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ,ਹੋਰ ਵੀ ਮਾਮਲੇ ਸਾਹਮਣੇ ਆਉਣ ਲੱਗੇ। ਬਕਸਕਿਨ ਗਰਲ, ਇੱਕ ਮੁਟਿਆਰ ਸੀ ਜੋ 1981 ਵਿੱਚ ਉਹਾਈਓ ਵਿੱਚ ਇੱਕ ਸੜਕ ਕਿਨਾਰੇ ਕੱਤਲ਼ ਕੀਤੀ ਹੋਈ ਮਿਲੀ ਸੀ ਅਤੇ ਉਸ ਨੇ ਇੱਕ ਖਾਸ ਝਾਲਰਦਾਰ ਚਮੜੇ ਦਾ ਪੋਂਚੋ ਪਹਿਨਿਆ ਹੋਇਆ ਸੀ।

ਸੁਰੱਖਿਅਤ ਰੱਖੇ ਗਏ ਖੂਨ ਦੇ ਨਮੂਨਿਆਂ ਦੀ ਵਰਤੋਂ ਕਰਕੇ, ਪ੍ਰੈਸ ਦੀ ਟੀਮ ਨੇ ਉਸ ਦੀ ਪਛਾਣ 21 ਸਾਲਾ ਮਾਰਸ਼ੀਆ ਕਿੰਗ ਵਜੋਂ ਕੀਤੀ ਜੋ ਆਪਣੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਅਰਕਨਸਾਸ ਵਿੱਚ ਆਪਣੇ ਘਰ ਤੋਂ ਚਲੀ ਗਈ ਸੀ।

ਪ੍ਰੈਸ ਕਹਿੰਦੀ ਹੈ ਕਿ ਇੰਟਰਨੈਟ ਦੇ ਜ਼ਮਾਨੇ ਤੋਂ ਪਹਿਲਾਂ ਦੇ ਦਿਨਾਂ ਵਿੱਚ ਅਧਿਕਾਰੀਆਂ ਲਈ ਇਸ ਤਰ੍ਹਾਂ ਦੇ ਮਾਮਲੇ ਮੁਸ਼ਕਿਲ ਹੁੰਦੇ ਸਨ।

ਉਸ ਸਮੇਂ ਤੁਹਾਡੇ ਕੋਲ ਸਿਰਫ਼ ਸਥਾਨਕ ਅਖਬਾਰ ਹੀ ਹੁੰਦੇ ਸਨ। ਦੂਜੇ ਰਾਜਾਂ ਤੋਂ ਗੁੰਮਸ਼ੁਦਾ ਵਿਅਕਤੀਆਂ ਦੀਆਂ ਰਿਪੋਰਟਾਂ ਨਾਲ ਸੰਪਰਕ ਜੋੜਨ ਦਾ ਕੋਈ ਤਰੀਕਾ ਨਹੀਂ ਸੀ ਕਿਉਂਕਿ ਉਸ ਸਮੇਂ ਉਹ ਸਭ ਕਾਗਜ਼ਾਂ 'ਤੇ ਹੁੰਦੀਆਂ ਸਨ।

ਮਾਰਸ਼ੀਆ ਦੀ ਮਾਂ ਨੇ ਲਗਭਗ ਚਾਲੀ ਸਾਲ ਤੱਕ ਕਿਸੇ ਖ਼ਬਰ ਦੀ ਉਡੀਕ ਕੀਤੀ। ਉਨ੍ਹਾਂ ਨੇ ਆਪਣਾ ਫੋਨ ਨੰਬਰ ਉਹੀ ਰੱਖਿਆ ਅਤੇ ਘਰ ਵੀ ਨਹੀਂ ਬਦਲਿਆ ਬਸ ਇਸ ਉਮੀਦ ਵਿੱਚ ਕਿ ਉਨ੍ਹਾਂ ਦੀ ਧੀ ਕਦੇ ਦਰਵਾਜ਼ੇ ਤੋਂ ਅੰਦਰ ਲੰਘ ਜਾਵੇਗੀ।

