You’re viewing a text-only version of this website that uses less data. View the main version of the website including all images and videos.
'ਤੁਹਾਡੇ ਹੰਝੂ ਸਾਡੇ ਹੰਝੂ ਨੇ, ਕਪਤਾਨ', ਟ੍ਰਾਫ਼ੀ ਨਹੀਂ ਜਿੱਤੀ, ਫਿਰ ਵੀ ਮੇਸੀ ਇਸ ਵਰਲਡ ਕੱਪ ਦੇ ਸਭ ਤੋਂ ਵੱਡੇ ਹੀਰੋ ਕਿਉਂ ਰਹੇ?
"ਤੁਹਾਡੇ ਹੰਝੂ ਸਾਡੇ ਹੰਝੂ ਨੇ, ਕਪਤਾਨ।
ਤੁਸੀਂ ਸਾਨੂੰ ਜ਼ਿੰਦਗੀ ਦੀਆਂ ਸਭ ਤੋਂ ਵੱਡੀਆਂ ਖੁਸ਼ੀਆਂ ਦਿੱਤੀਆਂ ਹਨ। ਹਰ ਮੌਕਾ, ਹਰ ਜਾਦੂਈ ਪਲ ਅਤੇ ਆਖ਼ਰੀ ਸਕਿੰਟ ਤੱਕ ਸਭ ਕੁਝ ਝੋਂਕ ਦੇਣ ਲਈ ਤੁਹਾਡਾ ਧੰਨਵਾਦ।
ਸਾਨੂੰ ਹਮੇਸ਼ਾ ਤੁਹਾਡੇ 'ਤੇ ਮਾਣ ਰਹੇਗਾ।
ਅਸੀਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੇ, ਲਿਓ!"
ਅਰਜਨਟੀਨਾ ਫੁੱਟਬਾਲ ਫੈਡਰੇਸ਼ਨ ਨੇ ਫਾਈਨਲ ਮੁਕਾਬਲੇ ਵਿੱਚ ਆਪਣੀ ਟੀਮ ਦੀ ਸਪੇਨ ਹੱਥੋਂ ਹਾਰ ਅਤੇ ਆਪਣੇ ਸਟਾਰ ਖਿਡਾਰੀ ਲਿਓਨੇਲ ਮੇਸੀ ਦੀਆਂ ਭਾਵੁਕ ਤਸਵੀਰਾਂ ਤੋਂ ਬਾਅਦ ਐਕਸ 'ਤੇ ਇਹ ਪੋਸਟ ਪਾਈ।
ਅਜਿਹਾ ਲੱਗਦਾ ਹੈ ਕਿ ਲਿਓਨੇਲ ਮੇਸੀ ਨੇ ਅਰਜਨਟੀਨਾ ਨੂੰ ਸਿਰਫ਼ ਜਿੱਤਣਾ ਹੀ ਨਹੀਂ, ਸਗੋਂ ਹਾਰ ਵਿੱਚ ਗਰਿਮਾ ਨਾਲ ਰੋਣਾ ਵੀ ਸਿਖਾਇਆ ਹੈ।
ਕਤਰ ਵਰਲਡ ਕੱਪ 2022 ਵਿੱਚ ਖ਼ਿਤਾਬ ਜਿੱਤਣ ਦੀ ਖੁਸ਼ੀ ਵਿੱਚ ਵਹੇ ਹੰਝੂ ਹੋਣ ਜਾਂ ਫਿਰ ਐਤਵਾਰ ਨੂੰ ਨਿਊ ਜਰਸੀ ਵਿੱਚ ਸਪੇਨ ਖ਼ਿਲਾਫ਼ ਫਾਈਨਲ ਹਾਰਨ ਤੋਂ ਬਾਅਦ ਦੀ ਭਾਵੁਕ ਵਿਦਾਈ - ਦੋਵੇਂ ਮੌਕਿਆਂ 'ਤੇ ਮੇਸੀ ਨੇ ਆਪਣੇ ਵਿਵਹਾਰ ਨਾਲ ਮਿਸਾਲ ਕਾਇਮ ਕੀਤੀ।