ਅਤੇ ਇਸ ਤਰ੍ਹਾਂ ਉਸ ਦੀ ਪਛਾਣ ਹੋਣ 'ਤੇ ਇਸ ਮਾਮਲੇ ਨਾਲ ਜੁੜੇ ਹਰ ਵਿਅਕਤੀ ਦੇ ਮਨ ਵਿਚ ਵਲਵਲੇ ਸਨ।

ਪ੍ਰੈਸ ਦਾ ਕਹਿਣਾ ਹੈ, "ਰਿਸ਼ਤੇਦਾਰਾਂ ਲਈ ਇਹ ਖ਼ਬਰ ਮਿਲੇ ਜੁਲੇ ਜਜ਼ਬਾਤਾਂ ਵਾਲੀ ਹੁੰਦੀ ਹੈ ਜਿੱਥੇ ਉਨ੍ਹਾਂ ਨੂੰ ਇੱਕ ਸਮੇਂ ਜਵਾਬ ਤਾਂ ਮਿਲ ਜਾਂਦਾ ਹੈ ਪਰ ਇਹ ਉਹ ਜਵਾਬ ਨਹੀਂ ਹੁੰਦਾ ਜਿਸ ਦੀ ਉਹ ਉਮੀਦ ਕਰ ਰਹੇ ਹੁੰਦੇ ਹਨ।"

ਟਲਸਾ ਨਸਲੀ ਕਤਲੇਆਮ

ਪ੍ਰੈਸ ਕਹਿੰਦੀ ਹੈ ਕਿ ਜਦੋਂ ਉਨ੍ਹਾਂ ਨੂੰ ਪਹਿਲ ਵਾਰ 1921 ਦੇ ਟਲਸਾ ਨਸਲੀ ਕਤਲੇਆਮ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਦੀ ਪ੍ਰਤਕਿਰਿਆ ਹੈਰਾਨੀ ਅਤੇ ਦਹਿਸ਼ਤ ਵਾਲੀ ਸੀ। ਉਨ੍ਹਾਂ ਨੇ ਸਵਾਲ ਕੀਤਾ, 'ਸਾਨੂੰ ਇਸ ਬਾਰੇ ਕਦੇ ਕਿਉਂ ਨਹੀਂ ਦੱਸਿਆ ਗਿਆ ਸੀ ?'

ਯੂਐਸ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਨਸਲੀ ਕਤਲੇਆਮ ਹੋਣ ਦੇ ਬਾਵਜੂਦ ਜਿਸ ਵਿੱਚ ਇਕ ਹੋਰੇ ਲੋਕਾਂ ਦੀ ਭੀੜ ਨੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਬਲੈਕ ਵਾਲ ਸਟ੍ਰੀਟ ਕਹੇ ਜਾਣ ਵਾਲੇ ਇੱਕ ਵਧਦੇ ਫੁੱਲਦੇ ਵਪਾਰਕ ਖੇਤਰ ਨੂੰ ਤਬਾਹ ਕਰ ਦਿੱਤਾ ਸੀ।

ਕਈ ਗੋਰੇ ਅਮਰੀਕਆਂ ਦੀ ਤਰ੍ਹਾਂ ਪ੍ਰੈਸ ਨੇ ਵੀ ਇਸ ਬਾਰੇ ਸਕੂਲ ਵਿੱਚ ਨਹੀਂ ਪੜ੍ਹਿਆ ਸੀ। ਅਸੀਂ ਇਸ ਬਾਰੇ ਕਦੇ ਸੁਣਿਆ ਹੀ ਨਹੀਂ ਸੀ।

ਉਹ ਕਹਿੰਦੀ ਹੈ, "ਅਸੀਂ ਇਸ ਬਾਰੇ ਕਦੇ ਸੁਣਿਆ ਹੀ ਨਹੀਂ ਸੀ। ਬਹੁਤ ਸਾਰੇ ਲੋਕਾਂ ਨੇ ਇਸ ਘਟਨਾ ਦੇ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਸੀ- ਤੁਸੀਂ ਜਾਣਦੇ ਹੋ, ਲੋਕ ਕਹਿੰਦੇ ਸਨ ਕਿ ਲਾਸ਼ਾਂ ਕਿੱਥੇ ਹਨ? ਪੀੜਤ ਕਿੱਥੇ ਹਨ, ਹੈ ਨਾ ?"