ਇਸ ਵਰਲਡ ਕੱਪ ਵਿੱਚ ਮੇਸੀ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ। ਭਾਵੇਂ ਇਸ ਵਾਰ ਉਹ ਟ੍ਰਾਫ਼ੀ, ਵਿਅਕਤੀਗਤ ਇਨਾਮ ਜਾਂ ਕੋਈ ਸਨਮਾਨ ਆਪਣੇ ਨਾਮ ਨਹੀਂ ਕਰ ਸਕੇ, ਪਰ ਉਨ੍ਹਾਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ।
39 ਸਾਲਾ ਮੇਸੀ ਨੇ ਪੂਰੇ ਟੂਰਨਾਮੈਂਟ ਵਿੱਚ ਅੱਠ ਗੋਲ ਕੀਤੇ, ਚਾਰ ਅਸਿਸਟ ਦਿੱਤੇ ਅਤੇ ਸੱਤ ਮੈਚਾਂ ਵਿੱਚ ਅਰਜਨਟੀਨਾ ਦੇ 12 ਗੋਲਾਂ ਵਿੱਚ ਸਿੱਧਾ ਯੋਗਦਾਨ ਪਾਇਆ।
ਇੰਨਾ ਹੀ ਨਹੀਂ, ਉਨ੍ਹਾਂ ਨੇ ਅਰਜਨਟੀਨਾ ਨੂੰ ਲਗਾਤਾਰ ਦੂਜੀ ਵਾਰ ਵਰਲਡ ਕੱਪ ਫਾਈਨਲ ਤੱਕ ਪਹੁੰਚਾਇਆ। ਇਹ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਤੀਜਾ ਵਰਲਡ ਕੱਪ ਫਾਈਨਲ ਵੀ ਸੀ।
ਅੱਖਾਂ ਵਿੱਚ ਹੰਝੂ ਤੇ ਕਰੀਅਰ ਨੂੰ ਲੈਕੇ ਅਨਿਸ਼ਚਿਤਤਾ
ਵਰਲਡ ਕੱਪ ਫਾਈਨਲ ਵਿੱਚ ਸਪੇਨ ਤੋਂ ਮਿਲੀ ਹਾਰ ਤੋਂ ਬਾਅਦ ਲਿਓਨੇਲ ਮੇਸੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਨੂੰ ਲੈਕੇ ਵੀ ਅਨਿਸ਼ਚਿਤਤਾ ਵਧ ਗਈ ਹੈ।
ਐਤਵਾਰ ਨੂੰ ਮੈਟਲਾਈਫ਼ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਉਹ ਅਰਜਨਟੀਨਾ ਨੂੰ ਹਾਰ ਤੋਂ ਬਚਾਉਣ ਲਈ ਉਸ ਤਰ੍ਹਾਂ ਦਾ ਜਾਦੂਈ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਦੀ ਉਨ੍ਹਾਂ ਤੋਂ ਉਮੀਦ ਸੀ।
ਐਕਸਟਰਾ ਟਾਈਮ ਦੇ ਦੂਜੇ ਹਾਫ਼ ਦੀ ਸ਼ੁਰੂਆਤ ਤੋਂ ਸਿਰਫ਼ 37 ਸਕਿੰਟ ਬਾਅਦ ਫੇਰਾਨ ਟੋਰੇਸ ਨੇ ਜੇਤੂ ਗੋਲ ਕੀਤਾ, ਜਿਸ ਦੀ ਬਦੌਲਤ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਆਪਣਾ ਦੂਜਾ ਵਰਲਡ ਕੱਪ ਖ਼ਿਤਾਬ ਜਿੱਤ ਲਿਆ।