ਟਲਸਾ ਸ਼ਹਿਰ ਨੇ ਕਤਲੇਆਮ ਵਿੱਚ ਮਾਰੇ ਗਏ ਮੰਨੇ ਜਾਣ ਵਾਲੇ ਲੋਕਾਂ ਦੀਆਂ ਲਾਸ਼ਾਂ ਬਾਰੇ ਪਤਾ ਲਗਾਉਣ, ਉਨ੍ਹਾਂ ਨੂੰ ਜ਼ਮੀਨ ਵਿੱਚ ਬਾਹਰ ਕੱਢਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ '1921 ਗ੍ਰੇਵਜ਼ ਇਨਵੈਸਟੀਗੇਸ਼ਨ' ਦੀ ਸ਼ੁਰੂਆਤ ਕੀਤੀ ਹੈ।

ਡੀ.ਐਨ.ਏ ਡੋ ਪ੍ਰੌਜੈਕਟ ਉਨ੍ਹਾਂ ਕਈ ਸੰਸਥਾਵਾਂ ਵਿੱਚੋ ਇੱਕ ਹੈ ਜਿਨ੍ਹਾਂ ਨੇ ਇਸ ਖੋਜ ਵਿੱਚ ਮਦਦ ਕੀਤੀ ਹੈ ਅਤੇ ਜੁਲਾਈ 2024 ਵਿੱਚ ਸ਼ਹਿਰ ਦੇ ਮੇਅਰ ਨੇ ਇੱਕ ਪੀੜਤ ਦੀ ਪਹਿਲ ਪਚਾਣ ਦਾ ਐਲਾਨ ਕੀਤਾ- ਸੀ.ਐਲ.ਡੈਨੀਅਲ ਜੋ ਕਿ ਪਹਿਲੇ ਵਿਸ਼ਵ ਯੁੱਧ ਦੇ ਇੱਕ ਅਨੁਭਵੀ ਫ਼ੌਜੀ ਸਨ ਅਤੇ ਅਮਰੀਕਾ ਵਿਚ ਜਾਰਜੀਆ ਵਿਖੇ ਆਪਣੀ ਮਾਂ ਦੇ ਕੋਲ ਘਰ ਵਾਪਸ ਜਾ ਰਹੇ ਸਨ।

ਪ੍ਰੈਸ ਨੇ ਕਿਹਾ, "ਉਹ ਬਹੁਤ ਭਾਵੁਕ ਪਲ ਸੀ। ਹੁਣ ਇਸ ਗੱਲ ਨੂੰ ਸਵੀਕਾਰ ਕਰਨਾ ਹੀ ਪਵੇਗਾ ਕਿਉਂਕਿ ਹੁਣ ਸਾਡੇ ਕੋਲ ਉਸ ਦਾ ਨਾਮ ਹੈ ਅਤੇ ਅਸੀਂ ਉਸ ਦਾ ਨਾਮ ਪੂਰੀ ਦੁਨੀਆਂ ਦੇ ਸਾਹਮਣੇ ਉੱਚੀ ਅਵਾਜ਼ ਵਿੱਚ ਲਵਾਂਗੇ।"