ਇਸ ਹਾਰ ਨਾਲ ਮੇਸੀ ਅਤੇ ਅਰਜਨਟੀਨਾ ਦਾ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਵੀ ਟੁੱਟ ਗਿਆ। ਜੇਕਰ ਅਰਜਨਟੀਨਾ ਇਹ ਮੁਕਾਬਲਾ ਜਿੱਤ ਜਾਂਦੀ, ਤਾਂ ਉਹ 1962 ਵਿੱਚ ਬ੍ਰਾਜ਼ੀਲ ਤੋਂ ਬਾਅਦ ਲਗਾਤਾਰ ਦੋ ਪੁਰਸ਼ ਫੁੱਟਬਾਲ ਵਰਲਡ ਕੱਪ ਜਿੱਤਣ ਵਾਲੀ ਪਹਿਲੀ ਟੀਮ ਬਣ ਜਾਂਦੀ।
ਅਰਜਨਟੀਨਾ ਦੇ ਮੁੱਖ ਕੋਚ ਲਿਓਨੇਲ ਸਕਾਲੋਨੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਹਰ ਕੋਈ ਮੇਸੀ ਅਤੇ ਉਨ੍ਹਾਂ ਦੀਆਂ ਉਪਲੱਬਧੀਆਂ 'ਤੇ ਮਾਣ ਕਰੇਗਾ, ਕਿਉਂਕਿ ਮੈਂ ਮੰਨਦਾ ਹਾਂ ਕਿ ਉਹ ਮੈਦਾਨ 'ਤੇ ਖੇਡਣ ਵਾਲੇ ਹੁਣ ਤੱਕ ਦੇ ਸਭ ਤੋਂ ਮਹਾਨ ਫੁੱਟਬਾਲਰ ਹਨ।"
ਹੁਣ ਇਹ ਦੇਖਣਾ ਬਾਕੀ ਹੈ ਕਿ ਕੀ ਇਹ ਅਰਜਨਟੀਨਾ ਦੀ ਜਰਸੀ ਵਿੱਚ ਲਿਓਨੇਲ ਮੇਸੀ ਦਾ ਆਖ਼ਰੀ ਮੁਕਾਬਲਾ ਸੀ।
ਮੇਸੀ ਨੇ ਪਹਿਲਾਂ ਕਿਹਾ ਸੀ ਕਿ 2022 ਵਰਲਡ ਕੱਪ ਉਨ੍ਹਾਂ ਦਾ ਆਖ਼ਰੀ ਵਰਲਡ ਕੱਪ ਹੋਵੇਗਾ, ਪਰ ਪਿਛਲੇ ਮਹੀਨੇ 39 ਸਾਲਾ ਮੇਸੀ ਵਰਲਡ ਕੱਪ ਦੇ ਇਤਿਹਾਸ ਵਿੱਚ ਛੇ ਵਰਲਡ ਕੱਪ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ।
ਸਕਾਲੋਨੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਮੇਸੀ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਕਿ ਅੱਠ ਵਾਰ ਦੇ ਬੈਲਨ ਡੀ'ਓਰ ਜੇਤੂ ਖਿਡਾਰੀ ਅਰਜਨਟੀਨਾ ਲਈ ਖੇਡਣਾ ਜਾਰੀ ਰੱਖਣਗੇ ਜਾਂ ਨਹੀਂ। ਮੇਸੀ ਅਤੇ ਅਰਜਨਟੀਨਾ ਦੇ ਹੋਰ ਖਿਡਾਰੀਆਂ ਨੇ ਵੀ ਮੈਟਲਾਈਫ਼ ਸਟੇਡੀਅਮ ਤੋਂ ਬਾਹਰ ਨਿਕਲਦੇ ਸਮੇਂ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ।
ਕਦੇ ਹਾਰ ਨਾ ਮੰਨਣ ਦਾ ਜਜ਼ਬਾ
80,663 ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸਟੇਡੀਅਮ ਵਿੱਚ ਜ਼ਿਆਦਾਤਰ ਪ੍ਰਸ਼ੰਸਕ ਮੇਸੀ ਨੂੰ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਦਾ ਦੇਖਣਾ ਚਾਹੁੰਦੇ ਸਨ, ਪਰ ਅਜਿਹਾ ਨਹੀਂ ਹੋ ਸਕਿਆ। ਮੁਕਾਬਲੇ ਤੋਂ ਬਾਅਦ ਮੇਸੀ ਦੀਆਂ ਅੱਖਾਂ ਨਮ ਸਨ ਅਤੇ ਉਨ੍ਹਾਂ ਦੇ ਚਿਹਰੇ 'ਤੇ ਡੂੰਘੀ ਨਿਰਾਸ਼ਾ ਸਾਫ਼ ਝਲਕ ਰਹੀ ਸੀ।
ਉਹ ਆਪਣੇ ਸਾਥੀਆਂ ਨਾਲ ਸਟੇਡੀਅਮ ਦੇ ਦੱਖਣੀ ਹਿੱਸੇ ਵਿੱਚ ਮੌਜੂਦ ਅਰਜਨਟੀਨਾ ਦੇ ਪ੍ਰਸ਼ੰਸਕਾਂ ਦਾ ਸਨਮਾਨ ਸਵੀਕਾਰ ਕਰ ਰਹੇ ਸਨ, ਜੋ ਤਾੜੀਆਂ ਵਜਾ ਕੇ ਅਤੇ ਝੁਕ ਕੇ ਉਨ੍ਹਾਂ ਦਾ ਸਨਮਾਨ ਕਰ ਰਹੇ ਸਨ। ਉਸੇ ਸਮੇਂ ਮੈਦਾਨ ਦੇ ਵਿਚਕਾਰ ਬਣੇ ਮੰਚ 'ਤੇ ਸਪੇਨ ਦੇ ਖਿਡਾਰੀ ਵਰਲਡ ਕੱਪ ਟਰਾਫ਼ੀ ਚੁੱਕ ਕੇ ਜਿੱਤ ਦਾ ਜਸ਼ਨ ਮਨਾ ਰਹੇ ਸਨ।
ਜਿਸ ਉਮਰ ਵਿੱਚ ਜ਼ਿਆਦਾਤਰ ਮਹਾਨ ਖਿਡਾਰੀ ਸੰਨਿਆਸ ਲੈ ਚੁੱਕੇ ਹੁੰਦੇ ਹਨ, ਉਸ ਉਮਰ ਵਿੱਚ ਵੀ ਲਿਓਨੇਲ ਮੇਸੀ ਜਦੋਂ ਮੈਦਾਨ ਵਿੱਚ ਉਤਰਦੇ ਹਨ ਤਾਂ ਦਰਸ਼ਕ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ।
ਮੈਟਲਾਈਫ਼ ਸਟੇਡੀਅਮ ਵਿੱਚ ਵੀ ਉਨ੍ਹਾਂ ਨੂੰ ਅਜਿਹਾ ਹੀ ਸਨਮਾਨ ਮਿਲਿਆ। ਡਿਏਗੋ ਮਾਰਾਡੋਨਾ ਤੋਂ ਬਾਅਦ ਅਰਜਨਟੀਨਾ ਦੀ ਮਸ਼ਹੂਰ ਨੰਬਰ 10 ਜਰਸੀ ਪਹਿਨਣ ਵਾਲੇ ਕਿਸੇ ਖਿਡਾਰੀ ਲਈ ਅਜਿਹਾ ਸਨਮਾਨ ਹਾਸਿਲ ਕਰਨਾ ਕਦੇ ਨਾਮੁਮਕਿਨ ਜਿਹਾ ਮੰਨਿਆ ਜਾਂਦਾ ਸੀ।