ਨਵੀਂ ਤਰ੍ਹਾਂ ਦਾ ਜਾਸੂਸੀ ਕੰਮ

ਸਿਰਫ਼ ਕੁਝ ਕ ਸਾਲਾਂ ਵਿੱਚ ਹੀ ਪ੍ਰੈਸ ਦਾ ਕੰਮ ਅਣਦੇਖੀਆਂ ਕੀਤੀਆਂ ਗਈਆਂ ਈਮੇਲਾਂ ਤੋਂ ਬਦਲ ਕੇ ਹੁਣ ਅਜਿਹਾ ਰੂਪ ਲੈ ਚੁੱਕਾ ਹੈ ਜਿੱਥੇ ਕਾਨੂੰਨੀ ਏਜੰਸੀਆਂ ਵੱਲੋਂ ਖ਼ੁਦ ਸਰਗਰਮੀ ਨਾਲ ਉਨ੍ਹਾਂ ਦੀ ਮਦਦ ਮੰਗ ਰਹੀਆਂ ਹਨ।

ਪ੍ਰੈਸ ਦਾ ਕਹਿਣਾ ਹੈ ਕਿ ਇਸ ਤਜਰਬੇ ਨੇ ਮੈਨੂੰ ਇਹ ਸਿਖਾਇਆ ਹੈ ਕਿ 'ਮੈਂ ਰਿਟਾਇਰਮੈਂਟ ਦੇ ਮਾਮਲੇ ਵਿੱਚ ਬਹੁਤੀ ਚੰਗੀ ਨਹੀਂ'।

ਦਰਅਸਲ, ਅਸਲ ਰਿਟਾਇਰਮੈਂਟ ਹਾਲੇ ਬਹੁਤ ਜਾਪਦੀ ਹੈ ਕਿਉਂਕਿ ਇਹ ਟੀਮ ਹੁਣ ਸੈਂਕੜੇ ਹੋਰ ਮਾਮਲਿਆਂ 'ਤੇ ਕੰਮ ਕਰ ਰਹੀ ਹੈ- ਜਿਸ ਵਿੱਚ ਕਿਉਂ ਫਾਰ ਕੁਐਰੀ ਦੀ ਉਹ ਕਹਾਣੀ ਵੀ ਸ਼ਾਮਲ ਹੈ ਜਿਸ ਨੇ ਇਸ ਸਭ ਦੀ ਸ਼ੁਰੂਆਤ ਕੀਤੀ ਸੀ।

ਪ੍ਰੈਸ ਕਹਿੰਦੀ ਹੈ, "ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਚੱਕਰ ਪੂਰਾ ਕਰ ਲਿਆ ਹੋਵੇ।"

ਉਸ ਨੇ ਦੁੱਖ ਜਤਾਇਆ ਕਿ ਉਨ੍ਹਾਂ ਨੂੰ ਆਪਣੇ ਇਸ ਸਿਧਾਂਤ 'ਤੇ ਅੱਗੇ ਵਧਣ ਲਈ ਉਤਸ਼ਾਹਿਤ ਕੰਨ ਵਾਲੇ ਲੇਖਕਾ ਸੂ ਗ੍ਰਾਫਟਨ ਹੁਣ ਉਨ੍ਹਾਂ ਨੂੰ ਇਸ ਬਾਰੇ ਕੰਮ ਕਰਦਿਆਂ ਦੇਖਣ ਲਈ ਜਿਉਂਦੇ ਨਹੀਂ ਹਨ।

ਪਰ ਪ੍ਰੈਸ ਨੂੰ ਪੂਰਾ ਯਕੀਨ ਹੈ ਕਿ ਉਹ ਇਹ ਜਾਣ ਕੇ ਬਹੁਤ ਹੈਰਾਨ ਅਤੇ ਖੁਸ਼ ਹੁੰਦੇ ਕਿ ਨਵੀਂ ਤਕਨਾਲੋਜੀ ਨੇ ਕਿੰਨਾ ਵੱਡਾ ਪ੍ਰਭਾਵ ਪਾਇਆ ਹੈ। ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਉਹ ਬਹੁਤ ਰੋਮਾਂਚਿਤ ਹੋਏ ਹੁੰਦੇ।"

ਮਾਰਗਰੇਟ ਪ੍ਰੈਸ ਨੇ ਬੀਬੀਸੀ ਵਰਲਡ ਸਰਵਿਸ 'ਤੇ ਆਊਟਲੁੱਕ ਨਾਲ ਗੱਲ ਕੀਤੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)