ਇਸ ਵਰਲਡ ਕੱਪ ਵਿੱਚ ਮੇਸੀ ਨੇ ਇਹ ਵੀ ਦਿਖਾਇਆ ਕਿ ਫੁੱਟਬਾਲ ਨੂੰ ਖੇਡਣ ਅਤੇ ਜਿਉਣ ਦਾ ਇੱਕ ਵੱਖਰਾ ਤਰੀਕਾ ਵੀ ਹੋ ਸਕਦਾ ਹੈ। ਉਨ੍ਹਾਂ ਨੇ ਸਾਬਿਤ ਕੀਤਾ ਕਿ ਖੇਡ ਵਿੱਚ ਜਜ਼ਬੇ ਅਤੇ ਭਾਵਨਾਵਾਂ ਦੇ ਨਾਲ-ਨਾਲ ਸੰਜਮ ਵੀ ਓਨਾ ਹੀ ਮਹੱਤਵਪੂਰਨ ਹੈ। ਮੇਸੀ ਨੇ ਆਪਣੇ ਪ੍ਰਦਰਸ਼ਨ ਨਾਲ ਇਹ ਸੰਦੇਸ਼ ਦਿੱਤਾ ਕਿ ਫੁੱਟਬਾਲ ਵਿੱਚ ਭਾਵਨਾਵਾਂ ਨੂੰ ਕਾਬੂ ਵਿੱਚ ਰੱਖਦੇ ਹੋਏ ਵੀ ਮਹਾਨਤਾ ਹਾਸਿਲ ਕੀਤੀ ਜਾ ਸਕਦੀ ਹੈ।
ਅਤੇ ਇਸ ਤੋਂ ਵਧ ਕੇ, ਉਨ੍ਹਾਂ ਨੇ ਆਪਣੇ ਪੂਰੇ ਸਫ਼ਰ ਰਾਹੀਂ ਇੱਕ ਹੀ ਸੰਦੇਸ਼ ਦਿੱਤਾ- ਕਦੇ ਹਾਰ ਨਾ ਮੰਨੋ, ਕਦੇ ਹਾਰ ਸਵੀਕਾਰ ਨਾ ਕਰੋ। ਇਹੀ ਜਜ਼ਬਾ ਉਨ੍ਹਾਂ ਦੀ ਸਭ ਤੋਂ ਵੱਡੀ ਪਹਿਚਾਣ ਰਿਹਾ ਅਤੇ ਇਹੀ ਉਨ੍ਹਾਂ ਦੀ ਵਿਰਾਸਤ ਵੀ ਹੈ।
ਮੈਦਾਨ 'ਤੇ ਬਾਦਸ਼ਾਹਤ
ਸਾਲ 2026 ਵਰਲਡ ਕੱਪ ਵਿੱਚ ਅਰਜਨਟੀਨਾ ਟੀਮ ਨੇ ਤਿੰਨ ਵਾਰ ਪਿੱਛੇ ਰਹਿ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਇੱਕ ਕੇਪ ਵਰਡੇ ਦੇ ਖ਼ਿਲਾਫ਼, ਜਿਸਨੇ ਦੋ ਵਾਰ ਬਰਾਬਰੀ ਹਾਸਿਲ ਕੀਤੀ; ਫਿਰ ਮਿਸਰ ਦੇ ਖ਼ਿਲਾਫ਼, ਜਿਸ ਨੇ ਦੋ ਗੋਲਾਂ ਦੀ ਲੀਡ ਬਣਾ ਲਈ ਸੀ; ਅਤੇ ਫਿਰ ਇੰਗਲੈਂਡ ਖ਼ਿਲਾਫ਼, ਜਿੱਥੇ 84ਵੇਂ ਮਿੰਟ ਤੱਕ ਅਜਿਹਾ ਲੱਗ ਰਿਹਾ ਸੀ ਕਿ ਅਰਜਨਟੀਨਾ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗਾ।
ਇਨ੍ਹਾਂ ਸਾਰੇ ਮੁਕਾਬਲਿਆਂ ਵਿੱਚ ਟੀਮ ਨੇ ਭਾਵਨਾਵਾਂ 'ਤੇ ਕਾਬੂ ਰੱਖਦਿਆਂ ਵਾਪਸੀ ਕੀਤੀ। ਘਬਰਾਹਟ ਜਾਂ ਜਲਦਬਾਜ਼ੀ ਵਿੱਚ ਨਹੀਂ, ਸਗੋਂ ਸੰਜਮ ਅਤੇ ਗੇਂਦ 'ਤੇ ਕਾਬੂ ਰੱਖਦੇ ਹੋਏ।
ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਜਿੱਤਣ ਤੋਂ ਬਾਅਦ ਮੇਸੀ ਨੇ ਕਿਹਾ ਸੀ, "ਇਹ ਸਭ ਜਿਸ ਤਰ੍ਹਾਂ ਹੋ ਰਿਹਾ ਹੈ, ਉਹ ਗਜ਼ਬ ਹੈ। ਸੱਚ ਕਹਾਂ ਤਾਂ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਮੈਨੂੰ ਇਸ ਟੀਮ 'ਤੇ ਪੂਰਾ ਭਰੋਸਾ ਸੀ। ਮੈਨੂੰ ਯਕੀਨ ਸੀ ਕਿ ਅਸੀਂ ਆਖ਼ਰੀ ਚਾਰ ਵਿੱਚ ਪਹੁੰਚਾਂਗੇ ਅਤੇ ਖ਼ਿਤਾਬ ਲਈ ਲੜਾਂਗੇ। ਹੁਣ ਅਸੀਂ ਫਾਈਨਲ ਵਿੱਚ ਹਾਂ।"
ਪੂਰੇ ਪੰਜ ਹਫ਼ਤੇ ਚੱਲੇ ਇਸ ਵਰਲਡ ਕੱਪ ਵਿੱਚ ਮੇਸੀ ਨੇ ਜੋ ਹਾਸਿਲ ਕੀਤਾ ਅਤੇ ਜਿਸ ਪੱਧਰ ਦਾ ਪ੍ਰਦਰਸ਼ਨ ਕੀਤਾ, ਉਹ ਇੰਨਾ ਕਮਾਲ ਹੈ ਕਿ ਬਹੁਤ ਘੱਟ ਲੋਕ ਇਹ ਮੰਨਣ ਲਈ ਤਿਆਰ ਹੋਣਗੇ ਕਿ ਲਗਭਗ 40 ਸਾਲ ਦੇ ਹੋਣ ਦੇ ਬਾਵਜੂਦ ਇਹ ਮੇਸੀ ਦਾ ਆਖ਼ਰੀ ਵਰਲਡ ਕੱਪ ਸੀ। ਜਦਕਿ ਖੁਦ ਮੇਸੀ ਕਹਿ ਚੁੱਕੇ ਹਨ ਕਿ ਉਹ ਕਿਸੇ ਹੋਰ ਵਰਲਡ ਕੱਪ ਵਿੱਚ ਨਹੀਂ ਖੇਡਣਗੇ।
ਅਤੇ ਜੇਕਰ ਇਹ ਸੱਚਮੁੱਚ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਆਖ਼ਰੀ ਨਜ਼ਾਰਾ ਸੀ, ਤਾਂ ਸ਼ਾਇਦ ਇਸ ਤੋਂ ਬਿਹਤਰ ਵਿਦਾਈ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਭਾਵੇਂ ਇਸ ਵਰਲਡ ਕੱਪ ਦੇ ਬੈਸਟ ਖਿਡਾਰੀ ਦਾ ਗੋਲਡਨ ਬਾਲ ਪੁਰਸਕਾਰ ਸਪੇਨ ਦੇ ਕਪਤਾਨ ਰੋਡਰੀ ਨੂੰ ਮਿਲਿਆ, ਜੋ ਇਸ ਦੇ ਹੱਕਦਾਰ ਵੀ ਸਨ, ਪਰ ਇਸ ਟੂਰਨਾਮੈਂਟ ਵਿੱਚ ਲਿਓਨੇਲ ਮੇਸੀ ਨੇ ਜੋ ਕੀਤਾ, ਉਹ ਫੁੱਟਬਾਲ ਦੇ ਇਤਿਹਾਸ ਵਿੱਚ ਹਮੇਸ਼ਾ ਦਰਜ ਰਹੇਗਾ।
ਕਿਉਂਕਿ ਸ਼ਾਇਦ ਹੀ ਕੋਈ ਖਿਡਾਰੀ ਇੰਨੇ ਲੰਬੇ ਸਮੇਂ ਤੱਕ ਵਿਸ਼ਵ ਫੁੱਟਬਾਲ ਦੇ ਸਿਖਰ 'ਤੇ ਰਿਹਾ ਹੋਵੇ, ਇੰਨੀ ਨਿਰੰਤਰਤਾ ਅਤੇ ਸਮਝਦਾਰੀ ਨਾਲ ਖੇਡਿਆ ਹੋਵੇ, ਅਤੇ ਜਿਸ ਨੇ ਵਰਲਡ ਕੱਪ ਵਰਗੇ ਸਭ ਤੋਂ ਵੱਡੇ ਮੰਚ ਨੂੰ ਆਪਣਾ ਘਰ ਬਣਾ ਲਿਆ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